STEM ਅਧੀਨ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚੋਂ ਸੇਂਟ ਕਬੀਰ ਪਬਲਿਕ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 20 ਅਗਸਤ 2025 - ਸੇਂਟ ਕਬੀਰ ਪਬਲਿਕ ਸਕੂਲ, ਸੁਲਤਾਨਪੁਰ- ਗੁਰਦਾਸਪੁਰ ਹਮੇਸ਼ਾ ਆਪਣੇ ਹੁਨਰ ਨੂੰ ਪ੍ਰਤੱਖ ਕਰਨ ਅਤੇ ਹਰ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਲਈ ਬੇਮਿਸਾਲ ਯੋਗਦਾਨ ਪਾਉਂਦਾ ਰਿਹਾ ਹੈ। ਆਪਣੀ ਇਸੇ ਤੋਰ ਨੂੰ ਅੱਗੇ ਵਧਾਉਂਦਿਆਂ ਇਸ ਵਾਰ ਫਿਰ ਸੇਂਟ ਕਬੀਰ ਸਕੂਲ ਦਾ ਵਿਗਿਆਨ ਮਾਡਲ ਪਹਿਲੇ ਨੰਬਰ 'ਤੇ ਰਿਹਾ ਹੈ। ਇਹ STEM ਅਧੀਨ ਜ਼ਿਲ੍ਹਾ ਪੱਧਰੀ (ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥੇਮੈਟਿਕਲ)ਇੰਟਰ - ਸਕੂਲ ਮੁਕਾਬਲਾ ਆਰ.ਡੀ. ਖੋਸਲਾ ਸਕੂਲ, ਬਟਾਲਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਲਗਭਗ 16 ਸਕੂਲ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਸਾਹਿਬਾਨਾ ਨੇ ਹਿੱਸੇਦਾਰੀ ਲਈ।
ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਪ੍ਰਿੰਸੀਪਲ ਐਸ. ਬੀ. ਨਾਇਰ ਜੀ ਨੇ ਦੱਸਿਆ ਕਿ ਸਾਡੇ ਸਕੂਲ ਦੇ ਵਿਗਿਆਨ ਅਧਿਆਪਕ ਸਤਨਾਮ ਸਿੰਘ ਜੀ ਦੇ ਸਹਿਯੋਗ ਦੁਆਰਾ ਮਾਡਲ ਤਿਆਰ ਕੀਤਾ ਗਿਆ। ਜਿਸ ਵਿੱਚ ਗਣਿਤ ਵਿਗਿਆਨ ਵਿਸ਼ੇ ਨਾਲ ਸਬੰਧਿਤ 'ਪਾਈ' ਦੀ ਵੈਲਿਊ ਨੂੰ ਤਿੰਨ ਡਿਜਿਟ ਤੱਕ ਅੰਕਣ ਕਰਨ ਨੂੰ ਸਫਲਤਾ ਪੂਰਵਕ ਦਰਸਾਇਆ ਗਿਆ।
ਇਸ ਤੋਂ ਇਲਾਵਾ ਇੱਕ ਹੋਰ ਤਿਆਰ ਕੀਤੇ ਮਾਡਲ 'ਵੇਸਟ ਮੈਨੇਜਮੈਂਟ' ਰਾਹੀਂ ਇੰਡਸਟਰੀ ਚਿਮਨੀ ਵਿੱਚੋਂ ਨਿਕਲਦੇ ਪ੍ਰਦੂਸ਼ਿਤ ਕਣਾਂ ਤੇ ਤੱਤਾਂ ਨੂੰ ਖਤਮ ਕਰਨ ਅਤੇ ਵਾਯੂਮੰਡਲ ਨੂੰ ਸ਼ੁੱਧ ਹਵਾ ਪ੍ਰਦਾਨ ਕਰਨ ਸੰਬੰਧੀ ਵੀ ਪ੍ਰੋਜੈਕਟ ਮਾਡਲ ਰਾਹੀਂ ਪੇਸ਼ਕਾਰੀ ਕੀਤੀ ਗਈ।
ਇਹਨਾਂ ਵਿਸ਼ਿਆਂ ਦਾ ਮੁੱਖ ਮੰਤਵ ਐਨ.ਈ.ਪੀ - 2020 ਸਿੱਖਿਆ ਸਿਖਲਾਈ ਨੂੰ ਮੱਦੇ ਨਜ਼ਰ ਰੱਖਦਿਆਂ ਵਿਦਿਆਰਥੀਆਂ ਨੂੰ ਲਿਖਤੀ ਪੜ੍ਹਾਈ ਦੇ ਨਾਲ- ਨਾਲ ਪ੍ਰਯੋਗੀ ਜਾਣਕਾਰੀ ਵਿੱਚ ਵੀ ਕੁਸ਼ਲ ਕਰਨਾ ਹੈ।
ਸਕੂਲ ਪਹੁੰਚਣ ਤੇ ਪ੍ਰਿੰਸੀਪਲ ਸਾਹਿਬ ਤੇ ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ, ਕੁਲਦੀਪ ਕੌਰ ਜੀ ਨੇ ਅਧਿਆਪਕ ਸਤਨਾਮ ਸਿੰਘ ਸਮੇਤ ਪੂਰੇ ਸਾਇੰਸ ਵਿਭਾਗ ਦੇ ਅਧਿਆਪਕਾਂ ਨੂੰ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਰਾਸ਼ਟਰੀ ਪੱਧਰ ਤੇ ਵੀ ਜਿੱਤ ਦੀ ਉਮੀਦ ਜਾਹਿਰ ਕਰਦਿਆਂ ਹੋਰ ਕੜੀ ਮਿਹਨਤ ਕਰਦੇ ਰਹਿਣ ਦੀ ਮਨੋਕਾਮਨਾ ਜਾਹਿਰ ਕੀਤੀ। ਇਸ ਖਾਸ ਮੌਕੇ ਤੇ ਆਰ.ਡੀ. ਖੋਸਲਾ ਸਕੂਲ ਦੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਜੀ ਵੱਲੋਂ ਵੀ ਸਕੂਲ ਨੂੰ ਸ਼ੁਭਕਾਮਨਾਵਾਂ ਭੇਜੀਆ ਗਈਆਂ।
ਇਸ ਮੌਕੇ ਕੋਆਰਡੀਨੇਟਰ ਵਿਸ਼ਾਲ ਸਿੰਘ ਸਮੇਤ ਸਮੂਹ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।