ਭਾਈਚਾਰਾ ਤਿੜਕਣ ਦੀ ਆਹਟ: ਰਾਮਪੁਰਾ ਦੇ ਨਿੱਜੀ ਹਸਪਤਾਲਾਂ ਵੱਲੋਂ ਦੋ ਪਿੰਡਾਂ ਦਾ ਬਾਈਕਾਟ
ਅਸ਼ੋਕ ਵਰਮਾ
ਬਠਿੰਡਾ, 30 ਜੂਨ 2025: ਕੁੱਝ ਦਿਨ ਪਹਿਲਾਂ ਬਠਿੰਡਾ ਜਿਲ੍ਹੇ ਦੇ ਰਾਮਪੁਰਾ ਸ਼ਹਿਰ ਨਾਲ ਸਬੰਧਤ ਇਲਾਕੇ ’ਚ ਵਾਪਰੇ ਇੱਕ ਹਾਦਸੇ ਤੋਂ ਬਾਅਦ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ ਐਨਾ ਤੂਲ ਫੜ੍ਹ ਗਿਆ ਹੈ ਕਿ ਗੱਲ ਦੋ ਪਿੰਡਾਂ ਦੇ ਬਾਈਕਾਟ ਤੱਕ ਪੁੱਜ ਗਈ ਹੈ। ਰਾਮਪੁਰਾ ਸ਼ਹਿਰ ਦੇ ਡਾਕਟਰਾਂ ਨੇ ਪਿੰਡ ਮੰਡੀ ਕਲਾਂ ਅਤੇ ਸੂਚ ਦੇ ਮਰੀਜਾਂ ਦਾ ਇਲਾਜ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਸ਼ਾਇਦ ਪੰਜਾਬ ’ਚ ਇਸ ਤਰਾਂ ਦਾ ਇਹ ਪਹਿਲਾ ਮਾਮਲਾ ਹੈ ਜਿਸ ਤੋਂ ਨਵੇਂ ਚਰਚੇ ਛਿੜ ਗਏ ਹਨ।
ਸੂਤਰ ਦੱਸਦੇ ਹਨ ਕਿ ਰਾਮਪੁਰਾ ਸ਼ਹਿਰ ਦੇ ਹਸਪਤਾਲਾਂ ’ਚ ਇਸ ਸਬੰਧੀ ਪੋਸਟਰ ਵੀ ਚਿਪਕਾ ਦਿੱਤੇ ਗਏ ਹਨ ਅਤੇ ਡਾਕਟਰਾਂ ਨੇ ਸਟਾਫ ਨੂੰ ਇੰਨ੍ਹਾਂ ਦੋ ਪਿੰਡਾਂ ਦੇ ਮਰੀਜ਼ਾਂ ਦੀ ਰਜਿਸ਼ਟਰੇਸ਼ਨ ਨਾਂ ਕਰਨ ਦੀ ਹਦਾਇਤ ਵੀ ਕਰ ਦਿੱਤੀ ਹੈ। ਬਾਈਕਾਟ ਦੀ ਚੱਕੀ ਵਿੱਚ ਆਮ ਆਦਮੀ ਦੇ ਪਿਸਣ ਅਤੇ ਭਾਈਚਾਰਾ ਤਿੜਕਣ ਦਾ ਖਤਰਾ ਬਣ ਗਿਆ ਹੈ।
ਹਾਲਾਂਕਿ ਮਰੀਜਾਂ ਕੋਲ ਹੋਰ ਵੀ ਬਦਲ ਮੌਜੂਦ ਹਨ ਪਰ ਵੱਡੀ ਸਮੱਸਿਆ ਨਜ਼ਦੀਕ ਇਲਾਜ ਕਰਵਾਉਣ ਦੀ ਹੈ ਜੋ ਇੱਕ ਮਰੀਜ ਦੇ ਪ੍ਰੀਵਾਰ ਨੂੰ ਸੁਵਿਧਾਜਨਕ ਹੁੰਦਾ ਹੈ। ਇਸ ਸੰਕਟ ਨੂੰ ਲੈਕੇ ਦੋਵਾਂ ਪਿੰਡਾਂ ਦੇ ਲੋਕ ਲਾਮਬੰਦ ਹੋਣ ਲੱਗੇ ਹਨ ਜਿਸ ਕਰਕੇ ਅਮਨ ਕਾਨੂੰਨ ਦੀ ਸਥਿਤੀ ਵਿੱਚ ਵੀ ਵਿਗਾੜ ਪੈਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਕੁੱਝ ਦਿਨ ਪਹਿਲਾਂ ਇਲਾਕੇ ’ਚ ਇੱਕ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਵਿਚਕਾਰ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਕਾਰਨ ਗੰਭੀਰ ਰੂਪ ’ਚ ਜਖਮੀ ਹੋਏ ਪਿੰਡ ਸੂਚ ਦੇ ਨੌਜਵਾਨ ਨੂੰ ਰਾਮਪੁਰਾ ਦੇ ਇੱਕ ਨਾਮੀ ਨਿੱਜੀ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ ਸੀ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ। ਇਸ ਮੌਕੇ ਸੂਚ ਅਤੇ ਮੰਡੀ ਕਲਾਂ ਦੇ ਲੋਕਾਂ ਨੇ ਇੱਕ ਕਿਸਾਨ ਜੱਥੇਬੰਦੀ ਦੀ ਅਗਵਾਈ ਹੇਠ ਡਾਕਟਰ ਤੇ ਇਲਾਜ ਦੌਰਾਨ ਅਣਗਹਿਲੀ ਵਰਤਣ ਦੇ ਦੋਸ਼ ਲਾਉਂਦਿਆਂ ਧਰਨਾ ਲਾਇਆ ਸੀ।
ਇਸ ਮੌਕੇ ਧਰਨਾਕਾਰੀਆਂ ਨੇ ਸਬੰਧਤ ਡਾਕਟਰ ਤੇ ਕਥਿਤ ਤੌਰ ਤੇ ਸ਼ਰਾਬ ਪੀਤੀ ਹੋਣ ਸਬੰਧੀ ਦੋਸ਼ ਵੀ ਲਾਏ ਸਨ। ਇਸ ਮਾਮਲੇ ਨੂੰ ਲੈਕੇ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਵੀ ਹੋ ਗਿਆ ਸੀ ਪਰ ਧਰਨੇ ਕਾਰਨ ਹਸਪਤਾਲ ਦੀ ਬਦਨਾਮੀ ਹੋਣ ਦੇ ਦਾਅਵੇ ਨਾਲ ਡਾਕਟਰ ਭਾਈਚਾਰੇ ਨੇ ਸਰਬਸੰਮਤੀ ਨਾਲ ਬਾਈਕਾਟ ਵਰਗਾ ਅਣਕਿਆਸਿਆ ਫੈਸਲਾ ਕਰ ਲਿਆ।
ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਧਰਨੇ ਮੌਕੇ ਹੁੱਲੜ੍ਹਬਾਜੀ ਕੀਤੀ ਗਈ ਜਿਸ ਨਾਲ ਹਸਪਤਾਲ ਦਾ ਵਕਾਰ ਖਰਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਮੌਤ ਹੋਣ ਤੇ ਡਾਕਟਰ ਨੂੰ ਦੋਸ਼ੀ ਕਰਾਰ ਦੇਣ ਕਾਰਨ ਡਾਕਟਰੀ ਪੇਸ਼ਾ ਚੁਣੌਤੀ ਬਣਿਆ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕਿਸੇ ਦੀ ਮੌਤ ਹੋ ਜਾਣ ਨਾਲ ਡਾਕਟਰ ਨੂੰ ਭਲਾਂ ਕੀ ਮਿਲਦਾ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਪਹਿਲ ਮਰੀਜ ਦੀ ਜਾਨ ਬਚਾਉਣਾ ਹੁੰਦੀ ਹੈ ਅਤੇ ਉਨ੍ਹਾਂ ਵੀ ਆਪਣਾ ਫਰਜ਼ ਨਿਭਾਇਆ ਹੈ ਇਹ ਵੱਖਰੀ ਗੱਲ ਹੈ ਕਿ ਸ਼ਾਬਾਸ਼ ਦੀ ਥਾਂ ਉਨ੍ਹਾਂ ਨੂੰ ਫਿੱਟ ਲਾਅਨਤ ਮਿਲੀ ਹੈ।
ਮੀਟਿੰਗ ਮਗਰੋਂ ਫੈਸਲਾ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਬਲਰਾਜ ਸਿੰਘ ਮੰਡੀ ਕਲਾਂ ਦਾ ਕਹਿਣਾ ਸੀ ਕਿ ਜਦੋਂ ਸਮਝੌਤਾ ਹੀ ਹੋ ਗਿਆ ਸੀ ਤਾਂ ਡਾਕਟਰਾਂ ਵੱਲੋਂ ਅਜਿਹਾ ਸਖਤ ਕਦਮ ਚੁੱਕਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਚਾਇਤਾਂ ਅਤੇ ਜੱਥੇਬੰਦੀ ਦੀ ਮੀਟਿੰਗ ਕਰਕੇ ਇਸ ਸਬੰਧ ਵਿੱਚ ਜੋ ਵੀ ਫੈਸਲਾ ਕਰਨਾ ਹੋਇਆ ਕੀਤਾ ਜਾਏਗਾ।
ਦੋਸ਼ ਬੇਬੁਨਿਆਦ: ਹਸਪਤਾਲ
ਹਸਪਤਾਲ ਦੇ ਡਾਕਟਰ ਵਰਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਸ਼ਰਾਬ ਸਬੰਧੀ ਦੋਸ਼ ਪੂਰੀ ਤਰਾਂ ਬੇਬੁਨਿਆਦ ਅਤੇ ਮਨਘੜ੍ਹਤ ਹਨ ਜਿਸ ਦੀ ਪੁਸ਼ਟੀ ਰਿਪੋਰਟ ਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਤਰਫੋਂ ਮਰੀਜ਼ ਦੀ ਜਾਨ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਹਾਦਸੇ ਦੌਰਾਨ ਨੌਜਵਾਨ ਦੇ ਅੰਦਰੂਨੀ ਸੱਟਾਂ ਹੀ ਐਨੀਆਂ ਗੰਭੀਰ ਸਨ ਕਿ ਯਤਨਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ । ਉਨ੍ਹਾਂ ਕਿਹਾ ਕਿ ਧਰਨੇ ਤੋਂ ਬਾਅਦ ਪੈਦਾ ਹੋਈ ਸਥਿਤੀ ਸਬੰਧੀ ਉਨ੍ਹਾਂ ਨੇ ਆਪਣਾ ਪੱਖ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਕੋਲ ਰੱਖਿਆ ਸੀ ਜਿਸ ਨੇ ਸਰਬਸੰਮਤੀ ਨਾਲ ਦੋ ਪਿੰਡਾਂ ਦਾ ਇਲਾਜ ਨਾਂ ਕਰਨ ਬਾਰੇ ਫੈਸਲਾ ਲਿਆ ਹੈ।
ਬਾਈਕਾਟ ਲਈ ਮਜਬੂਰ ਡਾਕਟਰ: ਆਈਐਮਏ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਵਿਕਾਸ ਛਾਬੜਾ ਦਾ ਕਹਿਣਾ ਸੀ ਕਿ ਕੋਈ ਵੀ ਹਸਪਤਾਲ ਇਸ ਰਾਹ ਪੈਣਾ ਨਹੀਂ ਚਾਹੁੰਦਾ ਬਲਕਿ ਹਾਲਾਤਾਂ ਨੇ ਰਾਮਪੁਰਾ ਦੇ ਡਾਕਟਰਾਂ ਨੂੰ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਿਪੋਰਟਾਂ ਦੇਖੀਆਂ ਹਨ ਜਿੰਨ੍ਹਾਂ ਤੋਂ ਸਪਸ਼ਟ ਹੈ ਕਿ ਨੌਜਵਾਨ ਦੀ ਜਾਨ ਬਚਾਉਣੀ ਅਸੰਭਵ ਸੀ ਫਿਰ ਵੀ ਹਸਪਤਾਲ ਦੀ ਬਦੌਲਤ ਉਹ ਕਰੀਬ ਇੱਕ ਘੰਟਾ ਜਿੰਦਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਹਸਪਤਾਲ ਨਾਲ ਝਗੜਾ ਜਾਂ ਹੁੱਲੜਬਾਜੀ ਕਰਨ ਵਾਲਿਆਂ ਦੇ ਇਲਾਜ ਤੋਂ ਡਾਕਟਰ ਜਵਾਬ ਦੇ ਸਕਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਮੰਗ ਵੀ ਕੀਤੀ।
ਸ਼ਕਾਇਤ ਮਿਲਣ ਤੇ ਹੱਲ: ਡੀਸੀ ਬਠਿੰਡਾ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਡਾਕਟਰਾਂ ਵੱਲੋਂ ਮੰਡੀ ਕਲਾਂ ਅਤੇ ਸੂਚ ਦੇ ਬਾਈਕਾਟ ਕਰਨ ਸਬੰਧੀ ਸ਼ਕਾਇਤ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਕਾਇਤ ਆਈ ਤਾਂ ਮਿਲ ਬੈਠ ਕੇ ਮਸਲੇ ਦਾ ਹੱਲ ਕੱਢ ਲਿਆ ਜਾਏਗਾ।