ਬਰਨਾਲਾ ਨੇ ਦੇਸ਼ ਵਿਚ ਸਿੱਖਿਆ ਖੇਤਰ ’ਚ ਰਚਿਆ ਇਤਿਹਾਸ
ਪੰਜਾਬ ਦਾ ਬਰਨਾਲਾ ਜ਼ਿਲ੍ਹਾ ਪੀ.ਜੀ.ਆਈ.-ਡੀ. 2023-24 ਰਿਪੋਰਟ ’ਚ ਦੇਸ਼ ਦਾ ਸਭ ਤੋਂ ਵਧੀਆ ਜ਼ਿਲ੍ਹਾ ਬਣਿਆ
ਕਮਲਜੀਤ ਸਿੰਘ
ਬਰਨਾਲਾ, 29 ਜੂਨ 2025 : ਬਰਨਾਲਾ ਜ਼ਿਲ੍ਹੇ ਨੇ ਸਿੱਖਿਆ ਮੰਤਰੀ ਦੀ ਪਰਫਾਰਮੈਂਸ ਗਰੇਡਿੰਗ ਇੰਡੈਕਸ ਫਾਰ ਡਿਸਟ੍ਰਿਕਟਸ (PGI-D) 2023-24 ਵਿੱਚ ਪੂਰੇ ਭਾਰਤ ਦੇ 788 ਜ਼ਿਲ੍ਹਿਆਂ ਨੂੰ ਪਿੱਛੇ ਛੱਡ ਕੇ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਬਰਨਾਲਾ ਨੇ 600 ਵਿੱਚੋਂ 424 ਅੰਕ ਪ੍ਰਾਪਤ ਕਰਕੇ 'ਉੱਤਮ-2' ਸ਼੍ਰੇਣੀ (71-80%) ਵਿਚ ਆਪਣੀ ਥਾਂ ਬਣਾਈ, ਜੋ ਕਿ 2022-23 ਵਿੱਚ ਕਿਸੇ ਵੀ ਜ਼ਿਲ੍ਹੇ ਨੂੰ ਨਹੀਂ ਮਿਲੀ ਸੀ। ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਜ਼ਿਲ੍ਹੇ ਨੇ ਇਸ ਟਾਪ-2 ਸ਼੍ਰੇਣੀ ਵਿੱਚ ਦਾਖਲ ਹੋਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸਰਵੇਖਣ ਹੇਠ ਲਗਾਤਾਰ 6 ਵੱਖ-ਵੱਖ ਮਾਪਦੰਡਾਂ 'ਤੇ ਮੁਲਾਂਕਣ ਕੀਤਾ ਗਿਆ, ਜਿਸ ਵਿੱਚ ਸ਼ਾਮਲ ਹਨ:
ਲਰਨਿੰਗ ਆਉਟਕਮ (ਬੱਚਿਆਂ ਦੇ ਨਤੀਜੇ)
ਪ੍ਰਭਾਵਸ਼ਾਲੀ ਕਲਾਸਰੂਮ ਇੰਟਰੈਕਸ਼ਨ
ਬੁਨਿਆਦੀ ਢਾਂਚਾ
ਸਕੂਲ ਸੁਰੱਖਿਆ ਅਤੇ ਬੱਚਿਆਂ ਦੀ ਸੁਰੱਖਿਆ
ਡਿਜੀਟਲ ਲਰਨਿੰਗ
ਸ਼ਾਸਨ ਪ੍ਰਕਿਰਿਆ
ਅਧਿਕਾਰੀਆਂ ਦੀ ਪ੍ਰਤੀਕਿਰਿਆ
ਡਿਪਟੀ ਕਮਿਸ਼ਨਰ (ਡੀ.ਸੀ.) ਟੀ. ਬੇਨਿਥ ਨੇ ਕਿਹਾ ਕਿ ਇਹ ਉਪਲਬਧੀ ਸਾਰੇ ਜ਼ਿਲ੍ਹਾ ਸਿੱਖਿਆ ਵਿਭਾਗ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਮਾਪਦੰਡਾਂ 'ਤੇ ਅੰਕ ਘੱਟ ਆਏ ਹਨ, ਉਨ੍ਹਾਂ 'ਤੇ ਹੋਰ ਧਿਆਨ ਦਿੱਤਾ ਜਾਵੇਗਾ।
ਜ਼ਿਲ੍ਹਾ ਸਿੱਖਿਆ ਅਫਸਰ (ਡੀ.ਈ.ਓ.) ਸੁਨੀਲਿੰਦਰ ਸਿੰਘ ਨੇ ਦੱਸਿਆ ਕਿ 2017 ਤੋਂ ਸ਼ੁਰੂ ਹੋਈ ਇਸ ਰਿਪੋਰਟ ਵਿੱਚ 2023-24 ਵਿੱਚ 14 ਲੱਖ 72 ਹਜ਼ਾਰ ਸਕੂਲਾਂ, 98 ਲੱਖ ਅਧਿਆਪਕ ਅਤੇ 24 ਕਰੋੜ ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਵੀ ਬਰਨਾਲਾ ਜ਼ਿਲ੍ਹਾ ਪਹਿਲਾ ਆਉਣ ਦੀ ਕੋਸ਼ਿਸ਼ ਕਰੇਗਾ।
ਬਰਨਾਲਾ ਦੀ ਇਹ ਕਾਮਯਾਬੀ ਪੰਜਾਬ ਅਤੇ ਭਾਰਤ ਲਈ ਮਾਣ ਦੀ ਗੱਲ ਹੈ, ਜਿਸ ਨਾਲ ਸਿੱਖਿਆ ਖੇਤਰ ਵਿੱਚ ਹੋ ਰਹੀ ਤਰੱਕੀ ਅਤੇ ਨਵੀਨਤਮ ਪਹਲਾਂ ਨੂੰ ਹੋਰ ਉਤਸ਼ਾਹ ਮਿਲੇਗਾ।