ਦਲਜੀਤ ਦੋਸਾਂਝ ਖ਼ਿਲਾਫ਼ ਨਫ਼ਰਤ ਦੀ ਰਾਜਨੀਤੀ ਦੀ ਨਿੰਦਾ —ਕਲਾ, ਸੱਭਿਆਚਾਰ ਤੇ ਆਜ਼ਾਦੀ ਉੱਤੇ ਹਮਲੇ ਅਸਹਿਣਸ਼ੀਲ
ਸਕੇਪ ਸਾਹਿਤਕ ਸੰਸਥਾ ਦੇ ਕਵੀ ਦਰਬਾਰ ਦੌਰਾਨ ਨਿੰਦਾ ਪ੍ਰਸਤਾਵ ਪਾਸ, ਸੱਚ ਅਤੇ ਹੱਕ ਦੀ ਆਵਾਜ਼ ਬਣਿਆ ਸਮਾਗਮ
-ਦਲਜੀਤ ਦੋਸਾਂਝ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਰਹਿਣ ਦਾ ਕੀਤਾ ਐਲਾਨ
ਗੁਰਮੀਤ ਪਲਾਹੀ
ਫਗਵਾੜਾ, 30 ਜੂਨ 2025 – ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰੀ ਵੀ ਹਰਗੋਬਿੰਦ ਨਗਰ, ਫਗਵਾੜਾ ਵਿਖੇ ਇੱਕ ਮਹੀਨਾਵਾਰ ਸਾਰਥਕ ਅਤੇ ਸ਼ਾਨਦਾਰ ਕਵੀ ਦਰਬਾਰ ਸਫ਼ਲਤਾਪੂਰਵਕ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ,ਸਰਪ੍ਰਸਤ ਗੁਰਮੀਤ ਸਿੰਘ ਪਲਾਹੀ, ਗ਼ਜ਼ਲਕਾਰ ਉਰਮਲਜੀਤ ਸਿੰਘ ਵਾਲੀਆ ਤੇ ਸਮਾਜਸੇਵਕ ਐਡਵੋਕੇਟ ਐੱਸ.ਐੱਲ. ਸ਼ਾਮਲ ਸਨ।
ਕਵੀ ਦਰਬਾਰ ਦੌਰਾਨ ਅਨੇਕਾਂ ਸਾਰਥਕ ਅਤੇ ਦ੍ਰਿੜ ਵਿਚਾਰ ਸਾਹਿਤਕ ਰੂਪ ਵਿੱਚ ਸਾਹਮਣੇ ਆਏ। ਸਾਹਿਤ ਸਿਰਫ਼ ਲਫ਼ਜ਼ਾਂ ਦੀ ਕਲਾਕਾਰੀ ਨਹੀਂ, ਸਮਾਜਕ ਜ਼ਮੀਰ ਦੀ ਆਵਾਜ਼ ਵੀ ਹੁੰਦਾ ਹੈ। ਜਿੱਥੇ ਕਵੀਆਂ ਦੀਆਂ ਖ਼ੂਬਸੂਰਤ ਰਚਨਾਵਾਂ ਨੇ ਸਰੋਤਿਆਂ ਦੇ ਦਿਲਾਂ ਨੂੰ ਛੂਹਿਆ, ਓਥੇ ਹੀ ਦਲਜੀਤ ਦੋਸਾਂਝ ਖ਼ਿਲਾਫ਼ ਨਫ਼ਰਤ ਦੀ ਮੁਹਿੰਮ ਅਤੇ ਉਸ ਦੀ ਨਾਗਰਿਕਤਾ ਰੱਦ ਕਰਨ ਦੀ ਮੰਗ ਕਰ ਰਹੀਆਂ ਤਾਕਤਾਂ ਦੇ ਵਿਰੁੱਧ ਸੰਸਥਾ ਵੱਲੋਂ ਨਿੰਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਦਲਜੀਤ ਦੋਸਾਂਝ ਨੂੰ "ਗੱਦਾਰ" ਕਹਿਣ, ਉਸ ਦੀ ਨਾਗਰਿਕਤਾ ਖ਼ਤਮ ਕਰਨ ਦੀ ਸ਼ਰਮਨਾਕ ਮੰਗ ਦੀ ਸੰਸਥਾ ਵੱਲੋਂ ਸਖ਼ਤ ਨਿੰਦਿਆਂ ਕਰਦਿਆਂ ਹੋਇਆਂ ਸਰਬਸੰਮਤੀ ਨਾਲ਼ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ। ਪ੍ਰਧਾਨ ਰਵਿੰਦਰ ਚੋਟ ਨੇ ਕਿਹਾ ਕਿ ਕਲਾਕਾਰਾਂ, ਲੇਖਕਾਂ ਉੱਤੇ ਇਸ ਕਿਸਮ ਦੇ ਹਮਲੇ ਪ੍ਰਵਾਨ ਨਹੀਂ ਕੀਤੇ ਜਾਣਗੇ।
ਕਵੀ ਦਰਬਾਰ ਵਿੱਚ ਹਾਜ਼ਰ ਸਾਰੇ ਕਵੀਆਂ, ਸਾਹਿਤਕਾਰਾਂ ਅਤੇ ਸਰੋਤਿਆਂ ਵੱਲੋਂ ਇੱਕ ਸਾਂਝਾ ਮਤਾ ਪਾਸ ਕਰਕੇ ਇਹ ਸੁਨੇਹਾ ਦਿੱਤਾ ਗਿਆ ਕਿ ਜਿਹੜਾ ਕਲਾਕਾਰ ਆਪਣੀ ਮਿੱਟੀ,ਬੋਲੀ ,ਵਿਰਸੇ ,ਸੱਭਿਆਚਾਰ ਅਤੇ ਪਹਿਚਾਣ ਨੂੰ ਵਿਸ਼ਵ ਪੱਧਰ 'ਤੇ ਲਿਜਾ ਰਿਹਾ ਹੈ ਉਸ ਦੇ ਨਾਲ ਨਫ਼ਰਤ ਨਹੀਂ,ਸਗੋਂ ਉਸ ਦਾ ਸਤਿਕਾਰ ਹੋਣਾ ਚਾਹੀਦਾ ਹੈ।ਗੁਰਮੀਤ ਸਿੰਘ ਪਲਾਹੀ ਨੇ ਯਾਦ ਕਰਵਾਇਆ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਦਲਜੀਤ ਦੋਸਾਂਝ ਨੂੰ "ਕੌਮ ਦਾ ਹੀਰਾ" ਕਿਹਾ ਸੀ। ਅੱਜ ਉਸੇ ਦਲਜੀਤ ਦੋਸਾਂਝ ਨੂੰ ਸਿਰਫ਼ ਪਾਕਿਸਤਾਨੀ ਅਦਾਕਾਰਾ ਨਾਲ ਫ਼ਿਲਮ ਕਰਨ ਦੇ ਆਧਾਰ 'ਤੇ 'ਗੱਦਾਰ' ਕਹਿ ਕੇ ਉਸ ਦੀ ਨਾਗਰਿਕਤਾ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ — ਇਹ ਸਿਰਫ਼ ਇੱਕ ਵਿਅਕਤੀ ਉੱਤੇ ਨਹੀਂ, ਸਾਡੇ ਸਾਂਝੇ ਸੱਭਿਆਚਾਰ, ਕਲਾ ਅਤੇ ਵਿਚਾਰਾਂ ਦੀ ਆਜ਼ਾਦੀ ਉੱਤੇ ਹਮਲਾ ਹੈ। ਕੱਲ੍ਹ ਕਿਸੇ ਹੋਰ ਲੇਖਕ ਜਾਂ ਕਲਾਕਾਰ ਉੱਤੇ ਵੀ ਇਹ ਪਾਬੰਦੀ ਲਗ ਸਕਦੀ ਹੈ, ਤਾਂ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਇਸ ਅਜ਼ਾਦ ਮੁਲਕ ਵਿੱਚ ਅਜ਼ਾਦੀ,ਅਧਿਕਾਰਾਂ,ਵਿਚਾਰਾਂ ਅਤੇ ਕਲਾ ਦੀ ਹਿਫ਼ਾਜ਼ਤ ਕੌਣ ਕਰੇਗਾ? ਸਕੇਪ ਸਾਹਿਤਕ ਸੰਸਥਾ ਭਵਿੱਖ ਵਿੱਚ ਵੀ ਕਲਾ-ਸਾਹਿਤ ਨੂੰ ਲੋਕ ਹਿੱਤ ਲਈ ਵਰਤਦੀ ਰਹੇਗੀ ਅਤੇ ਫ਼ਿਰਕਾਪ੍ਰਸਤ ਅਤੇ ਤਾਨਾਸ਼ਾਹ ਤਾਕਤਾਂ ਦੀ ਖ਼ਿਲਾਫ਼ਤ ਕਰਦੀ ਰਹੇਗੀ।ਐਡਵੋਕੇਟ ਐੱਸ.ਐੱਲ. ਵਿਰਦੀ ਨੇ ਸਮੂਹ ਕਵੀਆਂ ਨੂੰ ਉੱਤਮ ਰਚਨਾਵਾਂ ਸੁਣਾਉਣ 'ਤੇ ਵਧਾਈ ਦਿੱਤੀ ਅਤੇ ਪਾਣੀ ਦੀ ਸੰਭਾਲ਼ ਬਾਰੇ ਅਤਿ ਸੰਵੇਦਨਸ਼ੀਲ ਤੇ ਪ੍ਰਭਾਵਸ਼ਾਲੀ ਸੰਦੇਸ਼ ਦਿੰਦਿਆਂ ਪਾਣੀ ਦੇ ਗੁਣਾਂ ਨੂੰ ਧਾਰਨ ਕਰਨ ਅਤੇ ਇਸਨੂੰ ਸੰਜਮ ਨਾਲ ਵਰਤਣ ਦੀ ਅਪੀਲ ਕੀਤੀ ।ਉਰਮਲਜੀਤ ਸਿੰਘ ਵਾਲੀਆ ਨੇ ਆਪਣੀ ਗ਼ਜ਼ਲ
"ਕਲਮ ਸੱਚ ਫ਼ਰਮਾਨ ਦੀ ਜਿੱਦ 'ਤੇ ਅੜੀ ਹੈ,
ਹੁਕਮਰਾਨਾਂ ਨੂੰ ਇਹ ਗੱਲ ਚੁੱਭਦੀ ਬੜੀ ਹੈ"
ਤਰੰਨਮ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਲਿਆ।ਸੋਹਣ ਸਹਿਜਲ ਨੇ ਰਿਸ਼ਤਿਆਂ ਦੇ ਮਨੁੱਖੀ ਪੱਖ ਨੂੰ ਸੰਵੇਦਨਸ਼ੀਲਤਾ ਨਾਲ ਛੂਹਿਆ। ਲਾਲੀ ਕਰਤਾਰਪੁਰੀ ਨੇ ਪੈਸੇ ਦੀ ਦੌੜ ਅਤੇ ਜੀਵਨ ਦੀ ਸਚਾਈ ਨੂੰ ਲਫ਼ਜ਼ਾਂ ਵਿਚ ਬੰਨ੍ਹਿਆ। ਜਰਨੈਲ ਸਾਕੀ, ਬਲਦੇਵ ਰਾਜ ਕੋਮਲ, ਜਸਵਿੰਦਰ ਫਗਵਾੜਾ ਅਤੇ ਗੁਰਮੁਖ ਲੋਕਪ੍ਰੇਮੀ,ਦਲਜੀਤ ਮਹਿਮੀ,ਦੇਵ ਰਾਜ ਦਾਦਰ,ਪਰਦੀਪ ਤੇਜੀ,ਮੋਹਨ ਆਰਟਿਸਟ, ਸੁਖਦੇਵ ਸਿੰਘ ਗੰਢਵਾਂ, ਰਵਿੰਦਰ ਸਿੰਘ ਰਾਏ, ਸੁਬੇਗ ਸਿੰਘ ਹੰਜਰਾਅ, ਸੀਤਲ ਰਾਮ ਬੰਗਾ, ਹਰਜਿੰਦਰ ਨਿਆਣਾ, ਬਲਬੀਰ ਕੌਰ ਬੱਬੂ ਸੈਣੀ, ਅਸ਼ੋਕ ਟਾਂਡੀ, ਕਰਮਜੀਤ ਸਿੰਘ ਸੰਧੂ, ਦਵਿੰਦਰ ਸਿੰਘ ਜੱਸਲ,ਲਸ਼ਕਰ ਢੰਡਵਾੜਵੀ, ਹਰਚਰਨ ਭਾਰਤੀ, ਮਹਿੰਦਰ ਸੂਦ ਵਿਰਕ, ਜਸ ਸਰੋਆ, ਗੁਰਮੁਖ ਲੋਹਾਰ, ਸ਼ਾਮ ਸਰਗੂੰਦੀ,ਕਮਲੇਸ਼ ਸੰਧੂ ਆਦਿ ਸਭ ਕਵੀਆਂ ਨੇ ਆਪਣੀ ਆਪਣੀ ਰਚਨਾ ਨੂੰ ਖ਼ੂਬਸੂਰਤੀ, ਜਜ਼ਬਾਤ, ਅਦਾਕਾਰੀ, ਪੂਰੇ ਨਿੱਘ ਤੇ ਜੋਸ਼ ਨਾਲ ਪੇਸ਼ ਕਰਕੇ ਕਵੀ ਦਰਬਾਰ ਨੂੰ ਯਾਦਗਾਰ ਬਣਾ ਦਿੱਤਾ। ਉਨ੍ਹਾਂ ਦੀਆਂ ਲਿਖਤਾਂ, ਲਹਿਜ਼ੇ ਅਤੇ ਪੇਸ਼ਕਸ਼ ਨੇ ਸਮੁੱਚੇ ਸਮਾਗ਼ਮ ਦੀ ਸਫ਼ਲਤਾ ਵਿੱਚ ਬਹੁਮੁੱਲਾ ਯੋਗਦਾਨ ਪਾਇਆ। ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ ਵੱਲੋਂ ਪ੍ਰਗਟਾਏ ਵਿਚਾਰਾਂ ਨੇ ਇਸ ਕਵੀ ਦਰਬਾਰ ਨੂੰ ਸਿਰਫ ਕਵਿਤਾਵਾਂ ਦਾ ਸਮਾਗਮ ਨਹੀਂ, ਸਗੋਂ ਸੱਚ,ਹੱਕ ਅਤੇ ਅਜ਼ਾਦੀ ਦੀ ਰਾਖੀ ਲਈ ਉਠਾਈ ਗਈ ਆਵਾਜ਼ ਬਣਾ ਦਿੱਤਾ। ਸਟੇਜ ਸੰਚਾਲਨ ਕਮਲੇਸ਼ ਸੰਧੂ ਨੇ ਸੁਚੱਜੇ ਢੰਗ ਨਾਲ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਬਿਨ੍ਹਾਂ ਸੋਹਣ ਲਾਲ, ਨਗੀਨਾ ਸਿੰਘ ਬਲੱਗਣ, ਮਨਦੀਪ ਸਿੰਘ, ਜਪਜੀਤ ਸਿੰਘ,ਕਸ਼ਮੀਰ ਸਿੰਘ, ਕੁਲਦੀਪ ਕੁਮਾਰ ਦੁੱਗਲ ਆਦਿ ਹਾਜ਼ਰ ਸਨ।