ਸੂਬਾ ਸਰਕਾਰ ਦੀ ਨਵੀਂ ‘ਲੈਡ ਪੂਲਿੰਗ ਪਾਲਿਸੀ’ ਪੰਜਾਬ ਨੂੰ ਪੱਥਰਾਂ ਦਾ ਸ਼ਹਿਰ ਬਣਾਉਣ ਵਾਲੀ: ਪ੍ਰੋ ਚੰਦੂਮਾਜਰਾ
ਮੋਹਾਲੀ 30 ਜੂਨ 2025
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਹਰਿਆਲੀ ਅਤੇ ਖੁਸ਼ਹਾਲੀ ਦੇ ਨਾਂਅ ਨਾਲ ਜਾਣੇ ਜਾਂਦੇ ਸੂਬੇ ਨੂੰ ‘ਆਪ’ ਸਰਕਾਰ ਦੁਆਰਾ ਬਣਾਈ ‘ਲੈਡ ਪੂਲਿੰਗ ਪਾਲਿਸੀ’ ਪੱਥਰਾਂ ਅਤੇ ਮਾਰਬਲ ਦਾ ਸ਼ਹਿਰ ਬਣਾ ਦੇਵੇਗੀ। ਉਨ੍ਹਾਂ ਆਖਿਆ ਕਿ ਸਰਕਾਰ ਦੀ ਇਹ ਸਕੀਮ ਪੰਜਾਬ ਦੀ ਉਪਜਾਊ ਜ਼ਮੀਨ ਉੱਤੇ ਉੱਚੀਆਂ ਇਮਾਰਤਾਂ ਤੇ ਕਾਲੋਨੀਆਂ ਬਣਾਕੇ ਬਾਹਰੀ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵਸਾਉਣ ਦੀ ਸਾਜ਼ਿਸ਼ ਹੈ।
ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਬੇਲੋੜੀਆਂ ਸੜਕਾਂ ਦਾ ਵਸਾਇਆ ਜਾ ਰਿਹਾ ਜਾਲ ਸੂਬੇ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਬੇਜਮੀਨੇ ਕਰ ਰਿਹਾ ਹੈ। ਆਪਣੇ ਪਿੰਡ ਦੀਆਂ ਜ਼ਮੀਨਾਂ ਵਿੱਚ ਬਣੀਆਂ ਸੜਕਾਂ ਤੇ ਖੁਦ ਮਾਲਕ ਚਾੜ੍ਹ ਨਹੀਂ ਸਕਦੇ, ਕੇਵਲ ਵੱਡੀਆਂ ਵੱਡੀਆਂ ਗੱਡੀਆਂ ਜਾਂਦੀਆਂ ਦੇਖ ਸਕਦੇ ਹਨ। ਉਨ੍ਹਾਂ ਆਖਿਆਂ ਕਿ ਸੜਕਾਂ ਅਤੇ ਹਾਈਵੇਜ਼ ਨਿਕਲਣ ਦੇ ਨਾਂ ਉੱਤੇ ਜ਼ਮੀਨਾਂ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਪੰਜਾਬ ਦੇ ਉਜਾੜੇ ਦਾ ਕਾਰਨ ਬਣ ਰਿਹਾ ਹੈ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਲੁਧਿਆਣਾ ਆਦਿ ਸ਼ਹਿਰਾਂ ਦੇ ਘੇਰੇ ਵਸੇ ਪਿੰਡਾਂ ਦੀ ਜ਼ਮੀਨ ਨੂੰ ਨਵੀਂ ਭੂਮੀ ਗ੍ਰਹਿਣ ਨੀਤੀ ਜ਼ਰੀਏ ਐਕੁਆਇਰ ਕਰਨ ਵਾਲੀ ਨੀਅਤ ਸੂਬੇ ਦੀ ਬਰਬਾਦੀ ਦਾ ਕਾਰਨ ਬਣੇਗੀ। ਉਨ੍ਹਾਂ ਇਸ ਨੀਤੀ ਨੂੰ ਵਾਤਾਵਰਣ ਲਈ ਵੀ ਖ਼ਤਰਨਾਕ ਦੱਸਿਆ, ਜਿਸ ਨਾਲ ਪੰਜਾਬ ਦੇ ਲੱਖਾਂ ਰੁੱਖਾਂ ਨੂੰ ਵੀ ਕੱਟਿਆ ਜਾਵੇਗਾ।