ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਇਕ ਹੋਰ ਨਸ਼ਾ ਤਸਕਰ ਦਾ ਘਰ ਢਹਿ ਢੇਰੀ
- ਢਾਇਆ ਗਿਆ ਨਸ਼ਾ ਤਸਕਰ ਪ੍ਰਵੀਨ ਰਾਣੀ ਰਵੀਨਾ ਦਾ ਘਰ। ਨਸ਼ਾ ਤਸਕਰੀ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ – ਐਸ.ਐਸ.ਪੀ ਫਾਜ਼ਿਲਕਾ।
ਫਾਜ਼ਿਲਕਾ, 29 ਜੂਨ 2025 – ਗੌਰਵ ਯਾਦਵ ਆਈ.ਪੀ.ਐਸ., ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ; ਸ੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ., ਡੀ.ਆਈ.ਜੀ. ਫਿਰੋਜ਼ਪੁਰ ਰੇਂਜ; ਅਤੇ ਸ੍ਰੀ ਗੁਰਮੀਤ ਸਿੰਘ, ਸੀਨੀਅਰ ਕਪਤਾਨ ਪੁਲਿਸ, ਫਾਜ਼ਿਲਕਾ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ।
ਅੱਜ ਥਾਣਾ ਅਰਨੀਵਾਲਾ ਦੇ ਤਹਿਤ ਆਉਂਦੇ ਪਿੰਡ ਟਾਹਲੀਵਾਲਾ ਬੋਦਲਾ ਵਿੱਚ ਨਸ਼ਾ ਤਸਕਰ ਪ੍ਰਵੀਨ ਰਾਣੀ @ ਰਵੀਨਾ ਪੁੱਤਰੀ ਚੀਮਨ ਲਾਲ ਵਾਸੀ ਤਾਹਲੀਵਾਲਾ ਬੋਦਲਾ ਦੇ ਘਰ ਨੂੰ ਢਾਹ ਦਿੱਤਾ ਗਿਆ। ਇਹ ਮਹਿਲਾ ਨਸ਼ਾ ਤਸਕਰੀ ਦੇ ਗੈਰਕਾਨੂੰਨੀ ਧੰਦੇ ਵਿੱਚ ਲਗਾਤਾਰ ਸ਼ਾਮਲ ਸੀ ਅਤੇ ਉਸ ਵਿਰੁੱਧ ਪਹਿਲਾਂ ਹੀ ਨਿਮਨਲਿਖਤ ਮਾਮਲੇ ਦਰਜ ਹਨ:
1. FIR ਨੰਬਰ 24 ਮਿਤੀ 07.03.2025, ਅਧੀਨ ਧਾਰਾ 21 NDPS Act, ਥਾਣਾ ਅਰਨੀਵਾਲਾ
2. FIR ਨੰਬਰ 98 ਮਿਤੀ 27.09.2023, ਅਧੀਨ ਧਾਰਾ 379, 411 IPC, ਥਾਣਾ ਅਰਨੀਵਾਲਾ
ਪ੍ਰਵੀਨ ਰਾਣੀ ਨੇ ਗੈਰਕਾਨੂੰਨੀ ਢੰਗ ਨਾਲ ਨਸ਼ਾ ਵੇਚਣ ਅਤੇ ਚੋਰੀ ਦਾ ਸਮਾਨ ਰੱਖਣ ਜਿਹੇ ਗੰਭੀਰ ਅਪਰਾਧ ਕੀਤੇ ਹਨ। ਸਿਵਲ ਪ੍ਰਸ਼ਾਸਨ ਵੱਲੋਂ ਮੰਗ ਕੀਤੀ ਜਾਣ ਉਪਰੰਤ, ਪੁਲਿਸ ਵੱਲੋਂ ਮੌਕੇ 'ਤੇ ਪੁੱਜ ਕੇ ਨਜਾਇਜ਼ ਢੰਗ ਨਾਲ ਬਣੇ ਹੋਏ ਉਸ ਦੇ ਘਰ ਨੂੰ ਢਾਹਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ।
ਐਸ.ਐਸ.ਪੀ. ਫਾਜ਼ਿਲਕਾ ਸ੍ਰੀ ਗੁਰਮੀਤ ਸਿੰਘ ਜੀ ਨੇ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਇਹ ਜੰਗ ਅਜੇ ਠਹਿਰੀ ਨਹੀਂ। ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੀਆਂ ਢਹਿ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।
ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲ ਰਹੀ ਜੰਗ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨਾ ਹੀ ਨਹੀਂ, ਸਗੋਂ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਵੀ ਨਵੀਂ ਜ਼ਿੰਦਗੀ ਦੇਣ ਲਈ ਉਨ੍ਹਾਂ ਨੂੰ ਨਸ਼ਾ ਛੁਡਾਉ ਕੇਂਦਰਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਉਪਲੱਬਧ ਕਰਵਾਈ ਜਾ ਰਹੀ ਹੈ।
ਫਾਜ਼ਿਲਕਾ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਇਸ ਯੁੱਧ ਵਿੱਚ ਸਾਡਾ ਸਾਥ ਦੇਣ। ਜੇਕਰ ਤੁਹਾਡੇ ਆਸ-ਪਾਸ ਕਿਸੇ ਵੀ ਵਿਅਕਤੀ ਵੱਲੋਂ ਨਸ਼ਾ ਵੇਚਣ ਜਾਂ ਖਰੀਦਣ ਦੀ ਗਤੀਵਿਧੀ ਦਿਖਾਈ ਦਿੰਦੀ ਹੈ, ਤਾਂ ਤੁਰੰਤ ਸੂਚਨਾ ਫਾਜ਼ਿਲਕਾ ਕੰਟਰੋਲ ਰੂਮ ਨੰਬਰ 85588-00900 ਜਾਂ Safe Punjab ਚੈਟਬੋਟ ਨੰਬਰ 97791-00200 ਤੇ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦਾ ਨਾਂਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।
ਆਓ ਅੱਗੇ ਵਧੀਏ, ਨਸ਼ਾ ਮੁਕਤ ਪੰਜਾਬ ਵੱਲ।
ਜਿੱਤ ਸੱਚ ਦੀ ਹੋਵੇਗੀ, ਹਾਰ ਨਸ਼ਿਆਂ ਦੀ।