ਪੰਜਾਬ ਸਰਕਾਰ ਵੱਲੋਂ ਮੂੰਗੀ, ਮਾਂਹ ,ਜਵਾਰ ਅਤੇ ਬਾਜਰੇ ਦਾ ਬੀਜ ਸਬਸਿਡੀ ਤੇ ਉਪਲਬਧ : ਡਾ. ਅਮਰੀਕ ਸਿੰਘ
ਕਿਸਾਨ ਸਰਕਲ ਦਫਤਰ, ਬਲਾਕ ਦਫਤਰ ਜਾਂ ਜਿਲ੍ਹਾ ਦਫਤਰ ਵਿਖੇ ਬਿਨੈ ਪੱਤਰ ਜਮ੍ਹਾਂ ਕਰਵਾਉਣ
ਰੋਹਿਤ ਗੁਪਤਾ
ਗੁਰਦਾਸਪੁਰ :30 ਜੂਨ, 2025
ਜ਼ਿਲ੍ਹਾ ਗੁਰਦਾਸਪੁਰ ਵਿੱਚ ਝੋਨੇ ਹੇਠੋ ਰਕਬਾ ਕੱਢ ਕੇ ਹੋਰਨਾਂ ਫਸਲਾਂ ਹੇਠ ਲਿਆਉਣ ਦੇ ਮਕਸਦ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ 2025-26 ਦੌਰਾਨ ਨੈਸ਼ਨਲ ਫੂਡ ਸਕਿਊਰਿਟੀ ਮਿਸ਼ਨ ਦਾਲਾਂ ਅਤੇ ਮਿਲਟਸ ਅਧੀਨ ਪੰਜਾਬ ਸਰਕਾਰ ਵੱਲੋਂ ਸਪਲਾਈ ਕੀਤਾ ਮੂੰਗੀ, ਮਾਂਹ ,ਜਵਾਰ ਅਤੇ ਬਾਜਰੇ ਦਾ ਬੀਜ ਉਪਦਾਨ (ਸਬਸਿਡੀ) ਤੇ ਮੁਹੱਈਆ ਕਰਵਾਇਆ ਜਾ ਰਿਹਾ ਅਤੇ ਇਛੁੱਕ ਕਿਸਾਨ ਆਪਣੇ ਨਜ਼ਦੀਕੀ ਖ਼ੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਆ ਰਹੀ ਗਿਰਾਵਟ ਨੂੰ ਰੋਕਣ ਪੰਜਾਬ ਸਰਕਾਰ ਵਲੋਂ ਕਈ ਉਪਰਾਲੇ ਕੀਤੇ ਜਾ ਰਹੇ, ਇਨ੍ਹਾਂ ਉਪਰਾਲਿਆਂ ਤਹਿਤ ਪੰਜਾਬ ਸਰਕਾਰ ਵੱਲੋਂ ਬਰਸਾਤੀ ਮੂੰਗੀ ਅਤੇ ਮਾਂਹ ਦਾ ਤਸਦੀਕ ਸ਼ੁਦਾ ਬੀਜ 5000/- ਰੁਪਏ ਕੁਇੰਟਲ ਸਹਾਇਤਾ, ਜਵਾਰ ਅਤੇ ਬਾਜਰੇ ਦਾ ਬੀਜ 3000/- ਰੁਪਏ ਕੁਇੰਟਲ ਸਬਸਿਡੀ ਤੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ । ਇਹ ਬੀਜ ਕਿਸਾਨ ਵੀਰਾਂ ਨੂੰ ਖਰੀਦ ਸਮੇਂ ਹੀ ਸਬਸਿਡੀ ਵਾਲੀ ਰਾਸ਼ੀ ਘਟਾ ਕੇ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਕਿਸਾਨ ਆਪਣੇ ਮੁਕੰਮਲ ਬਿਨੈ ਪੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਰਕਲ ਪੱਧਰ, ਬਲਾਕ ਪੱਧਰ ਜਾਂ ਜਿਲ੍ਹਾ ਪੱਧਰ ਦੇ ਦਫਤਰਾਂ ਵਿੱਚ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਪਰੋਕਤ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਫਸਲੀ ਵਿਭਿੰਨਤਾ ਸਕੀਮ ਅਧੀਨ ਵੱਧ ਤੋਂ ਵੱਧ ਰਕਬਾ ਝੋਨੇ/ਬਾਸਮਤੀ ਦੇ ਫਸਲੀ ਚੱਕਰ ਵਿੱਚੋਂ ਕੱਢ ਕੇ ਦੂਜੀਆ ਫਸਲਾਂ ਅਧੀਨ ਲਿਆਂਦਾ ਜਾਵੇ ਤਾਂ ਜੋ ਧਰਤੀ ਹੇਠਲੇ ਡੂੰਘੇ ਜਾ ਰਹੇ ਪਾਣੀਆਂ ਦੀ ਬੱਚਤ ਕਰਨ ਦੇ ਨਾਲ ਨਾਲ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।