ਦਰਿਆਈ ਡੈਮਾਂ ਨੂੰ ਪੰਜਾਬ ਉੱਪਰ ਪਾਣੀ ਦੀਆਂ ਤੋਪਾਂ ਵਾਂਗ ਨਾ ਵਰਤੋ - 'ਲੋਕ-ਰਾਜ' ਪੰਜਾਬ
- 'ਲੋਕ-ਰਾਜ' ਪੰਜਾਬ ਨੇ ਡੈਮਾਂ ਦੇ ਪਾਣੀ ਨਾਲ ਨਿੱਤ ਦੇ ਹੜ੍ਹਾਂ ਦੀ ਨਿਆਂਇਕ ਜਾਂਚ ਦੀ ਆਪਣੀ ਮੰਗ ਨੂੰ ਦੁਹਰਾਈ
ਪਟਿਆਲਾ, ਮਿਤੀ: 20 ਅਗਸਤ 2025 - ਲੋਕ-ਰਾਜ ਪੰਜਾਬ ਨੇ ਹਰ ਵਾਰ ਡੈਮਾਂ ਦਾ ਪਾਣੀ ਛੱਡ ਕੇ ਪੰਜਾਬ ਨੂੰ ਰੋੜ੍ਹਨ ਖ਼ਿਲਾਫ਼, ਗੁਰਦਵਾਰਾ ਦੂਖਨਿਵਾਰਨ ਲਾਗੇ ਅੱਜ ਲੋਕਾਂ ਵੱਲੋਂ ਕੀਤੇ ਗਏ ਇੱਕ ਰੋਸ ਮੁਜਾਹਰੇ ਵਿੱਚ ਕੇਂਦਰ ਨੂੰ ਤਾੜਨਾ ਕੀਤੀ ਹੈ ਕਿ ਭਾਖੜਾ, ਪੌਂਗ ਅਤੇ ਦੇਹਰ ਡੈਮਾਂ ਦਾ ਕੰਟਰੋਲ ਤੁਰੰਤ ਪੰਜਾਬ ਹਵਾਲੇ ਕਰੇ, ਜੋ ਪੰਜਾਬ ਨੂੰ ਬਰਬਾਦ ਕਰਨ ਲਈ ਪਾਣੀ ਦੀਆਂ ਤੋਪਾਂ ਵਾਂਗ ਵਰਤੇ ਜਾ ਰਹੇ ਹਨ।
ਲੋਕ-ਰਾਜ ਪੰਜਾਬ ਨੇ ਪੰਜਾਬ ਵਿੱਚ ਵਾਰ-ਵਾਰ ਆਉਣ ਵਾਲੇ ਵਿਨਾਸ਼ਕਾਰੀ ਹੜ੍ਹਾਂ ਨੂੰ "ਕੁਦਰਤੀ ਨਾ ਹੋ ਕੇ ਸਗੋਂ ਮਨੁੱਖ ਦੁਆਰਾ ਲਿਆਂਦੇ" ਦੱਸਿਆ ਹੈ। ਕਿਉਂਕਿ ਇਹ ਹੜ੍ਹ ਦਰਿਆਵਾਂ ਵਿੱਚ ਜ਼ਿਆਦਾ ਮੀਂਹ ਦੇ ਪਾਣੀ ਦੇ ਵਹਾਅ ਕਾਰਨ ਨਹੀਂ ਆਉਂਦੇ, ਸਗੋਂ ਸਪੱਸ਼ਟ ਤੌਰ 'ਤੇ ਹਮੇਸ਼ਾ ਇਨ੍ਹਾਂ ਡੈਮਾਂ ਵਿੱਚ ਸਟੋਰ ਕੀਤੇ ਪਾਣੀ ਨੂੰ ਛੱਡੇ ਜਾਣ ਦੇ ਸਿੱਧੇ ਨਤੀਜੇ ਵਜੋਂ ਆਉਂਦੇ ਹਨ। ਵੱਡੀ ਤਰਾਸਦੀ ਇਹ ਹੈ ਕਿ ਪੰਜਾਬ ਦੇ ਦਰਿਆਵਾਂ ਉੱਪਰ ਬਣਾ ਕੇ ਵੀ ਦੁਨੀਆ ਭਰ ਵਿੱਚ ਸਿਰਫ ਇਹੋ ਹੀ ਡੈਮ ਹਨ ਜੋ ਦਰਿਆਵਾਂ ਦੀ ਮਾਰ ਝੱਲਣ ਵਾਲੇ "ਰਿਪੇਰੀਅਨ ਰਾਜ ਪੰਜਾਬ" ਦੇ ਨਿਯੰਤਰਣ ਵਿੱਚ ਨਹੀਂ ਦਿੱਤੇ ਗਏ।
ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਇੰਜੀਨੀਅਰ ਇਨ ਚੀਫ਼, ਇੰਜ ਹਰਿੰਦਰ ਸਿੰਘ ਬਰਾੜ, ਸੇਵਾਮੁਕਤ ਸਿਵਲ ਸਰਜਨ ਅਤੇ ਲੋਕ-ਰਾਜ ਪੰਜਾਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ ਅਤੇ ਪੰਜਾਬੀ ਯੂਨੀਵਰਸਿਟੀ ਦੇ 'ਸੈਫ਼ੀ' ਵਿਦਿਆਰਥੀ ਸੰਗਠਨ ਦੇ ਪ੍ਰਧਾਨ ਯਾਦਵਿੰਦਰ ਸਿੰਘ 'ਯਾਦੂ' ਨੇ ਪ੍ਰੈਸ ਨੂੰ ਜਾਰੀ ਕੀਤੇ ਇੱਕ ਸਾਂਝੇ ਬਿਆਨ ਵਿੱਚ, ਭਾਖੜਾ, ਪੋਂਗ ਅਤੇ ਦੇਹਰ ਡੈਮਾਂ ਦਾ ਕੰਟਰੋਲ ਤੁਰੰਤ ਰਿਪੇਰੀਅਨ ਰਾਜ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ ਹੈ। ਕਿਉਂਕਿ ਪੰਜਾਬ ਨੂੰ ਵਾਰ-ਵਾਰ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਬੇਰਹਿਮੀ, ਨਾਲਾਇਕੀ ਅਤੇ ਲਾਪਰਵਾਹੀ ਕਾਰਨ ਆ ਰਹੇ ਤਬਾਹਕੁੰਨ ਹੜ੍ਹਾਂ ਕਰਕੇ, ਫਸਲਾਂ, ਜਾਨਾਂ ਅਤੇ ਜਾਇਦਾਦਾਂ ਦਾ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।
'ਲੋਕ-ਰਾਜ' ਪੰਜਾਬ ਨੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਹੜ੍ਹਾਂ ਦੀ ਮਾਰ ਹੇਠ ਆਏ ਪਿੰਡ ਅਤੇ ਸਮੁੱਚੇ ਪੰਜਾਬ ਦੇ ਤੇਰਾਂ ਹਜ਼ਾਰ ਪਿੰਡ ਪੰਜਾਬ ਨੂੰ ਬਚਾਉਣ ਲਈ, ਡੈਮਾਂ ਦਾ ਕੰਟਰੋਲ ਪੰਜਾਬ ਨੂੰ ਤੁਰੰਤ ਦੇਣ ਲਈ, ਆਪੋ ਆਪਣੀਆਂ ਗ੍ਰਾਮ ਸਭਾਵਾਂ ਦੇ ਮਤੇ ਪਾਉਣ। ਤਾਂ ਜੋ ਜ਼ਬਰੀ ਜ਼ਮੀਨ ਖੋਹਣ ਦੇ ਕਾਨੂੰਨ ਰੱਦ ਕਰਵਾਉਣ ਵਾਂਗ, ਪੰਜਾਬ ਨੂੰ ਨਿੱਤ ਦੇ ਮਾਰੂ ਹੜ੍ਹਾਂ ਦੀ ਮਾਰ ਤੋਂ ਬਚਾਉਣ ਦਾ ਵੀ ਪੱਕਾ ਇਲਾਜ਼ ਹੋ ਸਕੇ।
'ਗੁਰੂ-ਅਦਬ' ਮੋਰਚਾ ਸਰਹਿੰਦ ਨੇ ਅਪੀਲ ਕੀਤੀ ਹੈ ਕਿ, ਦੂਖ ਨਿਵਾਰਨਹਾਰ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ, ਗਰਾਮ ਸਭਾਵਾਂ ਦੇ ਇਹਨਾਂ ਮਤਿਆ ਦੇ ਨਾਲ ਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੇਹਿਰੇ ਲਾਉਣ ਦੀ ਗੁਰਮਰਯਾਦਾ ਮੁੜ ਲਾਗੂ ਕਰਨ ਦੇ ਗੁਰਮਤੇ ਵੀ ਜ਼ਰੂਰ ਕੀਤੇ ਜਾਣ।