ਗਿਆਨੀ ਹਰਪ੍ਰੀਤ ਸਿੰਘ ਨੇ 2 ਦਸੰਬਰ ਨੂੰ ਜਾਰੀ ਹੁਕਮਨਾਮੇ ਦੀ ਕੀਤੀ ਉਲੰਘਣਾ: ਸੁਖਬੀਰ ਬਾਦਲ
ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਤੋੜ ਕੇ ਕਮਜ਼ੋਰ ਕਰਨ ਵਾਸਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸਾਜ਼ਿਸ਼ ਰਚੀ ਅਤੇ ਉਹਨਾਂ ਦਾ ਕਤਲ ਕਰਨ ਦੇ ਯਤਨਾਂ ਨੂੰ ਥਾਪੜਾ ਦਿੱਤਾ
ਆਪ ਸਰਕਾਰ ਦੀ ਜ਼ਮੀਨ ਹੜੱਪ ਦੀ ਸਕੀਮ ਵਿਰੁੱਧ ਵਿਸ਼ਾਲ ਧਰਨੇ ਨੂੰ ਕੀਤਾ ਸੰਬੋਧਨ, ਕਿਸਾਨਾਂ ਨੂੰ ਚੇਤਾਵਨੀ ਦਿੱਤੀ ਕਿ ਕੇਜਰੀਵਾਲ ਇਕ ਲੱਖ ਏਕੜ ਜ਼ਮੀਨ ਹੋਰ ਐਕਵਾਇਰ ਕਰਨ ਦਾ ਇੱਛੁਕ
ਜਗਤਾਰ ਸਿੰਘ
ਪਟਿਆਲਾ, 11 ਅਗਸਤ 2025 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ 2 ਦਸੰਬਰ 2024 ਦੇ ਉਸ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜੇ ਬਣਾਉਣ ਵਿਰੁੱਧ ਹੁਕਮ ਜਾਰੀ ਕੀਤਾ ਗਿਆ ਸੀ। ’’ਸਾਰੀ ਦੁਨੀਆਂ ਜਾਣਦੀ ਹੈ ਕਿ ਹਰਪ੍ਰੀਤ ਸਿੰਘ ਨੇ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਕੇਂਦਰੀ ਏਜੰਸੀਆਂ ਨਾਲ ਸਾਜ਼ਿਸ਼ ਰਚ ਕੇ ਖਾਲਸਾ ਪੰਥ, ਪੰਜਾਬ ਤੇ ਅਕਾਲੀ ਦਲ ਨੂੰ ਵੰਡਣ ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੀ।’’ ’’ਹਰ ਕਿਸੇ ਨੇ ਵੇਖਿਆ ਹੈ ਕਿ ਕਿਵੇਂ ਉਹਨਾਂ ਨੇ ਮੇਰੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਕਿਸੇ ਵੀ ਗਲਤੀ ਲਈ ਮੇਰੇ ਵੱਲੋਂ ਜ਼ਿੰਮੇਵਾਰੀ ਲੈਣ ਮਗਰੋਂ ਮੇਰੇ ਕਤਲ ਦੀ ਸਾਜ਼ਿਸ਼ ਲਈ ਵੀ ਥਾਪੜਾ ਦਿੱਤਾ।ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੇਰੇ ਪੂਰਨ ਤੌਰ ’ਤੇ ਆਤਮ ਸਮਰਪਣ ਕਰਨ ’ਤੇ ਇਸ ਸਾਜ਼ਿਸ਼ ਨੂੰ ਮਾਤ ਪਈ। ਇਸ ਲਈ ਇਹਨਾਂ ਤੱਤਾਂ ਨੇ ਮੈਨੁੰ ਸਰੀਰਕ ਤੌਰ ’ਤੇ ਖ਼ਤਮ ਕਰਨ ਵਾਸਤੇ ਸੂਬਾ ਪੁਲਿਸ ਨਾਲ ਮਿਲ ਕੇ ਸਾਜ਼ਿਸ਼ ਰਚੀ ਅਤੇ ਉਹ ਵੀ ਉਸ ਵੇਲੇ ਜਦੋਂ ਮੈਂ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਸੇਵਾ ਨਿਭਾ ਰਿਹਾ ਸੀ ਪਰ ਸ੍ਰੀ ਅਕਾਲ ਪੁਰਖ਼ ਸਾਹਿਬ ਨੇ ਮੈਨੂੰ ਹੱਥ ਦੇ ਕੇ ਰੱਖ ਲਿਆ ਅਤੇ ਇਸ ਸਾਜ਼ਿਸ਼ ਨੂੰ ਮਾਤ ਪਾ ਦਿੱਤੀ।’’।
ਅਕਾਲੀ ਦਲ ਦੇ ਪ੍ਰਧਾਨ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਜ਼ਮੀਨ ਹੜੱਪ ਕਰਨ ਦੀ ਸਕੀਮ ਵਿਰੁੱਧ ਇਥੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਪਾਰਟੀ ਵਰਕਰਾਂ ਨੇ ਜੈਕਾਰਿਆਂ ਨਾਲ ਅਸਮਾਨ ਗੂੰਜਣ ਲਗਾ ਦਿੱਤਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੀ ਰਜਵੀਂ ਸ਼ਲਾਘਾ ਕੀਤੀ।ਉਹਨਾਂ ਦਾ ’ਸੁਖਬੀਰ ਤੇਰੀ ਸੋਚ ’ਤੇ, ਪਹਿਰਾ ਦੇਵਾਂਗੇ ਠੋਕ ਕੇ’ ਅਤੇ ’ਤਖ਼ਤ ਬਦਲ ਦਿਓ, ਤਾਜ ਬਦਲ ਦਿਓ..ਬੇਈਮਾਨਾਂ ਦਾ ਰਾਜ ਬਦਲ ਦਿਓ’ ਵਰਗੇ ਨਾਅਰਿਆਂ ਨਾਲ ਜ਼ੋਰਦਾਰ ਸਵਾਗਤ ਹੋਇਆ।
ਸਰਕਾਰ ਨੂੰ ਸਿੱਧੇ ਹੱਥੀਂ ਲੈਂਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਆਪ ਸਰਕਾਰ ਵੱਲੋਂ ਜੋ 65,000 ਏਕੜ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ ਹੈ, ਉਸ ਵਿਚੋਂ ਇਕ ਇੰਚ ਵੀ ਜ਼ਮੀਨ ਹੜੱਪ ਨਹੀਂ ਕਰਨ ਦੇਵੇਗਾ। ਉਹਨਾਂ ਮੁੜ ਦੁਹਰਾਇਆ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਐਕਵਾਇਰ ਕੀਤੀ ਗਈ ਜ਼ਮੀਨ, ਅਸਲ ਮਾਲਕਾਂ ਨੂੰ ਮੁੜ ਵਾਪਸ ਦਿੱਤੀ ਜਾਵੇਗੀ।
ਉਹਨਾਂ ਨੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਕਿ ਅਰਵਿੰਦ ਕੇਜਰੀਵਾਲ ਜਿਸਨੇ ਸੂਬਾ ਸਰਕਾਰ ਦੀ ਵਾਗਡੋਰ ਆਪਣੇ ਹੱਥ ਲੈ ਲਈ ਹੈ, ਵੱਲੋਂ ਦਿੱਲੀ ਦੇ ਬਿਲਡਰਾਂ ਨਾਲ 30 ਹਜ਼ਾਰ ਕਰੋੜ ਰੁਪਏ ਵਿਚ ਸਮਝੌਤਾ ਕੀਤਾ ਹੈ ਤਾਂ ਜੋ ਮੌਜੂਦਾ ਜ਼ਮੀਨ ਐਕਵਾਇਰ ਕਰ ਕੇ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਇਕ ਵਾਰ ਇਹ ਜ਼ਮੀਨ ਐਕਵਾਇਰ ਹੋਗਈ ਤਾਂ ਅਗਲੇ ਪੜਾਅ ਵਿਚ ਇਕ ਲੱਖ ਏਕੜ ਜ਼ਮੀਨ ਹੋਰ ਐਕਵਾਇਰ ਕੀਤੀ ਜਾਣੀ ਹੈ। ਉਹਨਾਂ ਕਿਹਾ ਕਿ ਜ਼ਮੀਨ ਹੜੱਪ ਕਰਨ ਦੀ ਮੁਹਿੰਮ ਇਥੇ ਹੀ ਬੰਦ ਨਹੀਂ ਹੋਵੇਗੀ ਤੇ ਜੇਕਰ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਇਕ ਲੱਖ ਏਕੜ ਜ਼ਮੀਨ ਹੋਰ ਐਕਵਾਇਰ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਦੀਆਂ ਗਤੀਵਿਧੀਆਂ ਬਾਰੇ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਸੁਰਜੀਤ ਸਿੰਘ ਰੱਖੜਾ ਵੱਲੋਂ ਉਹਨਾਂ ਦੀ ਮਦਦ ਕਰਨ ਬਾਰੇ ਕੁ ਕਹਿਣਾ ਨਹੀਂ ਚਾਹੁੰਦੇ ਪਰ ਉਹ ਤਾਂ ਇਸ ਬਾਰੇ ਆਖ ਰਹੇ ਹਨ ਤਾਂ ਜੋ ਪੰਜਾਬੀਆਂ ਨੂੰ ਸੱਚ ਪਤਾ ਲੱਗ ਸਕੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਮੈਨੂੰ ਅਤੇ ਅਕਾਲੀ ਲੀਡਰਸ਼ਿਪ ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਤਲਬ ਕੀਤਾ ਸੀ ਤਾਂ ਜੋ ਮੈਨੂੰ ਪੰਥ ਵਿਚੋਂ ਛੇਕਿਆ ਜਾ ਸਕੇ। ਉਹਨਾਂ ਕਿਹਾ ਕਿ ਇਸ ਮਕਸਦ ਦੀ ਪੂਰਤੀ ਵਾਸਤੇ ਇਕ ਸਾਜ਼ਿਸ਼ ਅਧੀਨ ਸ਼ਿਕਾਇਤ ਮੰਗਵਾਈ ਗਈ।
ਉਹਨਾਂ ਕਿਹਾ ਕਿ ਜਦੋਂ ਮਾਮਲਾ ਅਕਾਲੀ ਦਲ ਦੇ ਨੋਟਿਸ ਵਿਚ ਆਇਆ ਤਾਂ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਜਦੋਂ ਸ੍ਰੀ ਅਕਾਲ ਤਖ਼ਤ ਨੇ ਹੀ ਪ੍ਰਧਾਨ ਨੂੰ ਤਲਬ ਕਰ ਲਿਆ ਹੈ ਤਾਂ ਕੋਈ ਦਲੀਲਬਾਜ਼ੀ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਇਸੇ ਵਾਸਤੇ ਅਸੀਂ ਸਰਕਾਰ, ਪਾਰਟੀ ਜਾਂ ਕਿਸੇ ਵੀ ਅਫਸਰ ਵੱਲੋਂ ਕੀਤੀ ਗਲਤੀ ਦਾ ਦੋਸ਼ ਆਪਣੇ ਸਿਰ ਲੈ ਲਿਆ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇਥੇ ਹੀ ਨਹੀਂ ਰੁਕੇ ਸਗੋਂ ਮੈਨੂੰ ਜਾਨੋਂ ਮਾਰਨ ਦਾ ਯਤਨ ਕੀਤਾ ਗਿਆ ਅਤੇ ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮੇਰੀ ਜਾਨ ਬਚ ਗਈ ਤਾਂ ਦੋਸ਼ੀ ਦੀ ਮਦਦ ਕਰਦਿਆਂ ਇਕ ਕਮਜ਼ੋਰ ਐਫ ਆਈ ਆਰ ਲਿਖ ਕੇ ਮੁਜਰਿਮ ਨੂੰ ਜ਼ਮਾਨਤ ਲੈਣ ਵਿਚ ਮਦਦ ਕੀਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਕਾਤਲਾਨਾ ਹਮਲਾ ਤਾਂ ਧੱਕਾ ਮੁੱਕੀ ਵਿਚ ਹੋ ਗਿਆ।
ਉਹਨਾਂ ਸਪਸ਼ਟ ਤੌਰ ’ਤੇ ਕਿਹਾ ਕਿ ਉਹ ਹਮੇਸ਼ਾ ਪੰਥ ਦੇ ਸਿਧਾਂਤਾਂ ਲਈ ਡਟੇ ਰਹਿਣਗੇ ਤੇ ਅਜਿਹੀਆਂ ਕਾਰਵਾਈਆਂ ਉਹਨਾਂ ਨੂੰ ਪੰਥ ਅਤੇ ਪੰਜਾਬ ਦੇ ਭਲੇ ਵਾਸਤੇ ਡਟਣ ਤੋਂ ਨਹੀਂ ਰੋਕ ਸਕਦੀਆਂ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਾਡੇ ਪੁਰਖ਼ਿਆਂ ਦੀ ਸ਼ਹਾਦਤ ਨਾਲ ਬਣਿਆ ਹੈ ਤੇ ਇਹ ਹਮੇਸ਼ਾ ਆਪਣੇ ਆਦਰਸ਼ਾਂ ਤੇ ਸਿਧਾਂਤਾਂ ਲਈ ਡਟਿਆ ਰਹੇਗਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਝਾਤ ਮਾਰਨ ਅਤੇ ਵੇਖਣ ਕਿ ਸੂਬੇ ਵਿਚ ਖੇਤੀਬਾੜੀ ਮੰਡੀਆਂ ਦੀ ਸਥਾਪਨਾ, ਸਿੰਜਾਈ ਸਹੂਲਤਾਂ ਦੀ ਸਥਾਪਨਾ ਜਾਂ ਮੁਫਤ ਬਿਜਲੀ, ਆਟਾ ਦਾਲ, ਸ਼ਗਨ ਜਾਂ ਬੁਢਾਪਾ ਪੈਨਸ਼ਨ ਵਰਗੀਆਂ ਸਕੀਮਾਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਤੇ ਆਪ ਸਰਕਾਰ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ।
ਸਥਾਨਕ ਬਾਗੀ ਆਗੂਆਂ ਚੰਦੂਮਾਜਰਾ ਤੇ ਰੱਖੜਾ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਕਿ ਉਹਨਾਂ ਨੇ ਆਪਣੇ ਆਪ ਨੂੰ ਇਹਨਾਂ ਦੇ ਚੁੰਗਲ ਤੋਂ ਬਚਾ ਲਿਆ ਹੈ। ਉਹਨਾਂ ਕਿਹਾ ਕਿ ਇਹ ਆਗੂ ਤੁਹਾਨੂੰ ਉਠਣ ਨਹੀਂ ਦਿੰਦੇ ਸਨ। ਉਹਨਾਂ ਕਿਹਾ ਕਿ ਮੈਨੂੰ ਇਹਨਾਂ ਆਗੂਆਂ ਦੀ ਜ਼ਰੂਰਤ ਨਹੀਂ ਹੈ। ਮੈਨੂੰ ਤਾਂ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ। ਉਹਨਾਂ ਨੇ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਉਹਨਾਂ ਦੀ ਪਛਾਣ ਕਰਨ ਜਿਹਨਾਂ ਨੇ ਪੰਥ ਨੂੰ ਧੋਖਾ ਦਿੱਤਾ ਤੇ ਉਹਨਾਂ ਨੇ ਅੱਜ ਵਿਸ਼ਾਲ ਇਕੱਠ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਕੇਜਰੀਵਾਲ ਨੇ ਵਿਕਾਸ ਅਥਾਰਟੀਆਂ ਦਾ ਮੁਖੀ ਬਦਲਿਆ ਤੇ ਮੁੱਖ ਸਕੱਤਰ ਤੇ ਚਾਰ ਬਾਹਰਲਿਆਂ ਨੂੰ ਇਸਦੇ ਮੈਂਬਰ ਨਿਯੁਕਤ ਕਰ ਦਿੱਤਾ ਤਾਂ ਜੋ ਜ਼ਮੀਨ ਦੀ ਲੁੱਟ ਕੀਤੀ ਜਾ ਸਕੇ।
ਉਹਨਾਂ ਕਿਹਾ ਕਿ ਆਪ ਸਰਕਾਰ ਨੇ ਤਾਂ ਕੌਡੀਆਂ ਦੇ ਭਾਅ ਜ਼ਮੀਨ ਐਕਵਾਇਰ ਕਰਨ ਵਾਸਤੇ 1995 ਦਾ ਐਕਟ ਵੀ ਵਰਤ ਲਿਆ ਤਾਂ ਜੋ 2013 ਦੇ ਐਕਟ ਦੀ ਥਾਂ ’ਤੇ ਇਸਦੀ ਵਰਤੋਂ ਕਰ ਕੇ ਬਿਲਡਰਾਂ ਨੂੰ ਆਪਣੀ ਮਰਜ਼ੀ ਅਨੁਸਾਰ ਜ਼ਮੀਨ ਅਲਾਟ ਕੀਤੀ ਜਾ ਸਕੇ।
ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਦਿੱਲੀ ਆਪ ਹਾਈ ਕਮਾਂਡ ਤੇ ਇਸਦੇ ਚੇਲਿਆਂ ਨਾਲ ਜੁੜੇ ਲੋਕਾਂ ਨੂੰ ਪੰਜਾਬ ਵਿਚ ਉਚ ਅਹੁਦਿਆਂ ’ਤੇ ਤਾਇਨਾਤ ਕੀਤਾ ਗਿਆ ਭਾਵੇਂ ਉਹਨਾਂ ਵਿਚ ਸ਼ਾਲਿਨੀ ਮਿੱਤਰਾ, ਅਰਵਿੰਦ ਮੋਦੀ, ਵਿਜੇ ਨਾਇਰ, ਵੀਨਾ ਗੁਪਤਾ, ਦੀਪਕ ਚੌਹਾਨ ਅਤੇ ਰਾਕੇਸ਼ ਕੁਮਾਰ ਗੋਇਲ ਹੀ ਸ਼ਾਮਲ ਹਨ। ਸਰਦਾਰ ਬਾਦਲ ਨੇ ਦੱਸਿਆ ਕਿ ਸਾਬਕਾ ਆਈ ਆਰ ਐਸ ਅਫਸਰ ਮਹੇਸ਼ ਪੂਰੀ ਨੂੰ ਪੰਜਾਬ ਵਿਜੀਲੈਂਸ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਗੈਰ ਅਧਿਕਾਰਤ ਤੌਰ ’ਤੇ ਵਿਭਾਗ ਦਾ ਕੰਮਕਾਜ ਵੇਖ ਰਿਹਾ ਹੈ।
ਇਸ ਮੌਕੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਐਨ ਕੇ ਸ਼ਰਮਾ, ਹਰਪ੍ਰੀਤ ਕੌਰ ਮੁਖਮੇਲਪੁਰ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੁਰਜੀਤ ਸਿੰਘ ਗੜ੍ਹੀ, ਕਬੀਰ ਦਾਸ, ਸਰਬਜੀਤ ਸਿੰਘ ਝਿੰਜਰ, ਜਗਮੀਤ ਹਰਿਆਊ, ਅਮਿਤ ਰਾਠੀ, ਜਸਪਾਲ ਸਿੰਘ ਬਿੱਟੂ ਚੱਠਾ, ਰਾਜਿੰਦਰ ਸਿੰਘ ਵਿਰਕ, ਮੱਖਣ ਸਿੰਘ ਲਾਲਕਾ, ਅਮਰਿੰਦਰ ਸਿੰਘ ਬਜਾਜ, ਅਮਰਜੀਤ ਸਿੰਘ ਪੰਜਰਥ, ਲਖਵੀਰ ਸਿੰਘ ਲੋਟ, ਜਸਮੇਰ ਸਿੰਘ ਲਾਛੜੂ ਅਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।