Canada News: ਇੰਡੋ-ਕਨੇਡੀਅਨ ਸੀਨੀਅਰ ਸਿਟੀਜ਼ਨ ਸੋਸਾਇਟੀ ਸਰੀ ਦੇ ਮੈਂਬਰਾਂ ਨੇ ਲਾਇਆ ਡਰਬੀ ਪਾਰਕ ਦਾ ਪਿਕਨਿਕ ਟੂਰ
ਹਰਦਮ ਮਾਨ
ਸਰੀ, 28 ਸਤੰਬਰ 2025- ਇੰਡੋ-ਕਨੇਡੀਅਨ ਸੀਨੀਅਰ ਸਿਟੀਜ਼ਨ ਸੈਂਟਰ ਸੋਸਾਇਟੀ ਸਰੀ (ਬੀ.ਸੀ.) ਵੱਲੋਂ ਬੀਤੇ ਦਿਨੀਂ ਇਸ ਸਾਲ ਦਾ ਚੌਥਾ ਪਿਕਨਿਕ ਟੂਰ ਲਾਗਲੇ ਸ਼ਹਿਰ ਲੈਂਗਲੀ ਦੇ ‘ਡਰਬੀ ਰੀਚ ਰੀਜਨਲ ਪਾਰਕ’ ਵਿਖੇ ਲਾਇਆ ਗਿਆ।
ਬਲਬੀਰ ਸਿੰਘ ਢਿੱਲੋਂ ਦੀ ਅਗਵਾਈ ਵਿਚ 55 ਸੀਨੀਅਰ ਮੈਂਬਰ ਇਕ ਵਿਸ਼ੇਸ਼ ਬੱਸ ਰਾਹੀਂ ਪਾਰਕ ਵਿਚ ਪਹੁੰਚੇ। ਫਰੇਜ਼ਰ ਦਰਿਆ ਦੇ ਕੰਢੇ ‘ਤੇ ਸਥਿਤ ਪਾਰਕ ਵਿਚ ਦਿਲਕਸ਼ ਨਜ਼ਾਰਿਆਂ ਦਾ ਆਨੰਦ ਮਾਣਨ ਉਪਰੰਤ ਸਾਰੇ ਮੈਂਬਰਾਂ ਨੇ ਮਨੋਰੰਜਕ ਖੇਡਾਂ, ਗੀਤ-ਸੰਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਰਚਾਇਆ। ਇੱਥੇ ਹੀ ਹਰਚੰਦ ਸਿੰਘ ਗਿੱਲ ਨੇ ਕਾਵਿਕ ਮਹਿਫ਼ਿਲ ਦਾ ਸੰਚਾਲਨ ਕੀਤਾ ਜਿਸ ਵਿਚ ਕਈ ਮੈਂਬਰਾਂ ਨੇ ਗ਼ਜ਼ਲਾਂ, ਕਵਿਤਾਵਾਂ ਅਤੇ ਚੁਟਕਿਲਆਂ ਰਾਹੀਂ ਪ੍ਰੋਗਰਾਮ ਨੂੰ ਰੰਗੀਨ ਬਣਾਇਆ। ਸਾਰੇ ਮੈਂਬਰਾਂ ਲਈ ਸੁਆਦੀ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ।
ਬਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਟੂਰ ਰਾਹੀਂ ਸੀਨੀਅਰਾਂ ਮੈਂਬਰਾਂ ਵਿਚ ਆਪਸੀ ਮੇਲ-ਮਿਲਾਪ ਵਧਦਾ ਹੈ, ਖੁਸ਼ਗਵਾਰ ਮਾਹੌਲ ਮਿਲਦਾ ਹੈ, ਤਣਾਓ ਘਟਦਾ ਹੈ ਅਤੇ ਸਾਰੇ ਰਲ ਕੇ ਆਨੰਦ ਮਾਣਦੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੇ ਸਿਹਤਮੰਦ ਰਹਿਣ ਅਜਿਹੇ ਪਿਕਨਿਕ ਟੂਰ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਇਸ ਟੂਰ ਲਈ ਸਹਿਯੋਗ ਦੇਣ ਵਾਸਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।