ਬਿਜਲੀ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਭਰ ਕੇ ਪੰਜਾਬ ਸਰਕਾਰ ਖਿਲਾਫ ਕੀਤੀਆਂ ਰੋਸ ਰੈਲੀਆਂ
ਅਸ਼ੋਕ ਵਰਮਾ
ਬਠਿੰਡਾ 11ਅਗਸਤ 2025: ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਅਤੇ ਬਣੀ ਸਹਿਮਤੀ ਦੇ਼ ਅਧਾਰ ਤੇ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਪਾਵਰ ਹਾਊਸ ਰੋਡ ਦਫਤਰ ਬਠਿੰਡਾ ਵਿਖੇ 11 ਅਗਸਤ ਤੋਂ 13 ਅਗਸਤ ਸਮੂਹਿਕ ਛੁੱਟੀ ਭਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਭਰਾਤਰੀ ਜਥੇਬੰਦੀਆਂ ਦੇ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ । ਬੁਲਾਰਿਆਂ ਵਿੱਚ ਭੀਮ ਸੈਨ, ਸੀਤਾ ਰਾਮ, ਅਰੁਣ ਕੁਮਾਰ ਤਿਰਪਾਠੀ, ਹਰਵਿੰਦਰ ਸਿੰਘ ਵਿੱਕੀ, ਹਰਭਗਵਾਨ ਸਿੰਘ, ਲਛਮਣ ਸਿੰਘ, ਦੁਰਗਾ ਦੱਤ, ਰਾਕੇਸ਼ ਕੁਮਾਰ ਗੋਇਲ, ਜਸਵੀਰ ਸਿੰਘ, ਬਲਜਿੰਦਰ ਸਿੰਘ, ਨਰਿੰਦਰਪਾਲ ਸਿੰਘ ਅਤੇ ਚੰਦਰ ਸ਼ਰਮਾ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਪਾਵਰ ਕਾਮ ਦੀ ਮੈਨੇਜਮੈਂਟ ਵਲੋਂ ਬਿਜਲੀ ਮੁਲਾਜ਼ਮਾਂ ਤੇ ਐਸਮਾ ਲਾਗੂ ਕਰਨ ਦੀ ਨਿਖੇਧੀ ਕਰਦੇ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਵਲੋਂ ਐਸਮਾ ਵਰਗੇ ਕਾਨੂੰਨ ਲਾਉਣ ਦੀ ਬਜਾਏ ਜਥੇਬੰਦੀ ਦੇ ਆਗੂਆਂ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਤੇ ਹੋਈਆਂ ਸਹਿਮਤੀਆਂ ਨੂੰ ਲਾਗੂ ਕਰਨਾ ਚਾਹੀਦਾ ਹੈ। ਜੇਕਰ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਜ਼ਿਲ੍ਹਾ ਹੈਡਕੁਆਰਟਰਾਂ ਤੇ ਸਾਰੇ ਪੰਜਾਬ ਵਿੱਚ 15 ਅਗਸਤ ਵਾਲੇ ਦਿਨ ਰੋਸ ਪ੍ਰਦਰਸ਼ਨ ਕਰਦੇ ਹੋਏ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਹੋਵੇਗੀ।