ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮੋਦੀ ਸਰਕਾਰ ਤੇ ਵੋਟ ਅਤੇ ਮਨਰੇਗਾ ਅਧਿਕਾਰ ਖੋਹਣ ਦੇ ਦੋਸ਼
ਅਸ਼ੋਕ ਵਰਮਾ
ਬਠਿੰਡਾ 11 ਅਗਸਤ 2025: ਮੋਦੀ ਸਰਕਾਰ ਗਰੀਬਾਂ ਤੋਂ ਵੋਟ ਅਤੇ ਮਨਰੇਗਾ ਰੁਜ਼ਗਾਰ ਦਾ ਅਧਿਕਾਰ ਖੋਹ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਟੀਚਰਜ਼ ਹੋਮ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ। ਉਨ੍ਹਾਂ ਕਿਹਾ ਕਿ ਸੰਯੂਕਤ ਦਲਿਤ ਮੋਰਚਾ ਵੱਲੋਂ ਮਨਰੇਗਾ ਕਾਨੂੰਨ ਖਤਮ ਕਰਨ ਤੇ ਦਲਿਤਾਂ ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਅਤੇ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਾਉਣ ਲਈ 20 ਅਗਸਤ ਤੋਂ 1 ਸਤੰਬਰ ਤੱਕ ਜੋਨ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਕਰਨਾਟਕਾ ਵਿਖੇ ਵੋਟਾਂ ਦੀ ਹੋਈ ਹੇਰਾਂ ਫ਼ੇਰੀ ਦੇ ਪੇਸ਼ ਕੀਤੇ ਸਬੂਤਾਂ ਨੇਂ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਮੋਦੀ ਸਰਕਾਰ ਗਰੀਬਾਂ ਤੋਂ ਵੋਟ ਅਤੇ ਰੁਜ਼ਗਾਰ ਖੋਕੇ ਗ਼ੁਲਾਮ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨੇਂ ਅਮੀਰ, ਗਰੀਬ ਸਭ ਨੂੰ ਵੋਟ ਦਾ ਬਰਾਬਰ ਅਧਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਤੋਂ ਵੋਟ ਦਾ ਹੱਕ ਖੋਹ ਕੇ ਦੇਸ਼ ਅੰਦਰ ਮੰਨੂ ਸਿਮ੍ਰਤੀ ਲਾਗੂ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੇ ਮਨਰੇਗਾ ਕਾਨੂੰਨ ਤਹਿਤ ਹੁੰਦੇ ਕੰਮਾਂ ਨੂੰ ਬੰਦ ਕਰਕੇ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਪੰਜ ਸਾਲਾਂ ਚ ਇੱਕ ਵਾਰ ਕਰਾਉਣ ਦਾ ਫ਼ਰਮਾਨ ਜਾਰੀ ਕਰਕੇ ਮਨਰੇਗਾ ਮਜ਼ਦੂਰਾਂ ਉੱਪਰ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨਕਲਾਬੀ ਬਦਲਾਅ ਦੇ ਨਾਂ ਹੇਠ ਸੱਤਾ ਉਪਰ ਆਈ ਆਪ ਮਾਨ ਸਰਕਾਰ ਨੇ ਇੱਕ ਵੀ ਮਜ਼ਦੂਰ ਪੱਖੀ ਕੰਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਧਨਾਢਾ ਦੇ ਕਬਜ਼ੇ ਹੇਠ ਸਰਕਾਰੀ ਤੇ ਪੰਚਾਇਤੀ ਜ਼ਮੀਨਾਂ ਛਡਾਉਣ ਦੀ ਥਾਂ ਨਜਾਇਜ਼ ਕਬਜ਼ਿਆਂ ਦੇ ਨਾਂ ਹੇਠ ਗਰੀਬਾਂ ਦੇ ਘਰਾਂ ਤੇ ਬਲਡੋਜਰ ਚਲਾ ਰਿਹਾ ਹੈ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ, ਮੱਖਣ ਸਿੰਘ ਰਾਮਗੜ੍ਹ, ਕਰਮਜੀਤ ਸਿੰਘ ਪੱਕਾ, ਗੁਰਮੇਲ ਸਿੰਘ ਦਾਨ ਸਿੰਘ ਵਾਲਾ, ਸਮੇਤ ਹੋਰ ਆਗੂ ਵੀ ਹਾਜਰ ਸਨ।