ਪੰਜਾਬ ਸਰਕਾਰ ਵਲੋਂ ਸੂਬੇ ’ਚ ਉਦਯੋਗਾਂ ਲਈ ਸਿਰਜਿਆ ਜਾ ਰਿਹੈ ਸਾਜ਼ਗਾਰ ਮਾਹੌਲ : ਕੈਬਨਿਟ ਮੰਤਰੀ
- ‘ਰਾਈਜਿੰਗ ਪੰਜਾਬ-ਸੁਝਾਅ ਤੋਂ ਹੱਲ ਤੱਕ’ ਤਹਿਤ ਕਰਵਾਏ ਸਮਾਗਮ ’ਚ ਸਨਅੱਤਕਾਰਾਂ ਤੋਂ ਲਏ ਸੁਝਾਅ
- ਕਿਹਾ, ਸੁਝਾਵਾਂ ਨੂੰ ਸਮਾਂਬੱਧ ਤਰੀਕੇ ਨਾਲ ਅਮਲੀ ਜਾਮਾ ਪਹਿਨਾਉਣ ਲਈ ਪੰਜਾਬ ਸਰਕਾਰ ਵਚਨਬੱਧ
ਜਲੰਧਰ, 20 ਅਗਸਤ 2025 - ਸਨਅੱਤ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਉਦਯੋਗਾਂ ਲਈ ਸਾਜ਼ਗਾਰ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਵੱਧ ਤੋਂ ਵੱਧ ਨਿਵੇਸ਼ ਹੋ ਸਕੇ। ਉਹ ਅੱਜ ‘ਰਾਈਜਿੰਗ ਪੰਜਾਬ-ਸੁਝਾਅ ਤੋਂ ਹੱਲ ਤੱਕ’ ਤਹਿਤ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਪਹੁੰਚੇ ਹੋਏ ਸਨ। ਸਮਾਗਮ ਵਿੱਚ ਜਲੰਧਰ ਸਮੇਤ ਦੋਆਬਾ ਖੇਤਰ ਦੇ ਚਾਰ ਜਿਲ੍ਹਿਆਂ ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਉਦਯੋਗਪਤੀਆਂ ਨੇ ਵੀ ਸ਼ਿਰਕਤ ਕੀਤੀ।
ਸਨਅੱਤਕਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਸਨਅੱਤਕਾਰਾਂ ਦੀ ਸਹੂਲਤ ਲਈ ‘ਰਾਈਜਿੰਗ ਪੰਜਾਬ-ਸੁਝਾਅ ਤੋਂ ਹੱਲ ਤੱਕ’ ਸਮਾਗਮ ਸ਼ੁਰੂ ਕੀਤੇ ਗਏ ਹਨ ਅਤੇ ਅੱਜ ਇਥੇ ਦੂਸਰਾ ਸਮਾਗਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਜੋ ਸਨਅੱਤਕਾਰਾਂ ਵਲੋਂ ਸੁਝਾਅ ਦਿੱਤੇ ਗਏ ਹਨ, ਉਹਨਾਂ ਸੁਝਾਵਾਂ ਨੂੰ ਪੰਜਾਬ ਸਰਕਾਰ ਵਲੋਂ ਸਮਾਂਬੱਧ ਤਰੀਕੇ ਨਾਲ ਹੱਲ ਕੀਤਾ ਜਾਵੇਗਾ ਅਤੇ ਸੁਝਾਵਾਂ ਮੁਤਾਬਕ ਹੀ ਨੀਤੀਆਂ ਘੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਮਾਗਮ ਤੋਂ ਪਹਿਲਾਂ ਉਹ ਚਾਰ ਜਿਲ੍ਹਿਆਂ ਦੇ ਸਬੰਧਿਤ ਅਧਿਕਾਰੀਆਂ ਨਾਲ ਵੀ ਮੀਟਿੰਗ ਕਰ ਚੁੱਕੇ ਹਨ, ਜਿਸ ਵਿੱਚ ਹਦਾਇਤ ਕੀਤੀ ਗਈ ਹੈ ਕਿ ਸਿੰਗਲ ਵਿੰਡੋ ਸਿਸਟਮ ਤਹਿਤ ਸਨਅੱਤਕਾਰਾਂ ਨੂੰ ਸਮੇਂ ਸਿਰ ਪ੍ਰਵਾਨਗੀਆਂ ਦੇਣੀਆਂ ਯਕੀਨੀ ਬਣਾਈਆਂ ਜਾਣ, ਤਾਂ ਜੋ ਕਿਸੇ ਵੀ ਉਦਯੋਗਪਤੀ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਪੰਜਾਬ ਸਰਕਾਰ ਵਲੋਂ ਉਦਯੋਗਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਉਦਯੋਗਪਤੀਆਂ ਤੱਕ ਪਹੁੰਚ ਕਰਕੇ ਜਾਣੂੰ ਕਰਵਾਇਆ ਜਾਵੇ, ਤਾਂ ਜੋ ਉਹ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।
ਅਰੋੜਾ ਨੇ ਕਿਹਾ ਕਿ ਇਹਨਾਂ ਸਮਾਗਮਾਂ ਦਾ ਉਦੇਸ਼ ਨਵੀਆਂ ਉਦਯੋਗ ਪੱਖੀ ਨੀਤੀਆਂ ਬਾਰੇ ਜਾਗਰੂਕਤਾ ਫੈਲਾਉਣ ਤੋਂ ਇਲਾਵਾ ਨਵੇਂ ਨਿਵੇਸ਼ ਲਈ ਸਾਜਗਾਰ ਮਾਹੌਲ ਪੈਦਾ ਕਰਨਾ ਅਤੇ ਸਰਕਾਰ-ਉਦਯੋਗ ਜਗਤ ਦਰਮਿਆਨ ਸਿੱਧਾ ਸੰਵਾਦ ਪੈਦਾ ਕਰਨਾ ਹੈ, ਤਾਂ ਜੋ ਪੰਜਾਬ ਦੀ ਖੁਸ਼ਹਾਲੀ ਲਈ ਨਵੇਂ ਰਾਹ ਖੁੱਲ੍ਹ ਸਕਣ। ਉਨ੍ਹਾਂ ਪੰਜਾਬ ਰਾਜ ਇੰਡਸਟਰੀ ਅਤੇ ਐਕਸਪੋਰਟ ਕਾਰਪੋਰੇਸ਼ਨ ਵਲੋਂ ਜਾਰੀ ਕੀਤੇ ਗਏ 5 ਵੱਖ-ਵੱਖ ਨੋਟੀਫਿਕੇਸ਼ਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਸਕੀਮਾਂ ਕਿਸੇ ਵੀ ਰਾਜ ਸਰਕਾਰ ਨੇ ਨਹੀਂ ਦਿੱਤੀਆਂ, ਪਰ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਹੀ ਇਹ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਦਾ ਉਦਯੋਗ ਜਗਤ ਵਲੋਂ ਸਵਾਗਤ ਵੀ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਸਨਅਤਕਾਰਾਂ ਨੂੰ ਪੰਜਾਬ ਦੇ ਬਰਾਂਡ ਅੰਬੈਸਡਰ ਦੱਸਦੇ ਹੋਏ ਕਿਹਾ ਕਿ ਉਦਯੋਗਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਾਡੀ ਮੁੱਢਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਵਲੋਂ ਜਿਥੇ ਸਰਕਾਰ ਨੂੰ ਟੈਕਸ ਦਿੱਤਾ ਜਾ ਰਿਹਾ ਹੈ, ਉਥੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਇਸ ਲਈ ਸਮਾਜ ਨੂੰ ਉਦਯੋਗ ਜਗਤ ਦੀ ਦੇਣ ਵੱਡਮੁੱਲੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਉਦਯੋਗਿਕ ਵਿਕਾਸ ਲਈ 11 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ ਅਤੇ 69 ਕੇਸਾਂ ਵਿੱਚ 18 ਕਰੋੜ ਰੁਪਏ ਦਾ ਇਨਸੈਂਟਿਵ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਮ.ਐਸ.ਐਮ.ਈ ਕੌਂਸਲ ਨੇ 104 ਕਰੋੜ ਰੁਪਏ ਦੇ ਕੇਸ ਵੀ ਕਲੀਅਰ ਕੀਤੇ ਹਨ। ਇਸ ਤੋਂ ਇਲਾਵਾ ਰਾਈਟ ਟੂ ਬਿਜ਼ਨਸ ਨੀਤੀ ਤਹਿਤ 120 ਅਰਜ਼ੀਆਂ ਵੀ ਮਨਜ਼ੂਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਨਅੱਤਕਾਰਾਂ ਦੀ ਸਹੂਲਤ ਲਈ ਜ਼ਿਲ੍ਹੇ ਵਿੱਚ 24 ਘੰਟੇ ਲਈ ਹੈਲਪਲਾਈਨ ਨੰਬਰ 96462-22554 ਜਾਰੀ ਕੀਤਾ ਗਿਆ ਹੈ।
ਇਸ ਮੌਕੇ ਡਾਇਰੈਕਟਰ ਇੰਡਸਟਰੀਜ਼ ਸੁਰਭੀ ਮਲਿਕ, ਮੈਂਬਰ ਪੰਜਾਬ ਵਿਕਾਸ ਕਮਿਸ਼ਨ ਵੈਭਵ ਮਾਹੇਸ਼ਵਰੀ,ਐਡੀਸ਼ਨਲ ਸੀ.ਈ.ਓ.(ਇਨਵੈਸਟ ਪੰਜਾਬ) ਰਾਹੁਲ ਚਾਬਾ, ਮੇਅਰ ਵਨੀਤ ਧੀਰ, ਆਪ ਦੇ ਸੀਨੀਅਰ ਆਗੂ ਨਿਤਿਨ ਕੋਹਲੀ ਅਤੇ ਰਾਜਵਿੰਦਰ ਕੌਰ ਥਿਆੜਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਉਦਯੋਗਪਤੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਜਲੰਧਰ ਵਿਖੇ ਸੈਂਟਰਲ ਇੰਸਟੀਚਿਊਟ ਆਫ਼ ਹੈਂਡ ਟੂਲਜ਼ ਅਤੇ ਨਾਰਦਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ ਦਾ ਦੌਰਾ ਵੀ ਕੀਤਾ। ਉਨ੍ਹਾਂ ਸੈਂਟਰਲ ਇੰਸਟੀਚਿਊਟ ਆਫ਼ ਹੈਂਡ ਟੂਲਜ਼ ਉਦਯੋਗ ਲਈ ਵਿਕਸਿਤ ਕੀਤੀਆਂ ਆਧੁਨਿਕ ਤਕਨੀਕਾਂ ਅਤੇ ਨੌਜਵਾਨਾਂ ਨੂੰ ਦਿੱਤੀ ਜਾਣ ਵਾਲੀ ਸਕਿੱਲ ਟਰੇਨਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨਿਫ਼ਟ ਵਿਖੇ ਨਵੇਂ ਡਿਜ਼ਾਇਨ, ਫੈਸ਼ਨ ਡਿਜ਼ਾਇਨ ਅਤੇ ਐਮ.ਐਸ.ਐਮ.ਈ.ਸੈਕਟਰ ਰਾਹੀਂ ਨੌਜਵਾਨਾਂ ਲਈ ਰੋਜ਼ਗਾਰ ਦੇ ਉੱਭਰ ਰਹੇ ਮੌਕਿਆਂ ’ਤੇ ਵਿਚਾਰ-ਵਟਾਂਦਰਾ ਵੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਦਾ ਉਦੇਸ਼ ਹੈ ਕਿ ਐਮ.ਐਸ.ਐਮ.ਈ.ਸੈਕਟਰ ਨੂੰ ਆਧੁਨਿਕ ਤਕਨੀਕ ਨਾਲ ਜੋੜਿਆ ਜਾਵੇ, ਇਨੋਵੇਸ਼ਨ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕੀਤੇ ਜਾਣ।