← ਪਿਛੇ ਪਰਤੋ
ਕਿਸ਼ੋਰ ਅਵਸਥਾ ਪ੍ਰੋਗਰਾਮ ਸਬੰਧੀ ਨੋਡਲ ਅਧਿਆਪਕਾਂ ਦੀ ਵਰਕਸ਼ਾਪ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਅਗਸਤ 2025
ਡਾਇਰੈਕਟਰ ਰਾਜ ਵਿੱਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਜ਼ਿਲਾ ਸਿੱਖਿਆ ਅਫਸਰ (ਸੈ.ਸਿ/ਐਲੀ.ਸਿ)ਅਨੀਤਾ ਸ਼ਰਮਾ ਅਤੇ ਉਪ ਜਿਲਾ ਸਿੱਖਿਆ ਅਫਸਰ(ਸੈ.ਸਿ) ਲਖਬੀਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਕਿਸ਼ੋਰ ਅਵਸਥਾ ਪ੍ਰੋਗਰਾਮ ਤਹਿਤ ਨੋਡਲ ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਲਗਾਈ ਜਾ ਰਹੀ ਹੈ । ਵਰਕਸ਼ਾਪ ਦੇ ਪਹਿਲੇ ਦਿਨ ਸਿਹਤ ਵਿਭਾਗ ਤੋਂ ਡਾਕਟਰ ਕਿਸ਼ਨ ਰਾਏ ਅਤੇ ਮੈਡਮ ਮਨਦੀਪ ਕੌਰ ਆਈ.ਸੀ.ਟੀ.ਸੀ ਕੌਂਸਲਰ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਇਸ ਵਰਕਸ਼ਾਪ ਦੇ ਪਹਿਲੇ ਦਿਨ ਨਵੀਨ ਪਾਲ ਗੁਲਾਟੀ ਵੱਲੋਂ ਵਿਦਿਆਰਥੀਆਂ ਨੂੰ ਪਰੋੜ ਅਵਸਥਾ ਦੌਰਾਨ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਤੋਂ ਸਾਰੇ ਨੋਡਲ ਅਧਿਆਪਕਾਂ ਨੂੰ ਜਾਣੂੰ ਕਰਵਾਇਆ ਗਿਆ। ਉਹਨਾਂ ਕਿਹਾ ਕਿ ਅੱਜ ਕੱਲ ਵਿਦਿਆਰਥੀ ਮਾਨਸਿਕ ਦਬਾਉ ਦਾ ਸ਼ਿਕਾਰ ਹੋ ਰਹੇ ਹਨ ਪਰ ਉਸ ਦਾ ਪਤਾ ਵੀ ਨਹੀਂ ਲੱਗਦਾ ਜਿਸ ਕਰਕੇ ਸਿੱਖਿਆ ਦੇ ਖੇਤਰ ਵਿੱਚ ਨਿਘਾਰ ਆ ਰਿਹਾ ਹੈ ਅਤੇ ਸਾਨੂੰ ਇਹਨਾਂ ਮੁਸ਼ਕਲਾਂ ਤੋਂ ਉੱਪਰ ਉੱਠ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨਾ ਹੋਵੇਗਾ। ਮੈਡਮ ਨਵਨੀਤ ਕੌਰ ਲੈਕਚਰ ਬਾਇਓ ਵੱਲੋਂ ਵਿਗਿਆਨਿਕ ਤੌਰ ਤੇ ਵਿਦਿਆਰਥੀਆਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ। ਮੈਡਮ ਮਨਦੀਪ ਕੌਰ ਆਈ.ਸੀ.ਟੀ.ਸੀ ਕੌਂਸਲਰ ਵੱਲੋਂ ਐਚ ਆਈ ਵੀ ਅਤੇ ਏਡਜ਼ ਸਬੰਧੀ ਭਰਪੂਰ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਉਨਾਂ ਵੱਲੋਂ ਏਡਜ਼ ਜਾਗਰੂਕਤਾ ਨੰਬਰ 1097 ਨੂੰ ਵਿਦਿਆਰਥੀਆਂ ਨੂੰ ਦੱਸਣ ਬਾਬਤ ਕਿਹਾ ਗਿਆ ਅਤੇ ਇਹ ਵੀ ਕਿਹਾ ਕਿ ਐਚ ਆਈ ਵੀ ਦੇ ਟੈਸਟ ਤੋਂ ਘਬਰਾਉਣ ਦੀ ਲੋੜ ਨਹੀਂ। ਜੇਕਰ ਕੋਈ ਵੀ ਪੋਜੀਟਿਵ ਆ ਜਾਂਦਾ ਹੈ ਤਾਂ ਇਸ ਦਾ ਅੱਜ ਕੱਲ ਦਵਾਈ ਨਾਲ ਹੱਲ ਹੋ ਸਕਦਾ ਹੈ। ਉਪ ਜਿਲਾ ਸਿੱਖਿਆ ਅਫਸਰ ਲਖਬੀਰ ਸਿੰਘ ਨੇ ਦੱਸਿਆ ਕਿ ਅੱਜ ਦੇ ਪਹਿਲੇ ਦਿਨ ਦੀ ਵਰਕਸ਼ਾਪ ਵਿੱਚ ਵਿਚਾਰੇ ਗਏ ਸਾਰੇ ਮੁੱਦਿਆਂ ਨੂੰ ਸਕੂਲਾਂ ਵਿੱਚ ਲਾਗੂ ਕੀਤਾ ਜਾਵੇ ਵੱਖ ਵੱਖ ਕਰਵਾਈਆਂ ਜਾਣ ਵਾਲੀਆਂ ਗਤੀਆਂ ਵਿਧੀਆਂ ਨੂੰ ਕਰਵਾਉਣ ਉਪਰੰਤ ਰਜਿਸਟਰ ਵਿੱਚ ਦਰਜ ਕੀਤਾ ਜਾਵੇ ਜਿਸ ਦੀ ਸਮੇਂ ਸਮੇਂ ਤੇ ਚੈਕਿੰਗ ਵੀ ਕੀਤੀ ਜਾਵੇਗੀ। ਸਟੇਜ ਸੰਚਾਲਨ ਅਤੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਹਿੱਤ ਉਹਨਾਂ ਸਤਨਾਮ ਸਿੰਘ ਜਿਲਾ ਸਾਇੰਸ ਸੁਪਰਪਵਾਈਜ਼ਰ ਨੂੰ ਵਧਾਈ ਦਿੱਤੀ।
Total Responses : 985