ਇੰਪਰੂਵਮੈਂਟ ਟਰੱਸਟ ਦੀ ਮਲਕੀਅਤ ਵਾਲੀ ਜਗ੍ਹਾ ਬਾਰੇ ਕੁਝ ਸ਼ਰਾਰਤੀ ਲੋਕਾਂ ਨੇ ਨਿਹੰਗ ਜਥੇਬੰਦੀ ਨੂੰ ਕੀਤਾ ਗੁੰਮਰਾਹ-ਚੇਅਰਮੈਨ ਯਸ਼ਪਾਲ ਚੌਹਾਨ
- ਕਿਹਾ-ਧਰਮਪੁਰਾ ਕਲੋਨੀ ਬਟਾਲਾ ਸਮੇਤ ਕਿਸੇ ਵੀ ਸਰਕਾਰੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ
ਰੋਹਿਤ ਗੁਪਤਾ
ਬਟਾਲਾ, 20 ਅਗਸਤ 2025 - ਬਟਾਲਾ ਸ਼ਹਿਰ ਦੀ ਪੌਸ਼ ਧਰਮਪੁਰਾ ਕਾਲੋਨੀ ਵਿਖੇ ਇੰਪਰੂਵਮੈਂਟ ਟਰੱਸਟ ਬਟਾਲਾ ਦੀ ਮਲਕੀਅਤ ਵਾਲੀ ਜਗ੍ਹਾ ਬਾਰੇ ਕੁਝ ਸ਼ਰਾਰਤੀ ਲੋਕਾਂ ਨੇ ਨਿਹੰਗ ਜਥੇਬੰਦੀ ਨੂੰ ਗੁੰਮਰਾਹ ਕੀਤਾ ਹੈ, ਜੋ ਅਤਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹ ਪ੍ਰਗਟਾਵਾ ਸ੍ਰੀ ਯਸ਼ਪਾਲ ਚੌਹਾਨ, ਚੇਅਰਮੈਨ ਇੰਪਰੂਵਮੈਂਟ ਟਰੱਸਟ ਬਟਾਲਾ, ਇੰਪਰੂਵਮੈਂਟ ਟਰੱਸਟ ਬਟਾਲਾ ਦੇ ਐਕਸੀਅਨ ਬਿਕਰਮ ਸਿੰਘ ਤੇ ਕਾਰਜਸਾਧਕ ਅਫਸਰ ਅਰਵਿੰਦ ਸ਼ਰਮਾ ਨੇ ਆਪਣੇ ਦਫਤਰ ਵਿਖੇ ਪੱਤਰਕਾਰ ਸਾਥੀਆਂ ਨਾਲ ਕੀਤੀ ਗੱਲਬਾਤ ਦੌਰਾਨ ਕੀਤਾ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਚੇਅਰਮੈਨ ਯਸ਼ਪਾਲ ਚੌਹਾਨ ਅਤੇ ਟਰੱਸਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਧਰਮਪੁਰਾ ਕਾਲੋਨੀ ਵਿਖੇ ਇੰਪਰੂਵਮੈਂਟ ਟਰੱਸਟ ਬਟਾਲਾ ਦੀ ਮਾਲਕੀ ਵਾਲੀ ਕਮੀਰੀਸ਼ਲ ਜਗ੍ਹਾ ਹੈ, ਜਿਸ ਉੱਪਰ ਨਾਜਾਇਜ ਕਬਜ਼ਾ ਕੀਤਾ ਹੋਇਆ ਹੈ। ਇਸ ਸਬੰਧੀ ਟਰੱਸਟ ਵਲੋਂ ਸਤਿਕਾਰਯੋਗ ਨਿਹੰਗ ਜਥੇਬੰਦੀ ਨਾਲ ਗੱਲ ਕੀਤੀ ਗਈ ਹੈ ਕਿ ਇਹ ਜਗ੍ਹਾ ਇੰਪਰੂਵਮੈਂਟ ਟਰੱਸਟ ਬਟਾਲਾ ਦੀ ਮਲਕੀਅਤ ਹੈ।
ਉਨਾਂ ਦੱਸਿਆ ਕਿ ਬੀਤੇ ਕੱਲ੍ਹ ਵੀ ਉਨਾਂ ਵਲੋਂ ਅਤੇ ਟਰੱਸਟ ਦੇ ਅਧਿਕਾਰੀਆਂ ਵਲੋਂ ਨਿਹੰਗ ਜਥੇਬੰਦੀ ਦੇ ਬਾਬਾ ਜੀ ਨੂੰ ਮਿਲ ਕੇ ਮੀਟਿੰਗ ਕੀਤੀ ਗਈ ਸੀ ਕਿ ਉਹ ਪ੍ਰਸ਼ਾਸਨ ਨਾਲ ਸਹਿਯੋਗ ਕਰਨ।
ਚੇਅਰਮੈਨ ਯਸ਼ਪਾਲ ਚੌਹਾਨ ਨੇ ਕਿਹਾ ਕਿ ਨਿਹੰਗ ਜਥੇਬੰਦੀ ਨੂੰ ਕੁਝ ਲੋਕਾਂ ਵਲੋਂ ਗੁੰਮਰਾਹ ਕੀਤਾ ਗਿਆ, ਪੂਰੀ ਸੱਚਾਈ ਨਹੀਂ ਦੱਸੀ ਗਈ ਅਤੇ ਤੱਥਾਂ ਤੋਂ ਓਹਲੇ ਰੱਖਿਆ ਗਿਆ। ਉਨਾਂ ਦੱਸਿਆ ਕਿ ਕੁਝ ਸ਼ਰਾਰਤੀ ਲੋਕ ਇਸ ਮੁੱਦੇ ਨੂੰ ਧਾਰਮਿਕ ਰੰਗਤ ਦੇ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਨਾਂ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਹੋ ਚੁੱਕੀ ਹੈ।
ਇਸ ਮੌਕੇ ਚੇਅਰਮੈਨ ਯਸ਼ਪਾਲ ਚੌਹਾਨ ਨੇ ਪੱਤਰਕਾਰਾਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਵਿਖਾਉਂਦਿਆਂ ਦੱਸਿਆ ਕਿ 31 ਮਾਰਚ 2010 ਨੂੰ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ ਕਿ। ਇਹ ਮੋਜੂਦਾ ਜਗ੍ਹਾ ਕਮਰੀਸ਼ੀਲ ਹੈ, ਜਿਥੇ ਟਰੱਸਟ ਵਲੋਂ ਸ਼ਾਪ ਕੰਪਲੈਕਸ ਦੀ ਉਸਾਰੀ ਕਰਵਾਈ ਜਾਣੀ ਹੈ।
ਉਨਾਂ ਅੱਗੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤਹਿਤ ਹੀ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਰਕਾਰੀ ਥਾਂ ਉੱਪਰ ਨਜਾਇਜ਼ ਕਬਜ਼ੇ ਨੂੰ ਹਟਾਇਆ ਜਾ ਰਿਹਾ ਹੈ, ਇਸ ਲਈ ਇੰਪੂਰਵਮੈਂਟ ਟਰੱਸਟ ਬਟਾਲਾ ਸਰਕਾਰੀ ਜਗ੍ਹਾ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਪਾਬੰਦ ਹੈ।
ਉਨਾਂ ਨਿਹੰਗ ਜਥੇਬੰਦੀ ਨੂੰ ਆਦਰ ਸਹਿਤ ਬੇਨਤੀ ਕੀਤੀ ਕਿ ਇਹ ਥਾਂ ਸਾਫ਼-ਸੁਥਰੀ ਨਹੀਂ ਹੈ ਅਤੇ ਅਵਾਰਾ ਜਾਨਵਰ ਵੀ ਓਥੇ ਘੁੰਮਦੇ ਰਹਿੰਦੇ ਹਨ, ਜਿਸ ਨਾਲ ਸੰਗਤਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਇਸ ਲਈ ਸੰਗਤਾਂ ਦੀਆਂ ਭਾਵਨਾਂ ਅਤੇ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਨਿਹੰਗ ਜਥੇਬੰਦੀ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਓਥੋਂ ਕਿਸੇ ਹੋਰ ਢੁੱਕਵੀਂ ਥਾਂ ਜਾਂ ਗੁਰਦੁਆਰਾ ਸਾਹਿਬ ਵਿਖੇ ਲੈ ਜਾਣਾ ਚਾਹੀਦਾ ਹੈ, ਜਿੱਥੇ ਪੂਰੀ ਗੁਰ ਮਰਿਆਦਾ ਦੀ ਪਾਲਣਾ ਹੋ ਸਕੇ।
ਚੇਅਰਮੈਨ ਯਸ਼ਪਾਲ ਚੌਹਾਨ ਨੇ ਦੱਸਿਆ ਕਿ ਇਸੇ ਹੀ ਥਾਂ ਉੱਪਰ ਭਗਤ ਕਬੀਰ ਜੀ ਦਾ ਭਵਨ ਬਣਾ ਕੇ ਭਗਤ ਕਬੀਰ ਜੀ ਦੀ ਮੂਰਤੀ ਸਥਾਪਤ ਕੀਤੀ ਹੋਈ ਸੀ। ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੀਬ ਪੰਥੀ ਸੰਗਤ ਦੇ ਸਹਿਯੋਗ ਨਾਲ ਭਗਤ ਕਬੀਰ ਜੀ ਦੀ ਮੂਰਤੀ ਪੂਰੀ ਸ਼ਰਧਾ ਤੇ ਸਤਿਕਾਰ ਸਹਿਤ ਭਗਤ ਕਬੀਰ ਜੀ ਭਵਨ, ਧਰਮਕੋਟ ਬੱਗਾ ਵਿਖੇ ਸਥਾਪਿਤ ਕਰ ਦਿੱਤੀ ਹੈ ਗਈ ਹੈ, ਜਿਸ ਲਈ ਉਹ ਕਬੀਰ ਪੰਥੀ ਸਮਾਜ ਦਾ ਧੰਨਵਾਦ ਕਰਦੇ ਹਨ।