ਅਕਾਲੀ ਆਗੂ ਨੇ ਵਿਧਾਇਕ ਤੇ ਮੇਅਰ ਨੂੰ ਬਰਸਾਤੀ ਪਾਣੀ ਦੀ ਨਿਕਾਸ ਲਈ ਯਾਦ ਕਰਾਈ ਜਿੰਮੇਵਾਰੀ
ਅਸ਼ੋਕ ਵਰਮਾ
ਬਠਿੰਡਾ, 30 ਜੂਨ 2025- ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਬਰਸਾਤਾਂ ਦੇ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਨੂੰ ਬਣਦੀ ਜਿੰਮੇਵਾਰੀ ਨਿਭਾਉਣ ਲਈ ਯਾਦ ਕਰਵਾਇਆ ਹੈ। ਉਨ੍ਹਾਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਵਿਧਾਇਕ ਜਗਰੂਪ ਸਿੰਘ ਗਿੱਲ ਸ਼ਹਿਰ ਪ੍ਰਤੀ ਬਣਦੀ ਜਿੰਮੇਵਾਰੀ ਨਿਭਾਉਣ, ਕਿਉਂਕਿ 91000 ਲੋਕਾਂ ਨੇ ਉਨ੍ਹਾਂ ਨੂੰ ਵਿਧਾਇਕ ਚੁਣਿਆ ਹੈ, ਪ੍ਰੰਤੂ ਹਾਲਾਤ ਇਹ ਹਨ ਕਿ ਸ਼ਹਿਰ ਹਰ ਵਾਰ ਬਰਸਾਤੀ ਪਾਣੀ ਦੇ ਨਿਕਾਸ ਨਾ ਹੋਣ ਕਰਕੇ ਨੁਕਸਾਨ ਵਿੱਚ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੈਰਾਨਗੀ ਦੀ ਗੱਲ ਹੈ ਕਿ ਬਰਸਾਤਾਂ ਦਾ ਮੌਸਮ ਸਿਰ 'ਤੇ ਹੈ, ਪਰੰਤੂ ਹਾਲੇ ਤੱਕ ਨਗਰ ਨਿਗਮ ਅਤੇ ਸਰਕਾਰ ਵੱਲੋਂ ਬਣਦੀ ਜਿੰਮੇਵਾਰੀ ਨਹੀਂ ਨਿਭਾਈ ਗਈ। ਜਾਲੀਆਂ ਸਾਫ ਕਰਨ ਅਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਕੋਈ ਠੋਸ ਪ੍ਰਬੰਧ ਨਜ਼ਰ ਨਹੀਂ ਆ ਰਹੇ।
ਅਕਾਲੀ ਆਗੂ ਨੇ ਮੇਅਰ ਪਦਮਜੀਤ ਮਹਿਤਾ ਨੂੰ ਯਾਦ ਕਰਵਾਇਆ ਕਿ ਉਹ ਸ਼ਹਿਰ ਦੇ ਮੇਅਰ ਹਨ ਅਤੇ ਮੁਢਲੀਆਂ ਸਹੂਲਤਾਂ ਮੁਹਈਆ ਕਰਵਾਉਣਾ ਉਨ੍ਹਾਂ ਦਾ ਮੁਢਲਾ ਫਰਜ ਬਣਦਾ ਹੈ, ਨਾ ਕਿ ਖੇਡਾਂ ਖੇਡਣੀਆਂ। ਉਨ੍ਹਾਂ ਕਿਹਾ ਕਿ ਮੇਅਰ ਸਾਹਿਬ ਬਚਪਨ ਦੀਆਂ ਖੇਡਾਂ ਨੂੰ ਪਾਸੇ ਰੱਖ ਕੇ ਸ਼ਹਿਰ ਪ੍ਰਤੀ ਬਣਦੀ ਜਿੰਮੇਵਾਰੀ ਨਿਭਾਉਣ ਲਈ ਕੰਮ ਕਰਨ, ਕਿਉਂਕਿ ਖੇਡ ਵਿਭਾਗ ਦਾ ਕੰਮ ਖੇਡਾਂ ਕਰਾਉਣੀਆਂ ਹਨ। ਹਲਕਾ ਇੰਚਾਰਜ ਨੇ ਕਿਹਾ ਕਿ ਅਖਬਾਰੀ ਸੁਰਖੀਆਂ ਅਤੇ ਮਹਿਜ ਬਿਆਨਬਾਜ਼ੀ ਨਾਲ ਜਿੰਮੇਵਾਰੀ ਪੂਰੀ ਨਹੀਂ ਹੋ ਜਾਂਦੀ।
ਮੇਅਰ ਬਣਿਆ ਨੂੰ ਅੱਜ ਚਾਰ ਮਹੀਨੇ ਦਾ ਸਮਾਂ ਬੀਤ ਚੱਲਿਆ ਹੈ, ਪਰ ਸ਼ਹਿਰ ਵਾਸੀ ਅੱਜ ਵੀ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਨਕਸ਼ੇ ਪਾਸ ਨਹੀਂ ਹੋ ਰਹੇ, ਗਲੀਆਂ ਵਿੱਚ ਗੰਦਗੀ ਦੇ ਢੇਰ ਲੱਗੇ ਪਏ ਹਨ, ਪੀਣ ਵਾਲੇ ਪਾਣੀ ਨੂੰ ਲੋਕ ਤਰਸ ਰਹੇ ਹਨ, ਸੀਵਰੇਜ ਸਮੱਸਿਆ ਨਾਲ ਸੜਕਾਂ ਗੰਦੇ ਪਾਣੀ ਨਾਲ ਭਰੀਆਂ ਰਹਿੰਦੀਆਂ ਹਨ ਅਤੇ ਹੁਣ ਬਰਸਾਤਾਂ ਦੇ ਮੌਸਮ ਵਿੱਚ ਸੀਵਰੇਜ ਓਵਰਫਲੋ ਹੋਣ ਕਰਕੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਪਾਣੀ ਭਰ ਜਾਂਦਾ ਹੈ, ਪਰ ਹੈਰਾਨਗੀ ਦੀ ਗੱਲ ਹੈ ਕਿ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਮੁੱਦਿਆਂ ਦੀ ਪਹਿਰੇਦਾਰੀ ਕਰਦਾ ਰਿਹਾ ਹੈ ਤੇ ਕਰਦਾ ਰਹੇਗਾ।