ਵਿਆਹ ਪੁਰਬ ਦੌਰਾਨ ਨਗਰ ਨਿਗਮ ਦੀ ਪ੍ਰਮਿਸ਼ਨ ਤੋ ਬਿਨ੍ਹਾਂ ਕੋਈ ਵੀ ਸਟਾਲ ਜਾਂ ਲੰਗਰ ਆਦਿ ਨਾ ਲਗਾਇਆ ਜਾਵੇ-ਕਮਿਸ਼ਨਰ ਨਗਰ ਨਿਗਮ
- ਸਾਫ਼-ਸਫ਼ਾਈ, ਵਾਟਰ ਸਪਲਾਈ, ਸੀਵਰੇਜ਼ ਅਤੇ ਸਟਰੀਟ ਲਾਈਟਾਂ ਦੀ ਮੁਸ਼ਕਿਲ ਦੇ ਹੱਲ ਲਈ ਹੈਲਪ ਨੰਬਰ ਜਾਰੀ
ਰੋਹਿਤ ਗੁਪਤਾ
ਬਟਾਲਾ, 20 ਅਗਸਤ 2025 - ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ, ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਟਾਲਾ ਸ਼ਹਿਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦਾ ਵਿਆਹ ਪੁਰਬ ਬੜੀ ਧੂਮ-ਧਾਮ ਨਾਲ 30 ਅਗਸਤ 2025 ਨੂੰ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ।
ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਕਿਹਾ ਕਿ ਸੰਗਤਾਂ ਦੀ ਆਮਦ ਤੇ ਸਹੂਲਤ ਨੂੰ ਮੁੱਖ ਰੱਖਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵਿਆਹ ਪੁਰਬ ਦੌਰਾਨ ਲੰਗਰ ਲਗਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਰੇਹੜੀ ਤੇ ਦੁਕਾਨ ਆਦਿ ਲਗਾਉਣ ਤੋ ਪਹਿਲਾਂ ਨਗਰ ਨਿਗਮ, ਬਟਾਲਾ ਤੋ ਲਿਖਤ ਰੂਪ ਵਿੱਚ ਮੰਨਜੂਰੀ ਜਰੂਰ ਲਈ ਜਾਵੇ ਅਤੇ ਆਪਣੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ/ਹੈਲਪਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਖਾਣਾ ਬਣਾਉਣ ਜਾਂ ਸਰਵ ਕਰਨ ਸਮੇ ਉਨ੍ਹਾਂ ਦੇ ਸਿਰ ਢੱਕੇ ਹੋਣੇ ਚਾਹੀਦੇ ਹਨ ਅਤੇ ਹੱਥਾਂ ਤੇ ਦਸਤਾਨੇ ਪਾਏ ਹੋਣੇ ਚਾਹੀਦੇ ਹਨ ਅਤੇ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਹਰ ਇੱਕ ਈਟਿੰਗ ਪੁਆਇੰਟ ’ਤੇ ਸਾਫ਼-ਸਫ਼ਾਈ ਤੇ ਹਾਈਜਨ ਦਾ ਧਿਆਨ ਰੱਖਿਆ ਜਾਵੇ ਅਤੇ ਉਕਤ ਜਗ੍ਹਾ ’ਤੇ ਡਸਟਬੀਨ ਲੱਗੇ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਇਸ ਵਿੱਚ ਕਿਸੇ ਕਿਸਮ ਦੀ ਕੋਈ ਅਣਗਹਿਲੀ/ਲਾਪਵਾਹੀ ਨਾ ਵਰਤੀ ਜਾਵੇ।
ਉਨਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਵਿਆਹ ਪੁਰਬ ਦੋਰਾਨ ਸ਼ਹਿਰ ਵਿੱਚ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਜਾਰੀ ਕੀਤੇ ਹੈਲਪ ਲਾਈਨ ਨੰਬਰਾਂ ਤੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਜੇਕਰ ਸਾਫ਼-ਸਫ਼ਾਈ ਸਬੰਧੀ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਜਗਦੀਪ ਸਿੰਘ, ਸੀ.ਐਸ.ਓ ਦੇ ਮੋਬਾਇਲ ਨੰਬਰ 80540-01688, ਵਾਟਰ ਸਪਲਾਈ ਅਤੇ ਸੀਵਰੇਜ਼ ਸਬੰਧੀ ਮੁਸ਼ਕਿਲ ਲਈ ਜੇ.ਈ ਅਮਨ ਨਾਲ ਮੋਬਾਇਲ ਨੰਬਰ 88377-96662 ਅਤੇ ਹਰਮਨ ਸਿੰਘ, ਸੁਪਰਵਾਈਜ਼ਰ 84275-66323 ਅਤੇੇ ਸਟਰੀਟ ਲਾਈਟਾਂ ਦੀ ਸਮੱਸਿਆ ਦੇ ਹੱਲ ਲਈ ਧਰਮਜੀਤ ਸਿੰਘ ਦੇ ਮੋਬਾਇਲ ਨੰਬਰ 84270-02090 ਅਤੇ ਰਾਜੇਸ਼ ਸਿੰਘ, ਇਲੈਕਟ੍ਰਿਸ਼ੀਅਨ ਦੇ ਮੋਬਾਇਲ ਨੰਬਰ 79860-25486 ’ਤੇ ਸੰਪਰਕ ਕੀਤਾ ਜਾ ਸਕਦਾ ਹੈ।