ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਸੁਸਤ ਲੀਡਰਾਂ ਦੀ ਦੱਬ ਕੇ ਖਿਚਾਈ
ਅਸ਼ੋਕ ਵਰਮਾ
ਬਠਿੰਡਾ, 3 ਦਸੰਬਰ2021: ਭਾਰਤੀ ਜੰਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਬਠਿੰਡਾ ਸ਼ਹਿਰੀ ਹਲਕੇ ਨਾਲ ਸਬੰਧਤ ਕੁੱਝ ਸੁਸਤ ਆਗੂਆਂ ਦੀ ਜੰਮ ਕੇ ਕਲਾਸ ਲਾਈ ਅਤੇ ਚੰਗੀ ਕਾਰਗੁਜ਼ਾਰੀ ਵਾਲਿਆਂ ਨੂੰ ਥਾਪੜਾ ਦਿੱਤਾ। ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਹੌਂਸਲੇ ’ਚ ਆਏ ਸੂਬਾ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਉਹ ਮਿਸ਼ਨ 2022 ਨੂੰ ਸਫਲ ਬਨਾਉਣ ਲਈ ਢਿੱਲੜ ਰਵਈਆ ਬਰਦਾਸ਼ਤ ਨਹੀਂ ਕਰਨਗੇ। ਅਸ਼ਵਨੀ ਸ਼ਰਮਾ ਅੱਜ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਘੜਨ ਵਾਸਤੇ ਬਠਿੰਡਾ ਸ਼ਹਿਰੀ ,ਬਠਿੰਡਾ ਦਿਹਾਤੀ ਅਤੇ ਮੌੜ ਦੇ ਅਹੁਦੇਦਾਰਾਂ ਅਤੇ ਸੀਨੀਅਰ ਲੀਡਰਾਂ ਨਾਲ ਮੀਟਿੰਗ ਕਰਨ ਬਠਿੰਡਾ ਪੁੱਜੇ ਸਨ। ਭਾਜਪਾ ਆਗੂ ਦੀ ਫੇਰੀ ਕਾਰਨ ਬਠਿੰਡਾ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਸਨ ਜਿਸ ਲਈ ਜਲ ਤੋਪ ਅਤੇ ਦੰਗਾ ਰੋਕੂ ਗੱਡੀ ਦੇ ਨਾਲ ਨਾਲ ਪੁਲਿਸ ਦੀ ਨਫਰੀ ਤਾਇਨਾਤ ਕੀਤੀ ਹੋਈ ਸੀ।
ਮੀਟਿੰਗ ਮੁੱਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪੁਰਾਣੇ ਭਾਈਵਾਲ ਅਕਾਲੀ ਦਲ ਪ੍ਰਤੀ ਰੁੱਖੇ ਵਤੀਰੇ ਦਾ ਇਜ਼ਹਾਰ ਕੀਤਾ ਅਤੇ ਭਵਿੱਖ ’ਚ ਗੱਠਜੋੜ ਨਾਂ ਕਰਨ ਸਬੰਧੀ ਸੰਕੇਤ ਵੀ ਦਿੱਤੇ। ਭਾਵੇਂ ਮੀਟਿੰਗ ਨੂੰ ਪਾਰਟੀ ਦਾ ਅੰਦਰੂਨੀ ਪ੍ਰੋਗਰਾਮ ਦੱਸਦਿਆਂ ਮੀਡੀਆ ਨੂੰ ਦੂਰ ਰੱਖਿਆ ਗਿਆ ਪਰ ਅੰਦਰੋਂ ਨਿਕਲ ਕੇ ਆਈ ਜਾਣਕਾਰੀ ਮੁਤਾਬਕ ਲੰਘੀਆਂ ਲੋਕ ਸਭਾ ਚੋਣਾਂ ਤੱਕ ਅਕਾਲੀ ਦਲ ਦੇ ਭਾਈਵਾਲ ਵਜੋਂ ਦਬਾਅ ਹੇਠ ਰਹੀ ਭਾਜਪਾ ਦੇ ਸੂਬਾ ਪ੍ਰਧਾਨ ਸੱਤਾ ਦੀਆਂ ਰਿਉੜੀਆਂ ਵੰਡਣ ਲਈ ਕੁੰਢੀਆਂ ਫਸਾਉਣ ਦੇ ਰੌਂਅ ‘ਚ ਦਿਖਾਈ ਦਿੱਤੇ। ਬੀਜੇਪੀ ਦੇ ਇੱਕ ਸੀਨੀਅਰ ਲੀਡਰ ਨੇ ਦੱਸਿਆ ਕਿ ਸਵਾਲ ਜਵਾਬ ਦੇ ਸਿਲਸਿਲੇ ਤੋਂ ਤਾਂ ਇੰਜ ਜਾਪਦਾ ਸੀ ਕਿ ਅਸ਼ਵਨੀ ਸ਼ਰਮਾ ਪ੍ਰੀਖਿਆ ਵਾਂਗ ਪੂਰੀ ਤਿਆਰੀ ਕਰਕੇ ਆਏ ਹਨ।
ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਮੰਡਲ ਪ੍ਰਧਾਨ ਸੂਬਾ ਪ੍ਰਧਾਨ ਦੇ ਖਾਸ ਨਿਸ਼ਾਨੇ ਤੇ ਰਹੇ ਅਤੇ ਉਨ੍ਹਾਂ ਇਕੱਲੇ ਇਕੱਲੇ ਮੰਡਲ ਪ੍ਰਧਾਨ ਤੋਂ ਉਨ੍ਹਾਂ ਦੇ ਇਲਾਕੇ ’ਚ ਪਾਰਟੀ ਬਾਰੇ ਜਾਣਕਾਰੀ ਹਾਸਲ ਕੀਤੀ। ਸੂਤਰ ਦੱਸਦੇ ਹਨ ਕਿ ਸੂਬਾ ਪ੍ਰਧਾਨ ਬੂਥ ਲੈਵਲ ਤੱਕ ਪਾਰਟੀ ਦਾ ਪ੍ਰਚਾਰ ਅਤੇ ਪ੍ਰਸਾਰ ਨਾਂ ਹੋਣ ਨੂੰ ਲੈਕੇ ਮੰਡਲ ਪ੍ਰਧਾਨਾਂ ਨਾਲ ਖਫਾ ਦਿਖਾਈ ਦਿੱਤੇ। ਪਤਾ ਲੱਗਿਆ ਹੈ ਕਿ ਇਸ ਮੌਕੇ ਕੁੱਝ ਆਗੂਆਂ ਨੇ ਖੇਤੀ ਕਾਨੂੰਨਾਂ ਕਾਰਨ ਬਣੇ ਹਾਲਾਤਾਂ ਮੁਤਾਬਕ ਦਲੀਲਾਂ ਵੀ ਦਿੱਤੀਆਂ ਜੋ ਸੂਬਾ ਪ੍ਰਧਾਨ ਨੂੰ ਸੰਤੁਸ਼ਟ ਨਾਂ ਕਰਵਾ ਸਕੀਆਂ। ਉਨ੍ਹਾਂ ਪਾਰਟੀ ਲੀਡਰਾਂ ਨੂੰ ਸਵੈ ਪੜਚੋਲ ਕਰਕੇ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਨਸੀਹਤ ਵੀ ਦਿੱਤੀ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਪਾਰਟੀ ਆਗੂਆਂ ਨੂੰ ਆਪਣੀਆਂ ਸਰਗਰਮੀਆਂ ਤੇਜ ਕਰਨ ਦੀ ਹਦਾਇਤ ਵੀ ਦਿੱਤੀ ਅਤੇ ਬੂਥ ਪੱਧਰ ਤੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਸੱਦਾ ਦਿੱਤਾ।
ਉਨ੍ਹਾਂ ਆਖਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਫਨੇ ਨੂੰ ਪੂਰਾ ਕਰਨ ਅਤੇ ‘ਕਮਲ’ ਦਾ ਫੁੱਲ ਖਿੜਾਉਣ ਲਈ ਹੁਣੇ ਤੋਂ ਜੁਟ ਜਾਣ ਅਤੇ ਪਾਰਟੀ ਦੀ ਤਾਕਤ ਮਜਬੂਤ ਕਰਨ ’ਚ ਕੋਈ ਕਸਰ ਬਾਕੀ ਨਾਂ ਛੱਡਣ। ਉਨ੍ਹਾਂ ਪਾਰਟੀ ਆਗੂਆਂ ਨੂੰ ਆਖਿਆ ਕਿ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਹਨ ਅਤੇ ਵਕਤ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਇਸ ਲਈ ਹੁਣ ਨਵਾਂ ਪੰਜਾਬ ਮੁਹਿੰਮ ਦੀ ਸਫਲਤਾ ਲਈ ਪੂਰੀ ਤਨਦੇਹੀ ਨਾਲ ਜੁਟਣ ਦੀ ਜਰੂਰਤ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਨ ਦੀ ਲੜੀ ਤਹਿਤ ਅੱਜ ਉਹ 23 ਵੀਂ ਮੀਟਿੰਗ ਕਰਨ ਬਠਿੰਡਾ ਪੁੱਜੇ ਹਨ। ਉਨ੍ਹਾਂ ਆਖਿਆ ਕਿ ਇਸ ਦੌਰਾਨ ਜੋ ਕਮੀਆਂ ਸਾਹਮਣੇ ਆਉਣਗੀਆਂ ਉਨ੍ਹਾਂ ਨੂੰ ਦੂਰ ਕੀਤਾ ਜਾਏਗਾ।
ਉਨ੍ਹਾਂ ਆਖਿਆ ਕਿ ਭਾਜਪਾ ਸਮੂਹ 117 ਵਿਧਾਨ ਸਭਾ ਹਲਕਿਆਂ ’ਚ ਚੋਣ ਲੜੇਗੀ ਅਤੇ ਪਹਿਲੀ ਵਾਰ ਅਜ਼ਾਦਾਨਾ ਤੌਰ ਤੇ ਚੋਣ ਲੜਨ ਕਾਰਨ ਪਾਰਟੀ ਵਰਕਰਾਂ ’ਚ ਭਾਰੀ ਉਤਸ਼ਾਹ ਹੈ। ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਬਾਦਲ ਦੇ ਦਿੱਲੀ ਵਿਚਲੇ ਅਹਿਮ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ’ਚ ਸ਼ਾਮਲ ਕਰਨ ਲਈ ਪੁਲਿਸ ਕੇਸਾਂ ਨਾਲ ਬਾਂਹ ਮਰੋੜਨ ਦੇ ਲਾਏ ਦੋਸ਼ਾਂ ਸਬੰਧੀ ਸ਼ਰਮਾ ਨੇ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਜੋ ਸੁਖਬੀਰ ਬਾਦਲ ਆਪ ਕਰਦੇ ਰਹੇ ਹਨ ਉਹੀ ਉਨ੍ਹਾਂ ਨੂੰ ਯਾਦ ਆ ਰਿਹਾ ਹੈ। ਕਿਸੇ ਹੋਰ ਪਾਰਟੀ ਨਾਲ ਗੱਠਜੋੜ ਸਬੰਧੀ ਗੋਲ ਮੋਲ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੰਮੇਵਾਰੀ ਸਮੂਹ ਸੀਟਾਂ ਤੇ ਪਾਰਟੀ ਨੂੰ ਮਜਬੂਤ ਕਰਨ ਦੀ ਹੈ ਜੋ ਉਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਲੜਨ ਵਾਲੇ ਭਾਜਪਾ ਉਮੀਦਵਾਰਾਂ ਬਾਰੇ ਫੈਸਲਾ ਸੰਸਦੀ ਬੋਰਡ ਕਰਦਾ ਹੈ।
ਉਨ੍ਹਾਂ ਆਖਿਆ ਕਿ ਬੀਜੇਪੀ ਨਾਂ ਤਾਂ ਪ੍ਰੀਵਾਰ ਅਤੇ ਨਾਂ ਹੀ ਵਿਅਕਤੀ ਦੀ ਪਾਰਟੀ ਹੈ ਜੋ ਰੈਲੀ ’ਚ ਬੈਠੇ ਨੂੰ ਥਾਪੀ ਦੇ ਦੇਵੇ ਕਿ ਤੂੰ ਉਮੀਦਵਾਰ ਹੈ। ਉਨ੍ਹਾਂ ਆਖਿਆ ਕਿ ਭਾਜਪਾ ਨਵਾਂ ਪੰਜਾਬ ਬਣਏਗੀ ਜਿੱਥੇ ਰੇਤ ਮਾਫੀਆ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਲਈ ਕੋਈ ਥਾਂ ਨਹੀਂ ਹੋਏਗੀ। ਕੇਜਰੀਵਾਲ ਅਤੇ ਮੁੱਖਮੰਤਰੀ ਚੰਨੀ ਵੱਲੋਂ ਕੀਤੇ ਜਾ ਰਹੇ ਐਲਾਨਾਂ ਬਾਰੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ’ਚ ਇਸ ਬਾਰੇ ਦੌੜ ਲੱਗੀ ਹੋਈ ਹੈ। ਉਨ੍ਹਾਂ ਇਸ ਮੌਕੇ ਵਾਅਦੇ ਪੂਰੇ ਨਾਂ ਕਰਨ ਸਬੰਧੀ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾਇਆ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨੇ ਤੇ ਲਿਆ। ਪਾਰਟੀ ਆਗੂਆਂ ਨੂੰ ਅੱਜ ਦਿੱਤੀਆਂ ਹਦਾਇਤਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਹ ਪੱਤਰਕਾਰਾਂ ਨੂੰ ਇਹ ਕਿਸ ਤਰਾਂ ਦੱਸ ਸਕਦੇ ਹਨ।