H-1B ਟੈਲੈਂਟ ਨੂੰ ਲੈ ਕੇ ਕੈਨੇਡਾ ਦੀ ਨਜ਼ਰ: PM ਕਾਰਨੀ ਨੇ ਕੀਤਾ ਐਲਾਨ - ਪੇਸ਼ੇਵਰ ਹੁਨਰਮੰਦਾਂ ਨੂੰ ਆਕਰਸ਼ਿਤ ਕਰਨ ਲਈ ਨਵਾਂ ਬਣੇਗਾ ਪ੍ਰੋਗਰਾਮ
ਬਾਬੂਸ਼ਾਹੀ ਬਿਊਰੋ
ਓਟਾਵਾ, 28 ਸਤੰਬਰ 2025 – ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਦੇ H-1B ਵੀਜ਼ਾ ਪ੍ਰੋਗਰਾਮ ਵਿੱਚ ਹਾਲੀਆ ਬਦਲਾਅ ਕਾਰਨ ਪ੍ਰਭਾਵਿਤ ਹੋਏ ਉੱਚ-ਹੁਨਰਮੰਦ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਲਈ ਕੈਨੇਡਾ ਜਲਦੀ ਹੀ ਨਵਾਂ ਪ੍ਰਸਤਾਵ ਲਿਆਵੇਗਾ।
ਅਮਰੀਕੀ ਸਰਕਾਰ ਨੇ H-1B ਵੀਜ਼ਾ ਅਰਜ਼ੀਆਂ ‘ਤੇ 1,00,000 ਡਾਲਰ ਦੀ ਨਵੀਂ ਫੀਸ ਲਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ੈਸਲੇ ਨਾਲ ਖ਼ਾਸ ਕਰਕੇ ਟੈਕਨਾਲੋਜੀ ਖੇਤਰ ਵਿੱਚ ਵਿਦੇਸ਼ੀ ਪੇਸ਼ੇਵਰਾਂ ਦੀ ਆਮਦ ਘਟੇਗੀ। ਮਾਹਰਾਂ ਅਨੁਸਾਰ ਵਾਧੂ ਖਰਚੇ ਕਾਰਨ ਹਰ ਮਹੀਨੇ ਹਜ਼ਾਰਾਂ ਮਨਜ਼ੂਰੀਆਂ ਹੋ ਸਕਦੀਆਂ ਹਨ।
ਕਾਰਨੀ ਨੇ ਸ਼ਨੀਵਾਰ ਨੂੰ ਕਿਹਾ, “ਇਹ ਕੈਨੇਡਾ ਲਈ ਮੌਕਾ ਹੈ। ਅਮਰੀਕਾ ਵਿੱਚ ਹੁਣ ਨਵੇਂ H-1B ਵੀਜ਼ਾ ਹੋਲਡਰਾਂ ਨੂੰ ਵੀਜ਼ਾ ਨਹੀਂ ਮਿਲੇਗਾ। ਇਹ ਲੋਕ ਹੁਨਰਮੰਦ ਹਨ ਅਤੇ ਅਸੀਂ ਜਲਦੀ ਹੀ ਇਸ ‘ਤੇ ਨਵੀਂ ਤਜ਼ਵੀਜ਼ ਲਿਆਵਾਂਗੇ।”
ਕੈਨੇਡਾ ਨੂੰ ਕਾਫ਼ੀ ਸਮੇਂ ਤੋਂ ਭਾਰਤੀ ਪ੍ਰਵਾਸੀਆਂ, ਖ਼ਾਸ ਕਰਕੇ ਟੈਕਨਾਲੋਜੀ ਅਤੇ ਇੰਜੀਨੀਅਰਿੰਗ ਖੇਤਰ ਤੋਂ, ਵੱਡਾ ਲਾਭ ਮਿਲਦਾ ਰਿਹਾ ਹੈ। ਅਪਰੈਲ 2022 ਤੋਂ ਮਾਰਚ 2023 ਤੱਕ ਕੈਨੇਡਾ ਵਿੱਚ ਆਏ 32,000 ਟੈਕ ਵਰਕਰਾਂ ਵਿੱਚੋਂ ਲਗਭਗ 15,000 ਭਾਰਤ ਤੋਂ ਸਨ। 2024 ਵਿੱਚ ਲਗਭਗ 87,000 ਭਾਰਤੀਆਂ ਨੇ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ—ਉਸ ਸਾਲ ਨਵੇਂ ਨਾਗਰਿਕਾਂ ਵਿੱਚ ਸਭ ਤੋਂ ਵੱਡਾ ਸਮੂਹ 2022 ਵਿੱਚ 1,18,000 ਤੋਂ ਵੱਧ ਭਾਰਤੀ ਕੈਨੇਡਾ ਦੇ ਸਥਾਈ ਨਿਵਾਸੀ ਬਣੇ, ਜੋ ਕੁੱਲ ਨਵੇਂ ਸਥਾਈ ਨਿਵਾਸੀਆਂ ਦਾ ਤਕਰੀਬਨ 30 ਫ਼ੀਸਦੀ ਸਨ।
ਸਿਰਫ ਕੈਨੇਡਾ ਹੀ ਨਹੀਂ ਯੂਰਪ ਵਾਲੇ ਇਸ ਹਾਲਤ ਦਾ ਲਾਹਾ ਲੈਣ ਦੀ ਤਾਕ ਵਿੱਚ ਹਨ । ਉਥੇ ਵੀ ਇਸੇ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਬ੍ਰਿਟੇਨ ਉੱਚ ਪੱਧਰੀ ਵਿਗਿਆਨ ਅਤੇ ਟੈਕਨਾਲੋਜੀ ਪੇਸ਼ੇਵਰਾਂ ਲਈ ਵੀਜ਼ਾ ਫੀਸ ਮੁਆਫ਼ ਕਰਨ ‘ਤੇ ਵਿਚਾਰ ਕਰ ਰਿਹਾ ਹੈ, ਜਦਕਿ ਜਰਮਨੀ ਨੇ ਭਾਰਤੀ ਕਰਮਚਾਰੀਆਂ ਨੂੰ ਖੁੱਲ੍ਹੇ ਸੱਦੇ ਦਿੱਤੇ ਹਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਆਪਣੀ ਅਰਥਵਿਵਸਥਾ ਲਈ ਮਹੱਤਵਪੂਰਨ ਦੱਸਿਆ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਅਮਰੀਕਾ ਚੋ ਕਢੇ ਜਾਂ ਰੋਕੇ H-1B ਪੇਸ਼ੇਵਰਾਂ ਦੇ ਇਕ ਹਿੱਸੇ ਨੂੰ ਵੀ ਆਪਣੇ ਪਾਸ ਲਿਆਉਣ ਵਿੱਚ ਸਫਲ ਹੁੰਦਾ ਹੈ ਤਾਂ ਇਸ ਨਾਲ ਦੇਸ਼ ਦੀ ਆਰਥਿਕ ਵਾਧੇ ਨੂੰ ਵੱਡੀ ਮਦਦ ਮਿਲੇਗੀ। ਉੱਚੇ ਵੇਤਨ ਵਾਲੇ ਇਹ ਹੁਨਰਮੰਦ ਕਰਮਚਾਰੀ ਨਾ ਸਿਰਫ਼ GDP ਨੂੰ ਵਧਾਉਣਗੇ ਬਲਕਿ ਟੈਕਨਾਲੋਜੀ ਖੇਤਰ ਵਿੱਚ ਮਜਦੂਰੀ ਦੀ ਘਾਟ ਨੂੰ ਵੀ ਪੂਰਾ ਕਰਨਗੇ।