ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸਪਿੰਦਰ ਸਿੰਘ
ਦੀਦਾਰ ਗੁਰਨਾ
ਖਮਾਣੋ/ਫ਼ਤਹਿਗੜ੍ਹ ਸਾਹਿਬ, 29 ਜੂਨ : ਖਮਾਣੋ ਤੋਂ ਮੀਡੀਆ ਦੇ ਇੱਕ ਹਿੱਸੇ ਵਿੱਚ ਅੱਜ ਪ੍ਰਕਾਸ਼ਿਤ ਹੋਈ ਇੱਕ ਖਬਰ ਦਾ ਖੰਡਨ ਕਰਦਿਆਂ ਥਾਣਾ ਖਮਾਣੋ ਦੇ ਮੁੱਖ ਅਫਸਰ ਸਬ ਇੰਸਪੈਕਟਰ ਸਪਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੇ ਮਾਮਲੇ ਦੀ ਖੁਦ ਪੜਤਾਲ ਕੀਤੀ ਹੈ ਅਤੇ "ਨਸ਼ਾ ਵੇਚਣ ਤੋਂ ਰੋਕਣ 'ਤੇ ਨੌਜਵਾਨ ਉਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਜ਼ਖਮੀ" ਸਿਰਲੇਖ ਹੇਠ ਪ੍ਰਕਾਸ਼ਿਤ ਖਬਰ ਵਿੱਚ ਕੋਈ ਸੱਚਾਈ ਨਹੀਂ ਹੈ , ਜ਼ਿਕਰਯੋਗ ਹੈ ਕਿ ਇਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਇੱਕ ਖਬਰ ਤੋਂ ਤੁਰੰਤ ਬਾਅਦ ਐਸ.ਐਸ.ਪੀ ਸ਼ੁਭਮ ਅਗਰਵਾਲ ਵੱਲੋਂ ਮਾਮਲੇ ਦੀ ਪੜਤਾਲ ਦੀ ਹਦਾਇਤ ਥਾਣਾ ਖਮਾਣੋਂ ਦੇ ਮੁਖੀ ਨੂੰ ਕੀਤੀ ਗਈ ਸੀ
ਐਸ ਆਈ ਨੇ ਦੱਸਿਆ ਕਿ ਮਿਤੀ 28 ਜੂਨ ਨੂੰ ਗੁਰਜਾਪ ਸਿੰਘ ਵਾਸੀ ਸਿੱਧੂਪੁਰ ਕਲਾਂ ਦੇ ਬਿਆਨ ਦੇ ਆਧਾਰ ਤੇ ਇੱਕ ਮਹਿਲਾ ਸਮੇਤ ਤਿੰਨ ਜਣਿਆਂ ਦੇ ਖਿਲਾਫ ਮੁਕਦਮਾ ਨੰਬਰ 100 ਦਰਜ ਕੀਤਾ ਗਿਆ ਸੀ , ਉਹਨਾਂ ਦੱਸਿਆ ਕਿ ਮੁਦਈ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਸੀ ਕਿ ਉਸਨੇ ਇਹਨਾਂ ਵਿਅਕਤੀਆਂ ਨੂੰ ਨਸ਼ਾ ਵੇਚਣ ਸਬੰਧੀ ਰੋਕਿਆ ਸੀ ਅਤੇ ਇਹਨਾਂ ਵਿਅਕਤੀਆਂ ਨੇ ਉਸਦੇ ਸੱਟਾਂ ਮਾਰੀਆਂ ਹਨ , ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਅੱਜ ਇੱਕ ਅਖਬਾਰ ਵਿੱਚ ਛਪੀ ਖਬਰ ਤੋਂ ਬਾਅਦ ਉਹਨਾਂ ਨੇ ਖੁਦ ਮਾਮਲੇ ਦੀ ਪੜਤਾਲ ਕੀਤੀ ਹੈ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਤਿੰਨ ਵਿਅਕਤੀਆਂ ਵਿੱਚੋਂ ਵਿਸ਼ਾਲ ਨਾਮ ਦੇ ਵਿਅਕਤੀ ਦੇ ਵੀ ਸੱਟਾਂ ਲੱਗਣ ਕਾਰਨ ਉਹ ਹਸਪਤਾਲ ਵਿੱਚ ਦਾਖਲ ਹੈ ਜਿਸ ਦਾ ਪੁਲਿਸ ਵੱਲੋਂ ਬਿਆਨ ਕਲਮਬੱਧ ਕੀਤਾ ਗਿਆ ਹੈ
ਥਾਣਾ ਮੁਖੀ ਨੇ ਦੱਸਿਆ ਕਿ ਵਿਸ਼ਾਲ ਵੱਲੋਂ ਆਪਣੇ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਮੁਦਈ ਵੱਲੋਂ ਉਸਦੇ ਦੋਸਤ ਦੀ ਮਾਤਾ ਬਾਰੇ ਮਾੜਾ ਚੰਗਾ ਬੋਲਿਆ ਜਾਂਦਾ ਸੀ ਅਤੇ ਇਸ ਸਬੰਧੀ ਮਾਤਾ ਨੇ ਉਹਨਾਂ ਨੂੰ ਪਹਿਲਾਂ ਵੀ ਦੱਸਿਆ ਸੀ ਜਿਸ ਕਾਰਨ ਇਹਨਾਂ ਦੀ ਆਪਸੀ ਲੜਾਈ ਹੋਈ ਹੈ , ਸਬ ਇੰਸਪੈਕਟਰ ਸਪਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਾਲ ਨੇ ਬਿਆਨ ਲਿਖਵਾਇਆ ਹੈ ਕਿ ਗੁਰਜਾਪ ਸਿੰਘ ਵੱਲੋਂ ਉਹਨਾਂ ਉੱਤੇ ਨਸ਼ਾ ਵੇਚਣ ਸਬੰਧੀ ਲਾਏ ਇਲਜ਼ਾਮ ਬਿਲਕੁਲ ਝੂਠੇ ਹਨ ,ਐਸਆਈ ਨੇ ਦੱਸਿਆ ਕਿ ਉਹਨਾਂ ਨੇ ਖੁਦ ਵੀ ਇਸ ਬਾਰੇ ਇਲਾਕੇ ਵਿੱਚ ਜਾ ਕੇ ਪੜਤਾਲ ਕੀਤੀ ਹੈ ਅਤੇ ਖਬਰ ਵਿੱਚ ਕੋਈ ਸੱਚਾਈ ਨਹੀਂ ਹੈ , ਥਾਣਾ ਮੁਖੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਫਿਰ ਵੀ ਨਸ਼ਾ ਵੇਚਣ ਸਬੰਧੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ