'ਮਾਝੇ ਦੀਏ ਮੋਮਬੱਤੀਏ' ਗੀਤ ਨੇ ਰਚਿਆ ਇਤਿਹਾਸ ..ਸ਼ਮਸ਼ੇਰ ਸੰਧੂ ਹੈ ਬਾਗੋ -ਬਾਗ ...ਪਰ ..
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 12 ਅਗਸਤ, 2025:- ਪੰਜਾਬੀ ਸੰਗੀਤ ਜਗਤ ਵਿੱਚ ਕੁਝ ਗੀਤ ਅਜਿਹੇ ਹੁੰਦੇ ਹਨ ਜੋ ਸਮੇਂ ਦੀ ਧੂੜ ਨੂੰ ਪਾਰ ਕਰਕੇ ਅਮਰ ਹੋ ਜਾਂਦੇ ਹਨ। ਇਹੋ ਜਿਹਾ ਹੀ ਇੱਕ ਗੀਤ ਹੈ 'ਮਾਝੇ ਦੀਏ ਮੋਮਬੱਤੀਏ'। ਇਹ ਗੀਤ ਮੂਲ ਰੂਪ ਵਿੱਚ 1992 ਵਿੱਚ Shamsher Sandhu ਨੇ ਲਿਖਿਆ ਗਿਆ ਸੀ। ਇਸ ਗੀਤ ਦਾ ਛੋਟਾ ਜਿਹਾ ਪਿਆਰਾ ਇਤਿਹਾਸ ਹੈ, ਉਂਜ ਅੱਜ ਵੀ ਗਇਆ ਜਾਂਦਾ ਹੈ।
ਸ਼ਮਸ਼ੇਰ ਸੰਧੂ ਨੇ ਗੱਲਾਂ ਗੱਲਾਂ ਵਿੱਚ ਇਸ ਗੀਤ ਦਾ ਇਤਿਹਾਸ ਵੀ ਦੱਸਿਆ ਤੇ ਥੋੜ੍ਹਾ ਜਿਹਾ ਝੋਰਾ ਵੀ ਜ਼ਾਹਿਰ ਕੀਤਾ। ਕਹਿਣ ਲੱਗੇ " ਮੇਰਾ ਲਿਖਿਆ ਇਹ ਗੀਤ 'ਸਰਵਜੀਤ ਕੋਕੇਵਾਲੀ' ਨੇ 1992 ਚ ' ਸੁਰਿੰਦਰ ਬਚਨ' ਦੇ ਸੰਗੀਤ ਚ ਰਿਕਾਰਡ ਕਰਾਇਆ। ਤੁਰੀਏ ਨੇ ਤੂੰਬੀ ਵਜਾਈ। ' ਕੈਟਰੈਕ ਦੇ ਗੌਰਵ ਤਰੇਹਨ ' ਨੇ ਇਹ ਕੈਸਿਟ ਰਿਲੀਜ਼ ਕੀਤੀ । ਮੇਰਾ ਤੇ ਮਦਨ ਜਲੰਧਰੀ ਦਾ ਕੁੱਲ 32 { 16/16 } ਹਜ਼ਾਰ ਖਰਚਾ ਆਇਆ ਸੀ । ਫੇਰ ਇਹ ਗੀਤ 'ਬੂਟਾ ਸਿੰਘ ਸ਼ਾਦ' ਨੂੰ ਪਸੰਦ ਆ ਗਿਆ। ਉਹਨੇ 'ਸੁਰਿੰਦਰ ਛਿੰਦਾ' ਤੇ 'ਸਵਿਤਾ ਸਾਥੀ' ਤੋਂ ਗਵਾ ਕੇ ਵੈਰੀ ਫਿਲਮ ਚ ਪਾ ਲਿਆ । ਫੇਰ 'ਬਲਕਾਰ ਸਿੱਧੂ' ਨੇ ਗਾਇਆ ਤੇ ਬਹੁਤ ਹਿੱਟ ਹੋ ਗਿਆ । ਹੁਣ ਵੀ ਕਾਫੀ ਨਵੇਂ ਕਲਾਕਾਰ ਸਟੇਜਾਂ ਤੇ ਇਸ ਗੀਤ ਨੂੰ ਅਕਸਰ ਗਾਉਂਦੇ ਹਨ। "
ਪਰ ਸੰਧੂ ਨੇ ਗਾਇਕਾਂ ਨੂੰ ਨੇਕ ਸਲਾਹ ਇਹ ਵੀ ਦਿੱਤੀ,
" ਜਦੋਂ ਵੀ ਕੋਈ ਇਸ ਗੀਤ ਨੂੰ ਗਾਉਂਦਾ ਹੈ ਤਾਂ ਮੈਨੂੰ ਫੱਕਹਾਰ ਹੁੰਦੈ ਪਰ ਗਾਉਣ ਵਾਲਿਆਂ ਨੂੰ ਮੇਰੀ ਸਲਾਹ ਹੈ ਕਿ ਗੀਤ ਲੇਖਕ ਦਾ ਨਾਂਅ ਲੈ ਦਿਆ ਕਰਨ ਤਾਂ ਧੰਨਵਾਦੀ ਹੋਵਾਂਗਾ। ਸਿਰਫ਼ ਮੇਰੇ ਹੀ ਨਹੀਂ ਜਿਸ ਲੇਖਕ ਦਾ ਵੀ ਗੀਤ ਗਾਇਆ ਕਰੋ ਉਸ ਦਾ ਨਾਂ ਜ਼ਰੂਰ ਲੈ ਦੀਆ ਕਰੋ। ਮੈਨੂੰ ਤਾਂ ਬਾਹਲਾ ਫਰਕ ਨਹੀਂ ਪੈਂਦਾ ਪਰ ਇਹ ਜ਼ਰੂਰੀ ਹੈ ਕਿ ਕਲਾ ਅਤੇ ਸੰਗੀਤ ਦੇ ਪਿੱਛੇ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਉਹਨਾਂ ਦਾ ਸਹੀ ਸਨਮਾਨ ਮਿਲੇ।"
ਸ਼ਮਸ਼ੇਰ ਸੰਧੂ ਦੇ ਦੇ ਸੈਂਕੜੇ ਗੀਤ ਦਰਜਨਾਂ ਗਾਇਕਾਂ ਨੇ ਗਏ ਹਨ। ਉਸ ਨੂੰ ਜਿੰਨਾਂ ਮਾਣ -ਤਾਣ ਇੱਕ Lirics Writer ਵਜੋਂ ਮਿਲਿਆ ਹੈ ,ਅਜਿਹਾ ਬਹੁਤ ਘੱਟ ਲੇਖਕਾਂ ਨੂੰ ਮਿਲਿਆ ਹੈ ਪਰ ਉਸ ਦਾ ਕਹਿਣਾ ਸੀ ਕਿ ਗੀਤਕਾਰਾਂ ਦੇ ਨਾਂ ਦਾ ਜ਼ਿਕਰ ਕਰਨ ਨਾਲ ਨਵੇਂ ਗੀਤ ਲੇਖਕਾਂ ਨੂੰ ਹੋਰ ਲਿਖਣ ਲਈ ਉਤਸ਼ਾਹ ਮਿਲਦਾ ਹੈ।
ਇਹ ਵੀ ਯਾਦ ਰਹੇ ਕੀ ਆਮ ਗੀਤਕਾਰਾਂ ਦੀ ਬਹੁਤੀ ਸੱਦ-ਪੁੱਛ ਨਾਂ ਹੋਣ ਅਤੇ ਉਨ੍ਹਾਂ ਨੂੰ ਢੁੱਕਵੀਂ ਰਾਇਲਟੀ ਆਦਿਕ ਨਾਂ ਮਿਲਣ ਦੇ ਮੁੱਦਿਆਂ ਨੂੰ ਲੈ ਕੇ ਜਰਨੈਲ ਘੁਮਾਣ ਹੋਰਾਂ ਨੇ ਹੋਰ ਸਾਥੀਆਂ ਨਾਲ ਮਿਲ ਕੇ ਕੁਝ ਮਹੀਨੇ ਪਹਿਲਾਂ ਇੱਕ ਗੀਤਕਾਰ ਸੰਮੇਲਨ ਵੀ ਕਰਾਇਆ ਸੀ।