ਜਗਰਾਉਂ: ਕੂੜੇ ਦੇ ਮੁੱਦੇ ਹੱਲ ਲਈ ਕੌਂਸਲਰ ਬੈਠੇ ਧਰਨੇ 'ਤੇ...
ਸਮਾਜ ਸੇਵੀ ਹੋਏ ਧਰਨੇ ਵਿੱਚ ਸ਼ਾਮਿਲ
ਧਰਨੇ ਦੌਰਾਨ ਦੋਹਾਂ ਧੜਿਆਂ ਦੇ ਕੌਂਸਲਰਾਂ ਇੱਕ ਦੂਜੇ ਨੂੰ ਸੁਣਾਈਆਂ ਖਰੀਆਂ ਖੋਟੀਆਂ
ਦੀਪਕ ਜੈਨ
ਜਗਰਾਉਂ/30 ਜੂਨ 2025- ਜਗਰਾਉਂ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਮੁੱਦਾ ਬਣਾ ਕੇ ਇੱਕ ਵਾਰ ਫਿਰ ਦੋਹਾਂ ਧੜਿਆਂ ਦੇ ਕੌਂਸਲਰ ਅੱਜ ਸੋਮਵਾਰ ਦੀ ਦੁਪਹਿਰ 12 ਵਜੇ ਨਗਰ ਕੌਂਸਲ ਦੇ ਬਾਹਰ ਧਰਨੇ ਤੇ ਬੈਠੇ ਦਿਖਾਈ ਦਿੱਤੇ। ਦੱਸ ਦਈਏ ਕਿ ਬੀਤੇ ਕਾਫੀ ਸਮੇਂ ਤੋਂ ਸ਼ਹਿਰ ਦੇ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰਾਂ ਦੇ ਕਾਰਨ ਜਿੱਥੇ ਸ਼ਹਿਰ ਵਾਸੀਆਂ ਦਾ ਬਾਜ਼ਾਰਾਂ ਵਿੱਚੋਂ ਦੀ ਗੁਜਰਨਾ ਵੀ ਮੁਸ਼ਕਿਲ ਹੋਇਆ ਪਿਆ ਹੈ ਉੱਥੇ ਹੀ ਦੋਹਾਂ ਧੜਿਆਂ ਦੇ ਕੌਂਸਲਰ ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਨੂੰ ਖਤਮ ਕਰਨ ਦੀ ਬਜਾਏ ਇਸ ਸਮੱਸਿਆ ਦੇ ਉੱਤੇ ਇੱਕ ਦੂਜੇ ਦੇ ਉੱਤੇ ਕੰਮ ਨਾ ਕਰਵਾਉਣ ਦੇ ਦੋਸ਼ ਲਗਾਉਂਦੇ ਹੋਏ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਲੱਗੇ ਹੋਏ ਹਨ।
ਇਸੇ ਲੜੀ ਦੇ ਤਹਿਤ ਅੱਜ ਇੱਕ ਵਾਰ ਫਿਰ ਦੋਹਾਂ ਧੜਿਆਂ ਦੇ ਕੌਂਸਲਰਾਂ ਵੱਲੋਂ ਕੂੜੇ ਦੇ ਮੁੱਦੇ ਨੂੰ ਲੈ ਕੇ ਹੀ ਨਗਰ ਕੌਂਸਲ ਦੇ ਬਾਹਰ ਧਰਨਾ ਲਗਾਇਆ ਗਿਆ ਜਿਸ ਵਿੱਚ ਬੇਸ਼ੱਕ ਦੋਹਾਂ ਧੜਿਆਂ ਦੇ ਕੌਂਸਲਰ ਬੈਠੇ ਦਿਖਾਈ ਦਿੱਤੇ। ਧਰਨੇ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਬੋਲਦਿਆਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਅਤੇ ਈਓ ਸ਼ਹਿਰ ਵਿੱਚ ਫੈਲੇ ਕੂੜੇ ਦੇ ਢੇਰਾਂ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਨਹੀਂ ਹਨ, ਜਿਸਦੇ ਚਲਦਿਆਂ ਦਿਨੋਂ ਦਿਨ ਇਹ ਸਮੱਸਿਆ ਸ਼ਹਿਰ ਵਾਸੀਆਂ ਦੇ ਲਈ ਇੱਕ ਵੱਡੀ ਸਮੱਸਿਆ ਬਣ ਗਈ ਹੈ ਜੇਕਰ ਅਜਿਹਾ ਰਿਹਾ ਤਾਂ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਕੋਈ ਵੀ ਕੌਂਸਲਰ ਕਿਸ ਮੂੰਹ ਨਾਲ ਲੋਕਾਂ ਦੇ ਘਰਾਂ ਵਿੱਚ ਜਾ ਕੇ ਵੋਟ ਮੰਗੇਗਾ।
ਇਸ ਮੌਕੇ ਕਾਂਗਰਸੀ ਆਗੂ ਰਾਜੂ ਠੁਕਰਾਲ ਨੇ ਕਿਹਾ ਕਿ ਸਾਡੀ ਜਗਰਾਉਂ ਦੀ ਇੱਕ ਅਜਿਹੀ ਨਗਰ ਕੌਂਸਲ ਹੈ ਜਿਸਦਾ ਕੋਈ ਵੀ ਵਾਲੀ ਵਾਰਸ ਨਹੀਂ ਹੈ ਇੱਥੇ ਸਫਾਈ ਲਈ ਕਰੋੜਾਂ ਰੁਪਏ ਦੀਆਂ ਖਰੀਦੀਆਂ ਗਈਆਂ ਗੱਡੀਆਂ ਦੇ ਪੁਰਜੇ ਤੱਕ ਚੋਰੀ ਹੋ ਜਾਂਦੇ ਹਨ ਅਤੇ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈਓ ਨਾਲ ਗੱਲਬਾਤ ਕਰਕੇ ਗੱਡੀਆਂ ਨੂੰ ਸੜਕਾਂ ਤੇ ਸਫਾਈ ਲਈ ਭੇਜਣ ਲਈ ਕਿਹਾ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਗੱਡੀਆਂ ਦੇ ਪੁਰਜੇ ਚੋਰੀ ਹੋ ਗਏ ਹਨ ਜਿਸ ਦੇ ਚਲਦਿਆਂ ਗੱਡੀਆਂ ਸਫਾਈ ਲਈ ਨਹੀਂ ਜਾ ਸਕਦੀਆਂ। ਉਹਨਾਂ ਕਿਹਾ ਕਿ ਜਿੱਥੋਂ ਦੇ ਅਧਿਕਾਰੀ ਹੀ ਜਗਰਾਉਂ ਸ਼ਹਿਰ ਦੇ ਵਿਗੜੇ ਹਾਲਾਤਾਂ ਨੂੰ ਸੁਧਾਰਨ ਦੇ ਹੱਕ ਵਿੱਚ ਹੱਲਾ ਨਹੀਂ ਮਾਰ ਸਕਦੇ ਉਥੋਂ ਅਸੀਂ ਹੋਰ ਕੀ ਉਮੀਦ ਕਰ ਸਕਦੇ ਹਾਂ।
ਸਮਾਜ ਸੇਵੀਆਂ ਨੇ ਵੀ ਲਗਾਈ ਕੌਂਸਲਰਾਂ ਨੂੰ ਇੱਕਜੁੱਟ ਹੋਣ ਦੀ ਗੁਹਾਰ
ਕੌਂਸਰਾਂ ਵੱਲੋਂ ਲਗਾਏ ਗਏ ਧਰਨੇ ਵਿੱਚ ਪਹੁੰਚੇ ਸਮਾਜ ਸੇਵੀਆਂ ਨੇ ਸ਼ਹਿਰ ਦੇ ਸਾਰੇ ਹੀ ਕੌਂਸਲਰਾਂ ਨੂੰ ਆਪਣੇ ਆਪਸੀ ਮਨ ਮੁਟਾ ਕੇ ਜਗਰਾਉਂ ਸ਼ਹਿਰ ਦੀ ਭਲਾਈ ਦੇ ਲਈ ਇੱਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਂ ਆਪਸ ਵਿੱਚ ਉਲਝਣ ਦਾ ਨਹੀਂ ਬਲਕਿ ਜਗਰਾਉਂ ਸ਼ਹਿਰ ਦੇ ਭਲੇ ਦੇ ਬਾਰੇ ਸੋਚਣ ਦਾ ਹੈ ਹਾਲਾਤ ਇੰਨੇ ਕੁ ਵਿਗੜ ਚੁੱਕੇ ਹਨ ਕਿ ਜਗਰਾਉਂ ਸ਼ਹਿਰ ਕੂੜੇ ਦਾ ਢੇਰ ਬਣ ਚੁੱਕਾ ਹੈ ਜੇਕਰ ਆਉਣ ਵਾਲੇ ਕੁਝ ਦਿਨਾਂ ਤੱਕ ਅਜਿਹਾ ਹੀ ਰਿਹਾ ਤਾਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਤੋਂ ਲੰਘਣਾ ਹੀ ਦੁਬਰ ਹੋ ਜਾਵੇਗਾ ਜਿਸ ਲਈ ਸਾਰੇ ਹੀ ਕੌਂਸਲਰਾਂ ਨੂੰ ਹੁਣ ਇਹ ਸੋਚਣਾ ਚਾਹੀਦਾ ਹੈ ਕਿ ਜਗਰਾਓ ਸ਼ਹਿਰ ਨੂੰ ਪਹਿਲਾ ਵਰਗਾ ਸਾਫ ਸੁਥਰਾ ਕਿੰਝ ਬਣਾਇਆ ਜਾ ਸਕੇ ਉਹ ਅਪੀਲ ਕਰਦੇ ਹਨ ਕਿ ਸਾਰੇ ਕੌਂਸਲ ਰਲ ਕੇ ਜਗਰਾਉਂ ਸ਼ਹਿਰ ਦੀ ਭਲਾਈ ਦੇ ਬਾਰੇ ਸੋਚਣ।
ਜੇਕਰ ਕੂੜੇ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ ਤਾਂ ਕੌਂਸਲਰ ਦਿਨ ਅਸਤੀਫਾ, ਸ਼ਹਿਰ ਵਾਸੀ:- ਕੌਂਸਲਰਾਂ ਵੱਲੋਂ ਲਗਾਏ ਗਏ ਧਰਨੇ ਦੇ ਨੇੜਿਓਂ ਲੰਘ ਰਹੇ ਸ਼ਹਿਰ ਵਾਸੀ ਵੀ ਕੌਂਸਲਰਾਂ ਦੀ ਹੁਣ ਰਗ ਰਗ ਤੋਂ ਭਲੀ ਭਾਂਤੀ ਵਾਕਫ ਹਨ ਜਦੋਂ ਰਾਹਗੀਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਹਾਲਾਤ ਸੁਧਰਨ ਵਾਲੇ ਨਹੀਂ ਜਾਪਦੇ ਉਹਨਾਂ ਕਿਹਾ ਕਿ ਜੇਕਰ ਸਾਡੇ ਸ਼ਹਿਰ ਦੇ ਕੌਂਸਲਰ ਆਪਣੇ ਸ਼ਹਿਰ ਬਾਰੇ ਹੀ ਨਹੀਂ ਸੋਚ ਸਕਦੇ ਤਾਂ ਉਹਨਾਂ ਨੂੰ ਆਪਣੀ ਕੁਰਸੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਜਦੋਂ ਵੋਟਾਂ ਮੰਗਣ ਹੋਣ ਤਾਂ ਹਾਹ ਦਾ ਨਾਰਾ ਤਾਂ ਮਾਰ ਹੀ ਸਕਦੇ ਹਨ ਕਿ ਅਸੀਂ ਤਾਂ ਪੂਰਾ ਜ਼ੋਰ ਲਾਇਆ ਪਰ ਸਾਡੇ ਹੱਥ ਖੜੇ ਰਹੇ।
ਸਫਾਈ ਸੇਵਕਾਂ ਨੇ ਵੀ ਘਰਾਂ ਵਿੱਚੋਂ ਕੂੜਾ ਇਕੱਠਾ ਕਰਨ ਤੇ ਲਗਾਈ ਬਰੇਕ:-ਨਗਰ ਕੌਂਸਲ ਵਿੱਚ ਸਫਾਈ ਸੇਵਕ ਦਾ ਕੰਮ ਕਰਦੇ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਾ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਅੱਜ ਤੋਂ ਉਹ ਜਗਰਾਉਂ ਸ਼ਹਿਰ ਦੇ ਘਰਾਂ ਵਿੱਚੋਂ ਤਦ ਤੱਕ ਕੂੜਾ ਨਹੀਂ ਚੱਕਣਗੇ ਜਦ ਤੱਕ ਉਹਨਾਂ ਨੂੰ ਨਗਰ ਕੌਂਸਲ ਕੂੜੇ ਦਾ ਡੰਪ ਬਣਾਉਣ ਲਈ ਕੋਈ ਪੱਕੀ ਜਗ੍ਹਾ ਨਹੀਂ ਦਿੰਦੇ।
ਅਖਬਾਰਾਂ ਵਿੱਚ ਹੋਈ ਕਿਰਕਿਰੀ ਤੋਂ ਬਾਅਦ ਨਜ਼ਰ ਆਈਆਂ ਮਹਿਲਾ ਕੌਂਸਲਰ:-ਕੂੜੇ ਦੇ ਸਮੱਸਿਆ ਦੇ ਹੱਲ ਲਈ ਬੀਤੇ ਸ਼ੁਕਰਵਾਰ ਨਗਰ ਕੌਂਸਲ ਦੇ ਮੀਟਿੰਗ ਹਾਲ ਵਿੱਚ ਹੋਈ ਮੀਟਿੰਗ ਜਿਸ ਵਿੱਚ ਸ਼ਹਿਰ ਦੀ ਮੁੱਖ ਕੂੜੇ ਦੀ ਸਮੱਸਿਆ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਕੇ ਇਸ ਦਾ ਠੋਸ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਣੀ ਸੀ। ਉਸ ਮੀਟਿੰਗ ਦੌਰਾਨ ਜਗਰਾਉਂ ਦੀ ਕੋਈ ਵੀ ਮਹਿਲਾ ਕੌਂਸਲਰ ਦਿਖਾਈ ਨਹੀਂ ਦਿੱਤੀ। ਜਦ ਕਿ ਉਹਨਾਂ ਦੀ ਜਗ੍ਹਾ ਉਹਨਾਂ ਦੇ ਪਤੀ ਅਤੇ ਪੁੱਤਰਾਂ ਵੱਲੋਂ ਮੀਟਿੰਗ ਵਿੱਚ ਹਾਜ਼ਰ ਹੋ ਕੇ ਬਹਿਸਬਾਜ਼ੀ ਕਰਦੇ ਨਜ਼ਰ ਆਏ ਸਨ। ਪਰ ਅੱਜ ਧਰਨੇ ਵਿੱਚ ਮਹਿਲਾ ਕੌਸਲਰਾਂ ਨੇ ਵੀ ਕੁਰਸੀਆਂ ਤੇ ਬੈਠੀਆਂ ਦਿਖਾਈ ਤਾਂ ਦਿੱਤੀਆਂ ਪਰ ਇਸ ਮਸਲੇ ਦੇ ਹੱਲ ਲਈ ਕੋਈ ਵੀ ਸੁਝਾਅ ਦੇਣ ਲਈ ਆਪਣਾ ਮੂੰਹ ਤੱਕ ਨਹੀਂ ਖੋਲਿਆ।
ਘਰਾਂ ਤੋਂ ਨਹੀਂ ਚੱਕਿਆ ਜਾਵੇਗਾ ਕੂੜਾ ਸਫਾਈ ਸੇਵਕ ਪ੍ਰਧਾਨ:- ਜਗਰਾਉਂ ਸ਼ਹਿਰ ਵਿੱਚ ਜਿੱਥੇ ਪਹਿਲਾਂ ਹੀ ਕੂੜੇ ਦੇ ਅੰਬਾਰ ਲੱਗੇ ਹੋਏ ਹਨ ਹੁਣ ਇਸ ਸਮੱਸਿਆ ਦੇ ਚਲਦੇ ਸ਼ਹਿਰ ਵਾਸੀਆਂ ਨੂੰ ਹੋਰ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਫਾਈ ਸੇਵਕ ਜਿਲਾ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਹੈ ਕਿ ਜਦ ਤੱਕ ਨਗਰ ਕੌਂਸਲ ਉਹਨਾਂ ਨੂੰ ਪੂਰਾ ਸਿੱਟਣ ਲਈ ਕੋਈ ਢੁਕਮੀ ਜਗ੍ਹਾ ਦਾ ਇੰਤਜਾਮ ਕਰਕੇ ਨਹੀਂ ਦਿੰਦੀ ਤਦ ਤੱਕ ਉਹ ਘਰਾਂ ਤੋਂ ਉ ਨਹੀਂ ਚੱਕਣਗੇ।
ਨਗਰ ਕੌਂਸਲ ਵਿੱਚ ਆਈ ਜੈਟਿੰਗ ਮਸ਼ੀਨ ਦਾ ਪਾਰਟਸ ਹੋਇਆ ਚੋਰੀ:-ਜਗਰਾਉਂ ਨਗਰ ਕੌਂਸਲ ਦੇ ਅਧਿਕਾਰੀ ਅਤੇ ਕੌਂਸਲਰ ਸ਼ਹਿਰ ਦੀ ਸਫਾਈ ਨੂੰ ਲੈ ਕੇ ਕਿੰਨੇ ਕੁ ਸੰਜੀਦਾ ਹਨ ਇਸ ਗੱਲ ਦਾ ਅੰਦਾਜ਼ਾ ਨਗਰ ਕੌਂਸਲ ਵਿੱਚ ਆਈ ਜੈਕਿੰ ਮਸ਼ੀਨ ਵਿੱਚੋਂ ਹੋਏ ਪਾਰਟਸ ਚੋਰੀ ਤੋਂ ਲਗਾਇਆ ਜਾ ਸਕਦਾ ਹੈ। ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਕੌਂਸਲਰਾਂ ਵੱਲੋਂ ਸਿਆਸੀ ਰੋਟੀਆਂ ਸੇਕਣ ਦੇ ਲਈ ਜੈਟਿੰਗ ਮਸ਼ੀਨ ਦੇ ਇੱਕ ਪਾਰਟਸ ਚੋਰੀ ਕਰਾ ਦਿੱਤਾ ਗਿਆ ਹੈ ਤਾਂ ਜੋ ਸ਼ਹਿਰ ਦੀ ਸਫਾਈ ਲਈ ਲਿਆਂਦੀ ਚੈਟਿੰਗ ਮਸ਼ੀਨ ਨੂੰ ਕੋਈ ਹੋਰ ਚਲਾ ਕੇ ਵਾਹਵਾ ਨਾ ਖੱਟ ਲਵੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਨਗਰ ਕੌਂਸਲ ਦੇ ਲਾਗੇ ਬਣੇ ਕੂੜੇ ਦੇ ਡੰਪ ਤੇ ਲੱਗਾ ਇੱਕ ਲੋਹੇ ਦਾ ਭਾਰੀ ਗੇਟ ਪਹਿਲਾਂ ਵੀ ਚੋਰੀ ਹੋ ਚੁੱਕਾ ਹੈ ਦੇ ਨਾਲ ਨਾਲ ਇੱਕ ਪਾਣੀ ਵਾਲਾ ਟੈਂਕਰ ਵੀ ਚੋਰੀ ਹੋ ਚੁੱਕਾ ਹੈ ਜਿਸ ਦੀ ਈਓ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਚੋਰੀ ਹੋਏ ਗੇਟ ਅਤੇ ਪਾਣੀ ਵਾਲੇ ਟੈਂਕਰ ਦੇ ਚੋਰਾਂ ਦਾ ਹਜੇ ਤੱਕ ਕੋਈ ਥਾਉ ਪਤਾ ਨਹੀਂ ਲੱਗਾ। ਜੈਟਿੰਗ ਮਸ਼ੀਨ ਦੇ ਪਾਰਟਸ ਚੋਰੀ ਹੋਣ ਦੇ ਸੰਬੰਧ ਵਿੱਚ ਈਓ ਨੇ ਕਿਹਾ ਹੈ ਕਿ ਉਹਨਾਂ ਨੇ ਪਾਰਟਸ ਚੋਰੀ ਹੋਣ ਦੀ ਰਿਪੋਰਟ ਮੰਗੀ ਹੈ ਰਿਪੋਰਟ ਓਨ ਤੇ ਉਹ ਪੁਲਿਸ ਨੂੰ ਇਸਦੀ ਸ਼ਿਕਾਇਤ ਦੇਣਗੇ। ਈਓ ਰੰਧਾਵਾ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਕੁਝ ਕੌਂਸਲਰ ਹੀ ਸ਼ਹਿਰ ਵਿੱਚ ਲੱਗੇ ਢੇਰਾਂ ਨੂੰ ਨਹੀਂ ਹਟਾਉਣਾ ਚਾਹੁੰਦੇ। ਉਹਨਾਂ ਕਿਹਾ ਕਿ ਕੁਝ ਕੌਂਸਲਰ ਹੀ ਨਗਰ ਕੌਂਸਲ ਦੀ ਜਗ੍ਹਾ ਤੇ ਸਫਾਈ ਸੇਵਕਾਂ ਨੂੰ ਕੂੜਾ ਸਿੱਟਣ ਤੋਂ ਰੋਕ ਰਹੇ ਹਨ।
ਧਰਨੇ ਤੋਂ ਬਾਅਦ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕਰਦੇ ਹੋਏ ਕੀ ਉਹਨਾਂ ਵੱਲੋਂ ਸ਼ਹਿਰ ਦੀ ਬਿਹਤਰੀ ਲਈ 23 ਕੌਂਸਲਰਾਂ ਵਿੱਚੋਂ ਨਗਰ ਕੌਂਸਲ ਦੇ ਪ੍ਰਧਾਨ ਰਾਣਾ ਅਤੇ ਉਸਦੇ ਕੌਂਸਲਰ ਭਰਾ ਰਾਜੂ ਨੂੰ ਛੱਡ ਕੇ 21 ਕੌਂਸਲਰਾਂ ਨੂੰ ਧਰਨੇ ਵਿੱਚ ਸ਼ਾਮਿਲ ਹੋਣ ਦਾ ਇਹ ਮੰਤਰਨ ਦਿੱਤਾ ਸੀ। ਇਹ ਦੋਨਾਂ ਭਰਾਵਾਂ ਵੱਲੋਂ ਧਰਨੇ ਵਿੱਚ ਬਿਨ ਬੁਲਾਏ ਸ਼ਾਮਿਲ ਹੋ ਕੇ ਸ਼ਾਂਤਮਈ ਧਰਨੇ ਵਿੱਚ ਖਲੜ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਧਰਨੇ ਵਿੱਚ ਮਾਈਕ ਤੋਂ ਸੰਬੋਧਨ ਕਰਦੇ ਹੋਏ ਕੌਂਸਲਰ ਤੋਂ ਕੌਂਸਲਰ ਰਾਜੂ ਨੇ ਮਾਈਕ ਖੋਣ ਦੀ ਕੋਸ਼ਿਸ਼ ਕੀਤੀ।