ਟੈਂਕੀ ਬਣਾਉਣ ਵਿੱਚ ਹਲਕਾ ਮਟੀਰੀਅਲ ਵਰਤਣ ਅਤੇ ਅਧੂਰਾ ਕੰਮ ਛੱਡ ਕੇ ਜਾਣ ਦੇ ਪੰਚਾਇਤ ਨੇ ਠੇਕੇਦਾਰ ਤੇ ਲਗਾਏ ਦੋਸ਼
ਕਹਿੰਦੇ ਪਿੰਡ ਦੇ ਸਰਕਾਰੀ ਸਕੂਲ ਦੀਆਂ ਇੱਟਾਂ ਤੇ ਐਂਗਲ ਵੀ ਟੈਂਕੀ ਬਣਾਉਣ ਵਿੱਚ ਵਰਤ ਲਏ
ਅਧਿਕਾਰੀ ਨੇ ਕਿਹਾ, ਜਾਂਚ ਤੋਂ ਬਾਅਦ ਕਰਾਂਗੇ ਕਾਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ 12 ਅਗਸਤ 2025 : ਗੁਰਦਾਸਪੁਰ ਦੇ ਪਿੰਡ ਪੂਰੋਵਾਲ ਅਰਾਈਆਂ ਦੀ ਪੰਚਾਇਤ ਨੇ ਪਿੰਡ ਵਿੱਚ ਬਣੀ ਪਾਣੀ ਦੀ ਟੈਂਕੀ ਵਿੱਚ ਠੇਕੇਦਾਰ ਵੱਲੋਂ ਹਲਕਾ ਮਟੀਰੀਅਲ ਵਰਤਨ ਦੇ ਦੋਸ਼ ਲਗਾਏ ਹਨ। ਪਿੰਡ ਦੇ ਸਰਪੰਚ ਅਤੇ ਮੈਂਬਰਾਂ ਦਾ ਕਹਿਣਾ ਹੈ ਕਿ ਠੇਕੇਦਾਰ ਨੂੰ ਟੈਂਡਰ ਤੋਂ ਬਾਅਦ 26 ਲੱਖ ਵਿੱਚ ਟੈਂਕੀ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ ਪਰ ਠੇਕੇਦਾਰ ਵੱਲੋਂ ਟੈਂਕੀ ਦੇ ਨਿਰਮਾਣ ਵਿੱਚ ਹਲਕਾ ਮਟੀਰੀਅਲ ਹੀ ਨਹੀਂ ਇਸਤੇਮਾਲ ਕੀਤਾ ਗਿਆ ਬਲਕਿ ਪੀਣ ਦੇ ਸਕੂਲ ਦੀਆ ਇੱਟਾਂ ਅਤੇ ਐਂਗਲ ਵੀ ਟੈਂਕੀ ਦੇ ਨਿਰਮਾਣ ਵਿੱਚ ਵਰਤ ਲਏ ਗਏ ਹਨ। ਜਦ ਕਿ ਜਦੋਂ ਠੇਕੇਦਾਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਬਾਕੀ ਰਹਿੰਦਾ ਕੰਮ ਹੀ ਬੰਦ ਕਰ ਦਿੱਤਾ। ਪੰਚਾਇਤ ਦਾ ਦੋਸ਼ ਹੈ ਕਿ ਠੇਕੇਦਾਰ ਵੱਲੋਂ ਮੋਟਰ ਦਾ ਸਟਾਰਟਰ ਵੀ ਨਹੀਂ ਲਗਾਇਆ ਗਿਆ ਜਿਸ ਕਾਰਨ ਮੋਟਰ ਡਾਇਰੈਕਟ ਚਲਾ ਕੇ ਪਾਣੀ ਟੈਂਕੀ ਵਿੱਚ ਭਰਿਆ ਜਾਂਦਾ ਹੈ ਪਰ ਵੋਲਟੇਜ ਜਿਆਦਾ ਹੋਣ ਕਾਰਨ ਮੋਟਰ ਸੜ ਗਈ ਜਿਸ ਦੀ ਮੁਰੰਮਤ ਵੀ ਪੰਚਾਇਤ ਵੱਲੋਂ ਆਪਣੇ ਤੌਰ ਤੇ ਕਰਾਈ ਗਈ। ਇਸ ਤੋਂ ਇਲਾਵਾ ਟੈਂਕੀ ਦੇ ਨਾਲ ਮੋਟਰ ਦਾ ਕਮਰਾ ਵੀ ਪੂਰੀ ਤਰ੍ਹਾਂ ਨਾਲ ਉਸਾਰਿਆ ਨਹੀਂ ਗਿਆ। ਉਹਨਾਂ ਮੰਗ ਕੀਤੀ ਕਿ ਟੈਂਕੀ ਦੇ ਨਿਰਮਾਣ ਵਿੱਚ ਹੋਈ ਘਪਲੇਬਾਜ਼ੀ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਠੇਕੇਦਾਰ ਦੇ ਖਿਲਾਫ ਕਾਰਵਾਈ ਕੀਤੀ ਜਾਏ ਅਤੇ ਟੈਂਕੀ ਦਾ ਨਿਰਮਾਣ ਸਹੀ ਤਰੀਕੇ ਨਾਲ ਕਰਵਾਇਆ ਜਾਵੇ
ਜਦੋਂ ਇਸ ਸਬੰਧੀ ਟੈਂਕੀ ਬਣਾ ਰਹੇ ਠੇਕੇਦਾਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਆਪਣਾ ਪੱਖ ਰੱਖਣ ਤੋਂ ਮਨਾ ਕਰ ਦਿੱਤਾ ।
ਇਸ ਸਬੰਧੀ ਜਦੋਂ ਵਾਟਰ ਸਪਲਾਈ ਦੇ ਐਸਡੀਓ ਸਾਹਿਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੰਚਾਇਤ ਵੱਲੋਂ ਸ਼ਿਕਾਇਤ ਕੀਤੀ ਗਈ ਹੈ। ਉਹ ਮੌਕਾ ਦੇਖ ਕੇ ਇਸ ਸਬੰਧੀ ਜਾਂਚ ਕਰਕੇ ਰਿਪੋਰਟ ਬਣਾਉਣਗੇ ਅਤੇ ਜੇਕਰ ਠੇਕੇਦਾਰ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦਾ ਭੁਗਤਾਨ ਰੋਕ ਦਿੱਤਾ ਜਾਵੇਗਾ।