ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦਾ ਹਾਲ ਜਾਨਣ ਪਹੁੰਚੇ ਕੈਬਨਿਟ ਮੰਤਰੀ ਗੋਇਲ*: ਸੰਤ ਸੀਚੇਵਾਲ ਨੇ ਹਲਾਤਾਂ ਤੋਂ ਕਰਵਾਇਆ ਜਾਣੂ
* ਮੰਡ ਦੇ ਲੋਕ ਆਪਣੇ ਖੇਤਾਂ ਤੇ ਪਸ਼ੂਆਂ ਨੂੰ ਲੈ ਕੇ ਚਿੰਤਤ : ਸੰਤ ਸੀਚਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ/ਜਲੰਧਰ, 20 ਅਗਸਤ 2025 - ਹਿਮਾਚਲ ਤੇ ਪੰਜਾਬ ਵਿੱਚ ਰੁਕ ਰੁਕ ਕਿ ਪੈ ਰਹੇ ਮੀਂਹ ਨੇ ਹੜ੍ਹਾ ਵਿੱਚ ਘਿਰੇ ਮੰਡ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਪਿਛਲੇ 10 ਦਿਨਾਂ ਤੋਂ ਬਿਆਸ ਦਰਿਆ ਦੇ ਠਾਠਾਂ ਮਾਰਦੇ ਪਾਣੀ ਦੀਆਂ ਛੱਲਾਂ ਵਿੱਚ ਆਏ 16 ਪਿੰਡਾਂ ਦੇ ਲੋਕਾਂ ਦੀ ਜਾਨ ਉਸ ਵੇਲੇ ਮੁਠ ਵਿੱਚ ਆ ਗਈ ਜਦੋਂ ਉਹਨਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਹੋਰ ਪਾਣੀ ਛੱਡਿਆ ਜਾ ਰਿਹਾ ਹੈ।
ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੇੜੇ ਤੋਂ ਜਾਣਿਆ। ਕੈਬਨਟਿ ਮੰਤਰੀ ਗੋਇਲ ਨੇ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੀ ਪਹਿਲ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣਾ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦੱਦ ਕਰਨ ਲਈ ਤਿਆਰ ਹੈ। ਉਹਨਾਂ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਪਹਿਲੇ ਦਿਨ ਤੋਂ ਹੀ ਉਹ ਪੀੜਤ ਲੋਕਾਂ ਦੀ ਸਹਾਇਤਾ ਲਈ ਹਰ ਵੇਲੇ ਮੌਜੂਦ ਰਹੇ।
ਇਸ ਮੌਕੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੂੰ ਹਲਾਤਾਂ ਤੋਂ ਜਾਣੂ ਕਰਵਾਇਆ। ਉਹਨਾਂ ਮੰਗ ਕੀਤੀ ਕਿ ਪਾਣੀ ਘੱਟਣ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਵਿੱਚ ਆਈ ਰੇਤਾਂ ਨੂੰ ਚੱੁਕਣ ਵਿੱਚ ਮਦੱਦ ਕੀਤੀ ਜਾਵੇ ਅਤੇ ਅਗਲੀ ਫਸਲ ਬੀਜ਼ਣ ਤੋਂ ਪਹਿਲਾਂ ਪੀੜਤ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਮਿਲ ਜਾਵੇ। ਇਹ ਇਲਾਕੇ ਦੇ ਕਿਸਾਨਾਂ ਲਈ ਬਹੁਤ ਵੱਡੀ ਰਾਹਤ ਹੋਵੇਗੀ।
ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੋਈ ਹੈ। ਅੱਜ ਵੀ ਉਹਨਾਂ ਜਲ ਸਰੋਤ ਮੰਤਰੀ ਸ਼੍ਰੀ ਗੋਇਲ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਸ਼ਿੱਦਤ ਨਾਲ ਕਿਸਾਨਾਂ ਦੀ ਬਾਂਹ ਫੜ੍ਹੇ।
ਇਸ ਦੌਰੇ ਦੌਰਾਨ ਹਲਕਾ ਇੰਚਾਰਜ਼ ਸੱਜਣ ਸਿੰਘ ਚੀਮਾ, ਡਿਪਟੀ ਕਮਿਸ਼ਨਰ ਅਮਿਤ ਪੰਚਾਲ, ਐਸ.ਐਸ.ਪੀ ਗੌਰਵ ਤੂਰਾ, ਡਰੇਨੇਜ਼ ਵਿਭਾਗ ਦੇ ਚੀਫ ਇੰਜੀਅਨਰ ਮਹਿੰਦੀ ਰੱਤਾ, ਏ.ਡੀ.ਸੀ ਨਵਨੀਤ ਕੌਰ ਬੱਲ, ਐਸ.ਡੀ.ਐਮ ਅਲਕਾ ਕਾਲੀਆ, ਡੀ.ਐਸ.ਪੀ ਹਰਗੁਰਦੇਵ ਸਿੰਘ ਸਮੇਤ ਹੋਰ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਰਹੇ।
*ਬਾਕਸ ਆਇਮਟ : ਲੋਕਾਂ ਦਾ ਛਲਕਿਆ ਦਰਦ – ਪਹਾੜਾਂ ਜਿੱਡੇ ਦੱਸੇ ਦੁੱਖ*
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਜਦੋਂ ਹੜ੍ਹ ਪੀੜਤਾਂ ਦਾ ਹਾਲ ਜਾਨਣ ਲਈ ਜਦੋਂ ਪਿੰਡ ਬਾਊਪੁਰ ਗਏ ਤਾਂ ਪਾਣੀ ਵਿੱਚ ਘਿਰੇ ਇੱਕ ਪਰਿਵਾਰ ਨੇ ਆਪਣੇ ਦੁੱਖ ਦਸਦਿਆ ਕਿਹਾ ਕਿ ਉਹ ਆਪਣਾ ਘਰ ਛੱਡ ਕਿ ਕਿੱਥੇ ਜਾਣ.? ਘਰ ਦੇ ਬਾਹਰ ਕਿਸ਼ਤੀ ਵਿੱਚ ਹੀ ਖੜ੍ਹੇ ਰਹੇ ਜਲ ਸਰੋਤ ਮੰਤਰੀ ਨੇ ਪੀੜਤ ਪਰਿਵਾਰਾਂ ਦੇ ਮੈਂਬਰਾ ਨੂੰ ਕਿਹਾ ਕਿ ਸਰਕਾਰ ਦਾ ਮਕਸਦ ਸਭ ਤੋਂ ਪਹਿਲਾਂ ਲੋਕਾਂ ਦਾ ਜ਼ਿੰਦਗੀਆਂ ਨੂੰ ਬਚਾਉਣਾ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਹਰ ਦੂਜੇ ਸਾਲ ਉਹਨਾਂ ਦਾ ਉਜਾੜਾ ਹੁੰਦਾ ਹੈ। ਉਹਨਾਂ ਮੰਗ ਕੀਤੀ ਕਿ ਇਸਦਾ ਪੱਕਾ ਹੱਲ ਕੀਤਾ ਜਾਵੇ।