ਲਾਲੜੂ ਵਿੱਚ ਸਵੱਛ ਭਾਰਤ ਅਭਿਆਨ ਦੀ ਫੂਕ ਨਿਕਲੀ
ਸ਼ਹਿਰ 'ਚ ਹਰ ਪਾਸੇ ਲੱਗੇ ਕੂੜੇ ਦੇ ਢੇਰ
ਮਲਕੀਤ ਸਿੰਘ ਮਲਕਪੁਰ
ਲਾਲੜੂ 30 ਜੂਨ 2025: ਨਗਰ ਕੌਂਸਲ ਲਾਲੜੂ ਦੀ ਲਾਪਰਵਾਹੀ ਕਾਰਨ ਸ਼ਹਿਰ ਵਿੱਚ ਸਵੱਛ ਭਾਰਤ ਅਭਿਆਨ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਹਰ ਮਹੀਨੇ ਲੱਖਾਂ ਰੁਪਏ ਸਫ਼ਾਈ 'ਤੇ ਖਰਚ ਕਰਨ ਦੇ ਬਾਵਜੂਦ ਹਰ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ਵਿੱਚ ਫੈਲੀ ਗੰਦਗੀ ਲੋਕਾਂ ਦੀ ਸਿਹਤ ਲਈ ਖ਼ਤਰਨਾਕ ਬਣ ਸਕਦੀ ਹੈ ਪਰ ਕੌਂਸਲ ਅਧਿਕਾਰੀਆਂ ਨੇ ਅੱਖਾਂ ਮੀਟ ਲਈਆਂ ਹਨ। ਰਾਕੇਸ਼ ਕੁਮਾਰ, ਸਵਰਨ ਸਿੰਘ, ਜਸਵੰਤ ਸਿੰਘ, ਅਹਿਮਦ ਅਲੀ ਅਤੇ ਗੁਰਮੀਤ ਸਿੰਘ ਟਿਵਾਣਾ ਨੇ ਕਿਹਾ ਕਿ ਲਾਲੜੂ ਵਿੱਚ ਸਫ਼ਾਈ ਦੀ ਘਾਟ ਕਾਰਨ ਵਾਰਡ ਦੀ ਹਰ ਗਲੀ ਅਤੇ ਮੁਹੱਲੇ ਵਿੱਚ ਕੂੜੇ ਦੇ ਢੇਰ ਜਮ੍ਹਾ ਹੋ ਰਹੇ ਹਨ। ਇੱਥੇ ਸਵੱਛ ਭਾਰਤ ਅਭਿਆਨ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ ਹੈ ਅਤੇ ਸ਼ਹਿਰ ਵਿੱਚ ਸਫ਼ਾਈ ਦੀ ਘਾਟ ਕਾਰਨ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ। ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਆਸ-ਪਾਸ ਰਹਿਣ ਵਾਲੇ ਲੋਕ ਵੀ ਬਦਬੂ ਕਾਰਨ ਬਹੁਤ ਪ੍ਰੇਸ਼ਾਨ ਹੈ। ਲਾਲੜੂ ਵਿੱਚ, ਹਰ ਪਾਸੇ ਕੂੜੇ ਦੇ ਢੇਰ ਦੇਖੇ ਜਾ ਸਕਦੇ ਹਨ ਪਰ ਕੂੜੇ ਦੇ ਸਭ ਤੋਂ ਵੱਧ ਢੇਰ ਵਾਰਡ ਨੰਬਰ 5 ਵਿੱਚ ਜਸਵਿੰਦਰ ਸਕੂਲ ਨੇੜੇ , ਮੰਡੀ ਵਿੱਚ ਮੁੱਖ ਸੜਕ ਦੇ ਕਿਨਾਰੇ , ਫੌਜੀ ਮੈਦਾਨ ਦੇ ਨੇੜੇ ਨਗਰ ਖੇੜਾ, ਸੁਵਿਧਾ ਕੇਂਦਰ ਦੇ ਨੇੜੇ, ਸਰਦਾਰ ਪੁਰਾ ਚੌਕ ਦੇ ਨੇੜੇ ਪਾਏ ਗਏ ਹਨ। ਉਪਰੋਕਤ ਥਾਵਾਂ 'ਤੇ ਫੈਲਿਆ ਕੂੜਾ ਜਿੱਥੇ ਸ਼ਹਿਰ ਦੀ ਸੁੰਦਰਤਾ ਨੂੰ ਵਿਗਾੜ ਰਿਹਾ ਹੈ , ਉੱਥੇ ਹੀ ਲੋਕਾਂ ਦੀ ਸਿਹਤ ਨਾਲ ਵੀ ਖੇਡ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਨਗਰ ਕੌਂਸਲ ਲਾਲੜੂ ਵੱਲੋਂ 17 ਵਾਰਡਾਂ ਦੀ ਸਫਾਈ ਲਈ ਲਗਭਗ 125 ਸਫਾਈ ਕਰਮਚਾਰੀ ਹਨ।ਸਥਾਨਕ ਵਾਸੀਆਂ ਨੇ ਇਲਜ਼ਾਮ ਲਾਇਆ , ਕਿ ਸਵੱਛ ਮੁਹਿੰਮ ਤਹਿਤ ਕੇਂਦਰ ਸਰਕਾਰ ਤੋਂ ਕਰੋੜਾਂ ਰੁਪਏ ਦਾ ਫੰਡ ਇੱਕ ਕਮੇਟੀ ਰਾਹੀਂ ਪੰਜਾਬ ਵਿੱਚ ਆਉਂਦਾ ਹੈ, ਫਿਰ ਵੀ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਕੌਂਸਲ ਅਧੀਨ ਆਉਂਦੇ ਵਾਰਡਾਂ ਦੀ ਸਫਾਈ ਦਾ ਬੁਰਾ ਹਾਲ ਹੈ ਅਤੇ ਹਰ ਪਾਸੇ ਕੂੜੇ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਵੀ ਸਹੀ ਪ੍ਰਬੰਧ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਨਗਰ ਕੌਂਸਲ ਵਿੱਚ ਲੱਗੇ ਕੂੜੇ ਦੇ ਢੇਰ ਕੌਂਸਲ ਦੀ ਲਾਪਰਵਾਹੀ ਨੂੰ ਉਜਾਗਰ ਕਰ ਰਹੇ ਹਨ। ਸਰਦਾਰਪੁਰਾ ਚੌਕ ਨੇੜੇ ਲਿੰਕ ਰੋਡ 'ਤੇ ਫੈਲੇ ਕੂੜੇ ਤੋਂ ਆਉਣ ਵਾਲੀ ਬਦਬੂ ਕਾਰਨ ਇੱਥੋਂ ਲੰਘਣਾ ਬਹੁਤ ਮੁਸ਼ਕਲ ਹੈ। ਚੋਣਾਂ ਦੇ ਦਿਨਾਂ ਦੌਰਾਨ ਹਰ ਪਾਰਟੀ ਲਾਲੜੂ ਨੂੰ ਗੇਟਵੇ ਆਫ਼ ਪੰਜਾਬ ਦਾ ਦਰਜਾ ਦੇਣ ਦਾ ਵਾਅਦਾ ਕਰਦੀ ਹੈ। ਲਾਲੜੂ ਆਉਣ ਵਾਲੇ ਲੋਕਾਂ ਦਾ ਹਰ ਪਾਸੇ ਕੂੜੇ ਦੇ ਢੇਰ ਸਵਾਗਤ ਕਰਦੇ ਹਨ। ਪ੍ਰਸ਼ਾਸਨ ਡੇਂਗੂ ਅਤੇ ਮਲੇਰੀਆ ਤੋਂ ਬਚਣ ਲਈ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦੀ ਸਲਾਹ ਦੇ ਰਿਹਾ ਹੈ। ਪਰ ਨਗਰ ਕੌਂਸਲ ਖੁਦ ਲਾਲੜੂ ਵਿੱਚ ਥਾਂ-ਥਾਂ ਪਏ ਕੂੜੇ ਦੇ ਢੇਰਾਂ ਵੱਲ ਧਿਆਨ ਨਹੀਂ ਦੇ ਰਹੀ ਹੈ। ਸੰਪਰਕ ਕਰਨ ਤੇ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਅੰਮ੍ਰਿਤ ਲਾਲ ਨੇ ਕਿਹਾ ਕਿ ਜਿੱਥੇ-ਜਿੱਥੇ ਗੰਦਗੀ ਦੇ ਢੇਰ ਹਨ, ਉਨ੍ਹਾਂ ਨੂੰ ਜਲਦ ਹੀ ਚੁੱਕ ਕੇ ਸਮੱਸਿਆ ਹੱਲ ਕਰਵਾ ਦਿੱਤੀ ਜਾਵੇਗੀ।