ਜਾਣਕਾਰੀ ਦਿੰਦੇ ਹੋਏ SP ਰਾਕੇਸ਼ ਕੁਮਾਰ ਯਾਦਵ ,DSP ਰਮਿੰਦਰ ਸਿੰਘ ਕਾਹਲੋਂ ਅਤੇ ਹੋਰ
ਦੀਦਾਰ ਗੁਰਨਾ
ਖਮਾਣੋਂ/ਫਤਹਿਗੜ੍ਹ ਸਾਹਿਬ 29 ਜੂਨ 2025 : ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵੱਲੋਂ ਗੈਰ ਸਮਾਜਿਕ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀਆਂ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਨੇ ਲੁੱਟ ਖੋਹ ਦੇ ਇਕ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾਇਆ ਹੈ , ਇਹ ਪ੍ਰਗਟਾਵਾ ਐਸ.ਪੀ (ਡੀ) ਰਾਕੇਸ਼ ਕੁਮਾਰ ਯਾਦਵ ਨੇ ਅੱਜ ਪੁਲਿਸ ਥਾਣਾ ਖਮਾਣੋ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ ,
ਐਸ.ਪੀ ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਬੀਤੀ 27 ਜੂਨ ਨੂੰ ਇੱਕ ਡਾਕਟਰੀ ਰੁੱਕਾ ਸਮੇਤ ਐਮ.ਐਲ.ਆਰ ਮਸੂਲ ਹੋਈ ਕਿ ਮੁਹੰਮਦ ਜੀਆਰੂਪ ਪੁੱਤਰ ਮੁਹੰਮਦ ਅਜ਼ੀਮੂਦੀਨ, ਵਾਸੀ ਵਾਰਡ ਨੰਬਰ 12, ਮਨਸੂਰਪੁਰ ਰੋਡ, ਖਮਾਣੋਂ, ਜੋ ਕਿ ਨੇੜੇ ਮਸਜਿਦ ਕੋਲ ਸੂਆ ਖਮਾਣੋ ਪਾਸ ਸਲੀਮ ਮਨੀ ਟਰਾਂਸਫਰ ਦੀ ਦੁਕਾਨ ਕਰਦਾ ਹੈ, 26 ਜੂਨ ਨੂੰ ਰਾਤ ਕਰੀਬ 10 ਵਜੇ ਦੁਕਾਨ ਬੰਦ ਕਰਕੇ ਆਪਣੀ ਨਗਦੀ, ਪਿੱਠੂ ਬੈਗ ਵਿੱਚ ਪਾ ਕੇ, ਮੋਢੇ ਨਾਲ ਲਮਕਾ ਕੇ, ਆਪਣੇ ਮੋਟਰਸਾਈਕਲ ਨੰਬਰ ਪੀਬੀ 23 ਐਲ 9334 ਉੱਤੇ ਆਪਣੇ ਘਰ ਨੂੰ ਜਾ ਰਿਹਾ ਸੀ। ਸ਼੍ਰੀ ਯਾਦਵ ਨੇ ਦੱਸਿਆ ਕਿ ਜਦੋਂ ਮੁਹੰਮਦ ਜੀਆਰੂਪ ਨੇ ਮਨਸੂਰਪੁਰ ਰੋਡ ਖਮਾਣੋ ਤੋਂ ਖੱਬੇ ਪਾਸੇ ਆਪਣਾ ਮੋਟਰਸਾਈਕਲ ਮੋੜਿਆ ਤਾਂ ਅੱਗੇ ਕਰੀਬ 100 ਗਜ ਉੱਤੇ ਮੋਟਰ ਦੇ ਕੋਠੇ ਕੋਲ ਤਿੰਨ ਅਣਪਛਾਤੇ ਵਿਅਕਤੀ ਇਕਦਮ ਨਿਕਲੇ, ਜਿਨਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸੀ । ਐਸ.ਪੀ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਆਪਣੇ ਮੋਟਰਸਾਈਕਲ ਦੀ ਟੱਕਰ ਮੁਹੰਮਦ ਜੀਆਰੂਪ ਦੇ ਮੋਟਰਸਾਈਕਲ ਵਿੱਚ ਮਾਰ ਕੇ ਇਸ ਨੂੰ ਥੱਲੇ ਸੁੱਟ ਲਿਆ ਅਤੇ ਚਾਕੂ ਤੇ ਤੇਜ਼ਧਾਰ ਹਥਿਆਰ ਨਾਲ ਉਸ ਉੱਤੇ ਕਈ ਵਾਰ ਕੀਤੇ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਐਸ.ਪੀ ਨੇ ਦੱਸਿਆ ਕਿ ਫਿਰ ਇਹ ਵਿਅਕਤੀ, ਨਗਦੀ ਵਾਲਾ ਬੈਗ ਖੋਹ ਕੇ, ਮੋਟਰਸਾਈਕਲ ਉੱਤੇ, ਪਿੰਡ ਮਨਸੂਰਪੁਰ ਵਾਲੀ ਸਾਈਡ ਨੂੰ ਭੱਜ ਗਏ ਅਤੇ ਇਸ ਹੱਥੋਪਾਈ ਦੌਰਾਨ ਇੱਕ ਵਿਅਕਤੀ ਦੇ ਮੂੰਹ ਉੱਤੋਂ ਕੱਪੜਾ ਲੱਥ ਗਿਆ ਜਿਸ ਦੀ ਮੁਹੰਮਦ ਜੀਆਰੂਪ ਨੇ ਪਹਿਚਾਣ ਕਰਨਵੀਰ ਸਿੰਘ ਉਰਫ ਜੋਰਾ ਵਾਸੀ ਪਿੰਡ ਭਾਬਰੀ, ਥਾਣਾ ਖਮਾਣੋ ਵਜੋਂ ਕੀਤੀ ਕਿਉਂਕਿ ਇਹ ਵਾਰਦਾਤ ਕਰਨ ਤੋਂ ਪਹਿਲਾਂ ਕਰਨਵੀਰ ਉਸ ਦੀ ਦੁਕਾਨ ਉੱਤੇ ਆਉਂਦਾ ਜਾਂਦਾ ਰਹਿੰਦਾ ਸੀ
ਐਸ.ਪੀ ਸ਼੍ਰੀ ਯਾਦਵ ਨੇ ਦੱਸਿਆ ਕਿ ਮੁਹੰਮਦ ਜੀਆਰੂਪ ਕੋਲੋਂ ਕਰੀਬ ਪੰਜ ਲੱਖ ਰੁਪਏ ਕੈਸ਼ ਅਤੇ ਦੋ ਮੋਬਾਈਲ, ਵੀਵੋ ਕੰਪਨੀ ਦੇ, ਖੋਹ ਹੋ ਜਾਣ ਦੇ ਮਾਮਲੇ ਵਿੱਚ, ਮੁਹੰਮਦ ਜੀਆਰੂਪ ਦੇ ਬਿਆਨਾਂ 'ਤੇ ਮੁਕਦਮਾ ਨੰਬਰ 99 ਮਿਤੀ 27 ਜੂਨ 2025 ਅਰਧ ਧਾਰਾ 126 (2), 118 (1), 304,3 (5), ਬੀ ਐਨ ਐਸ ਥਾਣਾ ਖਮਾਣੋਂ ਵਿਖੇ ਦਰਜ ਕੀਤਾ ਗਿਆ , ਐਸ.ਪੀ ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਐਸ.ਐਸ.ਪੀ ਸ਼ੁਭਮ ਅਗਰਵਾਲ ਦੀਆਂ ਹਦਾਇਤਾਂ ਅਨੁਸਾਰ ਉਪ ਕਪਤਾਨ ਪੁਲਿਸ ਸਰਕਲ ਖਮਾਣੋ ਰਮਿੰਦਰ ਸਿੰਘ ਕਾਹਲੋਂ ਅਤੇ ਮੁੱਖ ਅਫਸਰ ਥਾਣਾ ਖਮਾਣੋ ਥਾਣੇਦਾਰ ਸਪਿੰਦਰ ਸਿੰਘ ਦੀ ਅਗਵਾਈ ਹੇਠ ਇਸ ਵਾਰਦਾਤ ਨੂੰ ਹੱਲ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ , ਉਹਨਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਲਈ ਥਾਣਾ ਖਮਾਣੋ ਦੀ ਪੁਲਿਸ ਪਾਰਟੀ ਵੱਲੋਂ ਇਸ ਵਾਰਦਾਤ ਵਿੱਚ ਸ਼ਾਮਿਲ ਵਿਅਕਤੀਆਂ ਨੂੰ 24 ਘੰਟੇ ਦੇ ਅੰਦਰ ਅੰਦਰ ਕਾਬੂ ਕਰਕੇ ਇਨ੍ਹਾਂ ਵਿਅਕਤੀਆਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਖੋਹ ਕੀਤੀ ਰਕਮ ਵਿੱਚੋਂ 4 ਲੱਖ ਰੁਪਏ, ਵਾਰਦਾਤ ਸਮੇਂ ਵਰਤਿਆ ਚਾਕੂ ਅਤੇ ਮੋਟਰਸਾਈਕਲ ਦੀ ਬਰਾਮਦਗੀ ਕਰਾਈ ਜਾ ਚੁੱਕੀ ਹੈ
ਐਸ.ਪੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਭਵਨਜੋਤ ਸਿੰਘ ਵਾਸੀ ਪਿੰਡ ਮਾਨਪੁਰ, ਥਾਣਾ ਖਮਾਣੋ ਅਤੇ ਬੀਰਦਵਿੰਦਰ ਸਿੰਘ ਵਾਸੀ ਪਿੰਡ ਭਾਬਰੀ, ਥਾਣਾ ਖਮਾਣੋ ਨੂੰ ਟਰੇਸ ਕਰਕੇ ਉਕਤ ਮੁਕਦਮੇ ਵਿੱਚ ਕਰਨਵੀਰ ਸਿੰਘ ਉਰਫ ਜੋਰਾ, ਭਵਨਜੋਤ ਸਿੰਘ ਅਤੇ ਬੀਰ ਦਵਿੰਦਰ ਸਿੰਘ ਨੂੰ ਮਿਤੀ 28 ਜੂਨ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਅਤੇ ਕਥਿਤ ਦੋਸ਼ੀਆਂ ਕੋਲੋਂ ਡੁੰਘਾਈ ਨਾਲ ਪੁੱਛਗਿਛ ਜਾਰੀ ਹੈ