Murder : ਭਰਾ ਨੇ ਆਪਣੇ ਪੁਲਿਸ ਮੁਲਾਜ਼ਮ ਭਰਾ ਨੂੰ ਟਰੈਕਟਰ ਹੇਠਾਂ ਕੁਚਲਿਆ
ਕਮਲਜੀਤ ਸਿੰਘ
ਬਰਨਾਲਾ, 11 ਅਗਸਤ, 2025 - ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਭਰਾ ਨੇ ਆਪਣੇ ਹੀ ਪੁਲਿਸ ਮੁਲਾਜ਼ਮ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ, ਕਾਤਲ ਨੇ ਆਪਣੇ ਭਰਾ ਨੂੰ ਮੋਟਰਸਾਈਕਲ 'ਤੇ ਜਾਂਦੇ ਸਮੇਂ ਟਰੈਕਟਰ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਮ੍ਰਿਤਕ ਦੀ ਪਛਾਣ ਏਐਸਆਈ ਜੋਗਿੰਦਰ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਪੁਲਿਸ ਵਿੱਚ ਮਲੇਰਕੋਟਲਾ ਖੇਤਰ ਵਿੱਚ ਤਾਇਨਾਤ ਸਨ। ਪ੍ਰਾਪਤ ਜਾਣਕਾਰੀ ਅਨੁਸਾਰ, ਜੋਗਿੰਦਰ ਸਿੰਘ ਦਾ ਆਪਣੇ ਭਰਾ ਸੁਖਦੇਵ ਸਿੰਘ ਨਾਲ ਨਾਨਕੇ ਤੋਂ ਮਿਲੀ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਬੀਤੀ ਰਾਤ ਜਦੋਂ ਏਐਸਆਈ ਜੋਗਿੰਦਰ ਸਿੰਘ ਆਪਣੀ ਪਤਨੀ ਵੀਰਪਾਲ ਕੌਰ ਨਾਲ ਬੁਲੇਟ ਮੋਟਰਸਾਈਕਲ 'ਤੇ ਪਿੰਡ ਕਾਲੇਕੇ ਤੋਂ ਬਰਨਾਲਾ ਵਾਪਸ ਆ ਰਹੇ ਸਨ, ਤਾਂ ਉਨ੍ਹਾਂ ਦਾ ਭਰਾ ਸੁਖਦੇਵ ਸਿੰਘ ਅਤੇ ਉਸ ਦਾ ਪੁੱਤਰ ਪਿੰਡ ਤੋਂ ਦੋ ਕਿਲੋਮੀਟਰ ਦੂਰ ਕਾਲੇਕੇ-ਭੈਣੀ ਜੱਸਾ ਲਿੰਕ ਰੋਡ 'ਤੇ ਟਰੈਕਟਰ ਲੈ ਕੇ ਖੜ੍ਹੇ ਸਨ।
ਸੁਖਦੇਵ ਸਿੰਘ ਨੇ ਗੁੱਸੇ ਵਿੱਚ ਆ ਕੇ ਮੋਟਰਸਾਈਕਲ ਨੂੰ ਟਰੈਕਟਰ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਏਐਸਆਈ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੜਕ 'ਤੇ ਡਿੱਗ ਗਏ। ਇਸ ਤੋਂ ਬਾਅਦ ਸੁਖਦੇਵ ਸਿੰਘ ਨੇ ਆਪਣੇ ਭਰਾ ਜੋਗਿੰਦਰ ਸਿੰਘ ਨੂੰ ਟਰੈਕਟਰ ਹੇਠਾਂ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਵੀਰਪਾਲ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਸੁਖਦੇਵ ਸਿੰਘ ਅਤੇ ਉਸ ਦੇ ਪੁੱਤਰ ਖ਼ਿਲਾਫ਼ ਥਾਣਾ ਧਨੌਲਾ ਵਿਖੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਫਿਲਹਾਲ ਫਰਾਰ ਹਨ, ਪਰ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ।