Babushahi Special: ਹੁੰਮਸ ਭਰੀ ਤਿੱਖੀ ਗਰਮੀ ਕਾਰਨ ਵੱਜੀ ਚੰਡ ਨੇ ਟਿਕਾਈ ਆਮ ਆਦਮੀ ਸਿਰ ਦੁੱਖਾਂ ਦੀ ਪੰਡ
ਅਸ਼ੋਕ ਵਰਮਾ
ਬਠਿੰਡਾ, 28 ਜੂਨ 2025:ਦੋ ਦਿਨ ਪਹਿਲਾਂ ਹੋਈ ਭਰਪੂਰ ਬਾਰਸ਼ ਅਤੇ ਅੱਜ ਪਏ ਹਲਕੇ ਮੀਂਹ ਦੇ ਬਾਵਜੂਦ ਲੋਕਾਂ ਨੂੰ ਤੇਵਰ ਦਿਖਾਉਣ ਲੱਗੀ ਹੁੰਮਸ ਭਰੀ ਅਜੀਬੋ ਗਰੀਬ ਕਿਸਮ ਦੀ ਗਰਮੀ ਨੇ ਬਠਿੰਡਾ ਪੱਟੀ ਵਿੱਚ ਆਮ ਜਨਜੀਵਨ ’ਚ ਅੜਿੱਕੇ ਡਾਹੁਣੇ ਸ਼ੁਰੂ ਕਰ ਦਿੱਤੇ ਹਨ। ਅੱਜ ਦਿਨ ਚੜ੍ਹਨ ਸਾਰ ਸਵੇਰ ਵਕਤ ਨਿਕਲੀ ਤਿੱਖੀ ਧੁੱਪ ਕਾਰਨ ਬਣੇ ਚਿਪਚਿਪੇ ਮੌਸਮ ਨੇ ਤਾਂ ਮੀਂਹ ਕਾਰਨ ਮਿਲੀ ਆਰਜੀ ਰਾਹਤ ਵੀ ਖਤਮ ਕਰ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਤਾਪਮਾਨ ਨੀਵਾਂ ਹੋਇਆ ਹੈ ਪਰ ਤਿੱਖੀ ਚੁਭਵੀਂ ਧੁੱਪ ਨਿਕਲਣ ਕਰਕੇ ਤਾਪਮਾਨ ’ਚ ਆਈ ਗਿਰਾਵਟ ਦਾ ਕੋਈ ਲਾਹਾ ਨਹੀਂ ਹੋ ਰਿਹਾ ਹੈ। ਵੱਡੀ ਗੱਲ ਹੈ ਕਿ ਇਸ ਤਰਾਂ ਦੇ ਮੌਸਮ ਦਰਮਿਆਨ ਹੱਥੀ ਕੰਮ ਕਰਨ ਵਾਲਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਖਣ ’ਚ ਆਇਆ ਹੈ ਕਿ ਹੁੰਮਸ ਕਾਰਨ ਏਅਰ ਕੰਡੀਸ਼ਨਰਾਂ ਦੀ ਚਾਲ ਵਧੀ ਹੈ ਜਦੋਂਕਿ ਕੂਲਰ ਸਿਰਫ ਹਵਾ ਤੱਕ ਸੀਮਤ ਰਹਿ ਗਏ ਹਨ।
ਹਾਲਾਂਕਿ ਰਾਤ ਵੇਲੇ ਤਾਪਮਾਨ ਪਹਿਲਾਂ ਦੇ ਮੁਕਾਬਲੇ ਕਾਫੀ ਨੀਵਾਂ ਰਹਿ ਰਿਹਾ ਹੈ ਪਰ ਹੁੰਮਸ ਦੇ ਚਲਦਿਆਂ ਘਟਿਆ ਪਾਰਾ ਵੀ ਆਪਣਾ ਰੰਗ ਜਮਾਉਣ ’ਚ ਅਸਫਲ ਸਾਬਤ ਹੋਣ ਲੱਗਿਆ ਹੈ। ਲੰਘੇ ਦਿਨ ਪਈ ਬਾਰਸ਼ ਅਤੇ ਤੇਜ ਹਵਾਵਾਂ ਕਾਰਨ ਮੌਸਮ ’ਚ ਇਕਦਮ ਠੰਢਕ ਆ ਗਈ ਸੀ ਪਰ ਇੱਕ ਦਿਨ ਬਾਅਦ ਮੌਸਮ ’ਚ ਤਬਦੀਲੀ ਦਰਜ ਕੀਤੀ ਜਾ ਰਹੀ ਹੈ। ਬੀਤੀ 27 ਜੂਨ ਨੂੰ ਬਠਿੰਡਾ ਜਿਲ੍ਹੇ ‘ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸ਼ੀਅਸ ਦਰਜ ਕੀਤਾ ਗਿਆ ਸੀ ਜਦੋਂਕਿ ਘੱਟੋ ਘੱਟ ਤਾਪਮਾਨ 24.2 ਡਿਗਰੀ ਸੈਲਸ਼ੀਅਸ ਰਿਹਾ ਸੀ। ਇਸ ਦਿਨ ਵਾਤਾਵਰਨ ਵਿੱਚ ਸਿੱਲ੍ਹ ਦੀ ਵੱਧ ਤੋਂ ਵੱਧ ਮਾਤਰਾ 88 ਫੀਸਦੀ ਅਤੇ ਘੱਟੋ ਘੱਟ 57 ਫੀਸਦੀ ਰਹੀ ਸੀ ਜੋ ਇੱਕ ਦਿਨ ਪਹਿਲਾਂ 26 ਜੂਨ ਨੂੰ ਕ੍ਰਮਵਾਰ 85 ਅਤੇ 82 ਫੀਸਦੀ ਰਹੀ ਸੀ। ਇਸ ਦਿਨ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 27.2 ਡਿਗਰੀ ਸੈਲਸ਼ੀਅਸ ਦਰਜ ਕੀਤਾ ਗਿਆ ਸੀ।
ਇਸ ਤੋਂ ਸਪਸ਼ਟ ਹੈ ਕਿ ਇਸ ਦੌਰਾਨ ਤਾਪਮਾਨ ਦੋ ਡਿਗਰੀ ਵਧਿਆ ਹੈ ਅਤੇ ਬਾਰਸ਼ ਕਾਰਨ ਵਾਤਾਵਰਨ ’ਚ ਨਮੀ ਦੀ ਮਾਤਰਾ ਵੀ ਵਧਣ ਲੱਗੀ ਹੈ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟੋ ਘੱਟ 26 ਡਿਗਰੀ ਤੋਂ ਇਲਾਵਾ ਸਿੱਲ੍ਹ ਦੀ ਮਾਤਰਾ 84 ਤੇ 74 ਫੀਸਦੀ ਅਤੇ 9 ਮਿਲੀਮੀਟਰ ਬਾਰਸ਼ ਦੀ ਸੰਭਾਵਨਾ ਹੈ ਜਦੋਂਕਿ ਸੋਮਵਾਰ ਨੂੰ ਤਾਪਮਾਨ 31ਡਿਗਰੀ ਤੇ 26 ਡਿਗਰੀ ਸੈਲਸ਼ੀਅਸ ਰਹਿ ਸਕਦਾ ਹੈ ਅਤੇ 15 ਮਿਲੀਮੀਟਰ ਤੱਕ ਬਾਰਸ਼ ਦੇ ਅਨੁਮਾਨ ਹਨ। ਇਸ ਦਿਨ ਸਿੱਲ੍ਹ ਦੀ ਮਾਤਰਾ ਕ੍ਰਮਵਾਰ 88 ਅਤੇ 78 ਫੀਸਦੀ ਰਹਿ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਪਹਿਲੀ ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟ ਤੋਂ ਘੱਟ 25 ਡਿਗਰੀ ਰਹਿ ਸਕਦਾ ਹੈ ਅਤੇ 9 ਮਿਲੀਮੀਟਰ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦਿਨ ਸਿੱਲ੍ਹ ਦੀ ਹੁਣ ਤੱਕ ਦੀ ਸਭ ਤੋਂ ਵੱਧ ਮਾਤਰਾ 89 ਫੀਸਦੀ ਅਤੇ ਘੱਟ 85 ਪ੍ਰਤੀਸ਼ਤ ਰਹੇਗੀ।
ਮੌਸਮ ਵਿਭਾਗ ਨੇ ਦੋ ਜੁਲਾਈ ਨੂੰ ਤਾਪਮਾਨ ਕ੍ਰਮਵਾਰ 31 ਅਤੇ 35 ਡਿਗਰੀ ਸਿੱਲ੍ਹ ਦੀ ਮਾਤਰਾ 85 ਤੇ 75 ਫੀਸਦੀ ਅਤੇ 9 ਮਿਲੀਮੀਟਰ ਬਾਰਸ਼ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀ ਜਤਿੰਦਰ ਕੌਰ ਦਾ ਕਹਿਣਾ ਸੀ ਕਿ ਜਿਸ ਤਰਾਂ ਦਾ ਮੌਸਮ ਚੱਲ ਰਿਹਾ ਹੈ ਅਗਲੇ ਕੁੱਝ ਦਿਨ ਹੋਰ ਏਦਾਂ ਦਾ ਹੀ ਰਹਿਣ ਦੇ ਅਨੁਮਾਨ ਹਨ। ਉਨ੍ਹਾਂ ਦੱਸਿਆ ਕਿ ਅਗਾਮੀ ਇੱਕ ਅਤੇ ਦੋ ਜੁਲਾਈ ਨੂੰ ਭਾਰੀ ਮੀਂਹ ਅਤੇ ਗਰਜ ਚਮਕ ਨਾਲ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ । ਇਸ ਦੌਰਾਨ ਠੰਢੇ ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਦੇ ਧੰਦੇ ’ਚ ਗਰਮੀ ਜਾਰੀ ਹੈ । ਅਰੋੜਾ ਵਰਾਇਟੀ ਸਟੋਰ ਦੇ ਗੋਰਾ ਲਾਲ ਅਰੋੜਾ ਦਾ ਕਹਿਣਾ ਸੀ ਕਿ ਕੋਲਡ ਡਰਿੰਕ, ਲੱਸੀ ਅਤੇ ਹੋਰ ਕਈ ਵਸਤਾਂ ਦੀ ਵਿੱਕਰੀ ਵਧੀ ਹੈ ਪਰ ਮੇਵਿਆਂ ਦਾ ਬਜਤਾਰ ਠੰਢਾ ਠਾਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਲੰਘੇ ਕੁੱਝ ਦਿਨਾਂ ਤੋਂ ਠੰਢਾ ਪਾਣੀ ਲਿਜਾਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਸਿਹਤ ਵਿਭਾਗ ਚੌਕਸ:ਸਿਵਲ ਸਰਜਨ
ਮੌਸਮ ਦੇ ਮੱਦੇਨਜ਼ਰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਮੁਸਤੈਦ ਹੋ ਗਿਆ ਹੈ। ਸਿਵਲ ਸਰਜਨ ਬਠਿੰਡਾ ਡਾ ਰਮਨਦੀਪ ਸਿੰਗਲਾ ਨੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ’ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਤਹਿਤ ਡੇਂਗੂ ਤੋਂ ਬਚਾਅ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦਾ ਲਾਰਵਾ ਬਣਨ ਤੋਂ ਰੋਕਣ ਅਤੇ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀ ਵਰਤਣੀ ਲਾਜ਼ਮੀ ਹੈ। ਉਨ੍ਹਾਂ ਲੋਕਾਂ ਨੂੰ ਘਰਾਂ ਅੰਦਰ ਕੂਲਰਾਂ ਦੀ ਸਫਾਈ, ਛੱਤਾਂ ’ਤੇ ਪਏ ਖਾਲੀ ਟਾਇਰਾਂ, ਗਮਲਿ੍ਹਆਂ ਤੇ ਹੋਰ ਬਰਤਨਾਂ ਆਦਿ ਵਿਚ ਪਾਣੀ ਨਾ ਜਮ੍ਹਾਂ ਹੋਣ ਦੇਣ ਦੀ ਅਪੀਲ ਕੀਤੀ ਹੈ।
ਕਈ ਤਰਾਂ ਦੇ ਰੋਗਾਂ ਦਾ ਖਤਰਾ
ਮਾਨ ਸੁਪਰਸਪੈਸ਼ਲਿਟੀ ਹਸਪਤਾਲ ਬਠਿੰਡਾ ਦੇ ਡਾਕਟਰ ਬੇਅੰਤ ਸਿੰਘ ਮਾਨ ਦਾ ਕਹਿਣਾ ਸੀ ਕਿ ਹੁੰਮਸ ਭਰੇ ਮੌਸਮ ਦੌਰਾਨ ਵਡੇਰੀ ਉਮਰ ਵਾਲੇ ਬਜ਼ੁਰਗਾਂ ਅਤੇ ਬੱਚਿਆਂ ’ਚ ਇਨਫੈਕਸ਼ਨ ਵਧਣ ਦਾ ਖਤਰਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡੀਹਾੲਡਰੇਸ਼ਨ ਵਰਗੀ ਬਿਮਾਰੀ ਹੋਣਾ ਵੀ ਸਧਾਰਨ ਗੱਲ ਹੈ। ਡਾਕਟਰ ਮਾਨ ਨੇ ਹੁੰਮਸ ਨੂੰ ਦੇਖਦਿਆਂ ਬਾਹਰ ਜਾਣ ਤੋਂ ਗੁਰੇਜ਼ ਕਰਨ ਅਤੇ ਭਰਪੂਰ ਮਾਤਰਾ ’ਚ ਪਾਣੀ ਪੀਣ ਦੇ ਨਾਲ ਨਾਲ ਤਲੀਆਂ ਵਸਤਾਂ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ ਹੈ।