ਲੈਂਡ ਪੂਲਿੰਗ ਨੀਤੀ ਵਾਪਸ ਲੈਣਾ ਲੋਕ ਆਵਾਜ਼ ਦੀ ਜਿੱਤ: ਪਲਸ ਮੰਚ
ਚੰਡੀਗੜ੍ਹ, 11 ਅਗਸਤ 2025-ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲਿਖਤੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਲੋਕ ਆਵਾਜ਼ ਅੱਗੇ ਝੁਕ ਕੇ ਲੈਂਡ ਪੂਲਿੰਗ ਨੀਤੀ ਰੱਦ ਕਰਨਾ ਪੰਜਾਬ ਦੇ ਕਿਰਤੀ ਕਿਸਾਨਾਂ, ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ, ਰੰਗ ਕਰਮੀਆਂ, ਤਰਕਸ਼ੀਲਾਂ ਅਤੇ ਜਮਹੂਰੀਅਤ ਪਸੰਦ ਲੋਕਾਂ ਦੇ ਇੱਕ ਆਵਾਜ਼ ਹੋ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨ ਦੀ ਇਤਿਹਾਸਕ ਜਿੱਤ ਹੈ। ਉਹਨਾਂ ਕਿਹਾ ਕਿ ਇਸ ਜਿੱਤ ਨੇ ਇੱਕ ਵਾਰ ਫਿਰ ਇਹ ਦਰਸਾ ਦਿੱਤਾ ਹੈ ਕਿ ਸਰਵੋਤਮ ਸ਼ਕਤੀ ਲੋਕ ਹੀ ਹੁੰਦੇ ਨੇ। ਉਹ ਦੁਨੀਆਂ ਦੀ ਵੱਡੀ ਤੋਂ ਵੱਡੀ ਮਹਾਂ ਸਕਤੀ ਨੂੰ ਵੀ ਸੱਚ ਅੱਗੇ ਗੋਡਿਆਂ ਪਰਨੇ ਹੋਣ ਲਈ ਮਜ਼ਬੂਰ ਕਰ ਦਿਆ ਕਰਦੇ ਨੇ। ਪਲਸ ਮੰਚ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਵਿਆਪਕ ਅਤੇ ਤਿੱਖੇ ਲੋਕ ਰੋਹ ਦੇ ਨਿਸ਼ਾਨੇ ਤੋਂ ਬਚ ਕੇ ਪੰਜਾਬ ਸਰਕਾਰ ਅਗਲੇ ਦਿਨਾਂ ਵਿੱਚ ਆਬਾਦਕਾਰਾਂ ਦੀਆਂ ਜ਼ਮੀਨਾਂ ਹਥਿਆਉਣ ਵੱਲ ਮੁਹਾਰਾਂ ਮੋੜ ਸਕਦੀ ਹੈ। ਇਸ ਪੱਖੋਂ ਖ਼ਬਰਦਾਰ ਰਹਿਣ ਦੀ ਲੋੜ ਹੈ। ਪਲਸ ਮੰਚ ਨੇ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ਼ ਵਿੱਚ ਵੀ ਹਮੇਸ਼ਾ ਵਿਸ਼ਾਲ ਏਕਤਾ ਅਤੇ ਸੰਘਰਸ਼ ਉਪਰ ਟੇਕ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਕਲਮ ਕਲਾ ਅਤੇ ਸੰਗਰਾਮ ਕਰਦੇ ਤਣੇ ਮੁੱਕੇ ਜੁੜ ਜਾਣ ਤਾਂ ਉਹਨਾਂ ਨੂੰ ਫਤਿਹ ਨਸੀਬ ਹੁੰਦੀ ਹੈ।