Breaking : ਹਵਾਈ ਅੱਡੇ 'ਤੇ ਸਿਸਟਮ ਡਾਊਨ, ਯਾਤਰੀਆਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ
ਮੁੰਬਈ: ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਤਕਨੀਕੀ ਖਰਾਬੀ ਕਾਰਨ ਸਾਰੇ ਸਿਸਟਮ ਡਾਊਨ ਹੋ ਗਏ, ਜਿਸ ਨਾਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਨੈੱਟਵਰਕ ਫੇਲ੍ਹ ਹੋਣ ਕਾਰਨ ਚੈੱਕ-ਇਨ ਅਤੇ ਬੋਰਡਿੰਗ ਦੀ ਪ੍ਰਕਿਰਿਆ ਨੂੰ ਮੈਨੂਅਲ ਮੋਡ ਵਿੱਚ ਕਰਨਾ ਪਿਆ, ਜਿਸ ਨਾਲ ਹਵਾਈ ਅੱਡੇ 'ਤੇ ਵੱਡੀ ਭੀੜ ਇਕੱਠੀ ਹੋ ਗਈ।
ਫਲਾਈਟਾਂ 'ਤੇ ਅਸਰ ਅਤੇ ਏਅਰਲਾਈਨਾਂ ਨੂੰ ਨੁਕਸਾਨ
ਇਸ ਤਕਨੀਕੀ ਸਮੱਸਿਆ ਕਾਰਨ ਕਈ ਉਡਾਣਾਂ ਵੀ ਦੇਰੀ ਨਾਲ ਚੱਲੀਆਂ। ਇਸ ਨਾਲ ਇੰਡੀਗੋ, ਏਅਰ ਇੰਡੀਆ, ਅਕਾਸਾ ਅਤੇ ਵਿਸਤਾਰਾ ਵਰਗੀਆਂ ਏਅਰਲਾਈਨ ਕੰਪਨੀਆਂ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਬੋਰਡਿੰਗ ਪਾਸ ਪ੍ਰਿੰਟ ਕਰਨ ਵਿੱਚ ਵੀ ਦਿੱਕਤਾਂ ਆ ਰਹੀਆਂ ਸਨ, ਜਿਸ ਨਾਲ ਯਾਤਰੀ ਹੋਰ ਵੀ ਪ੍ਰੇਸ਼ਾਨ ਹੋਏ।
ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਜਾਰੀ
ਹਵਾਈ ਅੱਡਾ ਪ੍ਰਸ਼ਾਸਨ ਅਤੇ ਆਈਟੀ ਟੀਮ ਨੈੱਟਵਰਕ ਨੂੰ ਠੀਕ ਕਰਨ ਲਈ ਜੰਗੀ ਪੱਧਰ 'ਤੇ ਕੋਸ਼ਿਸ਼ਾਂ ਕਰ ਰਹੀ ਹੈ। ਐਮਰਜੈਂਸੀ ਪ੍ਰਕਿਰਿਆਵਾਂ ਲਾਗੂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਯਾਤਰੀਆਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਸਰਵਰ ਡਾਊਨ ਹੋਣ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਅਧਿਕਾਰੀ ਜਲਦੀ ਤੋਂ ਜਲਦੀ ਸਿਸਟਮ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।