ਮੇਰਾ ਖ਼ਜ਼ਾਨਾ.... ਡਾਕਟਰ M S Randhawa ਨੂੰ ਯਾਦ ਕਰਦਿਆਂ -- Baljit Balli
----------------------------------------
ਪੇਸ਼ੇ ਵਜੋਂ ਭਾਵੇਂ ਉਹ ਵਕੀਲ ਹੈ ਪਰ ਉਸ ਦੀ ਰੁਚੀ , ਸ਼ੌਕ ਅਤੇ ਰੂਹ ਦਾ ਮੇਲ ਪੰਜਾਬ ਦੇ ਵਿਰਸੇ , ਕਲਾ ਅਤੇ ਸਭਿਆਚਾਰ ਨਾਲ ਹੈ . ਇਸ ਦਾ ਇਜ਼ਹਾਰ ਉਹ ਆਪਣੇ ਕੈਮਰੇ ਰਾਹੀਂ ਕਰਦਾ ਹੈ . ਉਸ ਨੇ ਪੰਜਾਬ ਦੀ ਵਿਰਾਸਤ ਅਤੇ ਪੰਜਾਬੀ ਰਹਿਤਲ ਦੇ ਵੱਖ ਵੱਖ ਪਹਿਲੂਆਂ ਨੂੰ ਆਪਣੇ ਕੈਮਰੇ ਦੀ ਅੱਖ ਰਹੀ ਦਸਤਾਵੇਜ਼ੀ ਰੂਪ ਦਿੱਤਾ ਹੈ . ਆਪਣੀਆਂ ਇਨ੍ਹਾਂ ਫ਼ੋਟੋ ਕਲਾ ਕਿਰਤਾਂ ਦੀ ਇਕ ਨੁਮਾਇਸ਼ ਚੰਡੀਗੜ੍ਹ ਦੇ ਸੈਕਟਰ 16 ਵਿਚਲੇ ਪੰਜਾਬ ਕਲਾ ਭਵਨ ਦੀ ਆਰਟ ਗੈਲਰੀ ਚ ਲਾਈ ਗਈ . 19 ਅਗਸਤ ਨੂੰ ਇਸ ਦੇ ਮਹੂਰਤ ਮੌਕੇ ਵੱਖ ਵੱਖ ਖੇਤਰਾਂ ਦੀਆਂ ਨਾਮਵਰ ਹਸਤੀਆਂ ਜਿਨ੍ਹਾਂ ਵਿਚ ਮੇਰੇ ਕਈ ਮਿੱਤਰ ਦੋਸਤ ਵੀ ਸ਼ਾਮਲ ਸਨ, ਨੇ ਇਹ ਨੁਮਾਇਸ਼ ਵੀ ਦੇਖੀ . ਮੇਰੀ ਮਰਦ ਲੁਧਿਆਣੇ ਵਾਲੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਤੋਂ ਹੈ . ਇਸ ਵੇਲੇ ਤਾਂ ਉਹ ਪੰਜਾਬ ਦੇ ਸਟੇਟ ਇਨਫਰਮੇਸ਼ਨ ਕਮਿਸ਼ਨਰ ਹਨ ਪਰ ਉਨ੍ਹਾਂ ਆਪਣਾ ਇਹ ਪੈਸ਼ਨ ਅਤੇ ਮਿਸ਼ਨ ਨਹੀਂ ਛੱਡਿਆ .
ਫ਼ੋਟੋ ਨੁਮਾਇਸ਼ ਤਾਂ ਸਭ ਨੇ ਸਲਾਹੀ. ਜਦੋਂ ਸਮਾਗਮ ਖ਼ਤਮ ਹੋਇਆ ਤਾਂ ਮੇਰੀ ਨਜ਼ਰ ਉੱਥੇ ਲੱਗੇ ਚਾਂਦੀ ਰੰਗੇ ਇਕ ਛੋਟੇ ਜਿਹੇ ਬੁੱਤ ਤੇ ਪਈ . ਕੋਲੇ ਖੜ੍ਹੇ ਤੇਜ਼ ਪ੍ਰਤਾਪ ਸਿੰਘ ਸੰਧੂ ਨੇ ਕਿਹਾ ਦੇਖੋ ਕਿੰਨਾ ਵਧੀਆ ਬੁੱਤ ਬਣਾਇਆ ਹੈ ਚਿੱਤਰਕਾਰ ਸੋਭਾ ਸਿੰਘ ਨੇ . ਮੈਂ ਨੇੜੇ ਹੋ ਕੇ ਦੇਖਿਆ ਤਾਂ ਖ਼ੁਸ਼ੀ ਹੋਈ - ਇਹ ਤਾਂ ਡਾਕਟਰ ਐਮ ਐਸ ਰੰਧਾਵਾ ਦਾ ਸੀ .ਇਸ ਉੱਤੇ ਸ਼ੋਭਾ ਸਿੰਘ ਦੇ ਨਾਂ ਦੀ ਪਲੇਟ ਵੀ ਲੱਗੀ ਹੋਈ ਸੀ . ਬੁੱਤ ਨੂੰ ਦੇਖਦਿਆਂ , ਡਾਕਟਰ ਰੰਧਾਵਾ ਦੇ ਮੁਲਕ ਅਤੇ ਖ਼ਾਸ ਕਰਕੇ ਪੰਜਾਬ ਦੇ ਲੋਕਾਂ ,ਪੰਜਾਬੀ ਬੋਲੀ , ਪੰਜਾਬ ਦੀ ਕਲਾ ਅਤੇ ਸਭਿਆਚਾਰ ਨੂੰ ਹੁਲਾਰਾ ਦੇਣ ਅਤੇ ਲੋਕ ਭਲਾਈ ਲਈ ਪਏ ਯੋਗਦਾਨ ਦੀ ਰੀਲ੍ਹ ਜਿਹੀ ਘੁੰਮ ਗਈ . 1972 ਵਿਚ ਸਟੂਡੈਂਟਸ ਦੇ ਮੋਗਾ ਰੀਗਲ ਸਿਨੇਮਾ ਅੰਦੋਲਨ ਦੌਰਾਨ ਡਾਕਟਰ ਰੰਧਾਵਾ PAU ਦੇ VC ਸਨ . ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਉਨ੍ਹਾਂ ਵੱਲੋਂ ਇਸ ਅਹੁਦੇ ਤੋਂ ਦਿੱਤਾ ਅਸਤੀਫ਼ਾ ਯਾਦ ਆ ਗਿਆ ਜੋ ਉਨ੍ਹਾਂ ਮੇਰੀ ਅਤੇ ਉਸ ਵੇਲੇ ਦੇ ਮੇਰੇ ਸਾਥੀ ਵਿਦਿਆਰਥੀ ਨੇਤਾ ਪ੍ਰਿਥੀਪਾਲ ਰੰਧਾਵਾ ਨੂੰ ਪੁਲਿਸ ਦੀ ਹਿਰਾਸਤ ਵਿਚੋਂ ਛੁਡਵਾਉਣ ਲਈ ਦਿੱਤਾ ਸੀ . ਅਸੀਂ ਦੋਵੇਂ ਉਸ ਐਜੀਟੇਸ਼ਨ ਨੂੰ ਚਲਾ ਰਹੀ PSU ਦੇ ਸੂਬਾ ਪੱਧਰ ਦੇ ਮੋਹਰੀ ਸਾਂ.
ਕਹਾਣੀ ਤਾਂ ਲੰਮੀ ਹੈ ਪਰ ਇਸ ਅਸਤੀਫ਼ੇ ਦੇ ਦਬਾਅ ਹੇਠਾਂ ਮੈਨੂੰ CIA Staff ਲੁਧਿਆਣਾ ਵਿਚੋਂ ਅਤੇ ਰੰਧਾਵਾ ਨੂੰ ਲੁਧਿਆਣਾ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਸੀ . ਪੁਲਿਸ ਪਾਰਟੀਆਂ ਸਾਨੂੰ ਦੋਹਾਂ ਨੂੰ ਡਾਕਟਰ ਰੰਧਾਵਾ ਦੇ VC ਦਫ਼ਤਰ ਵਿਚ ਛੱਡ ਕੇ ਆਈਆਂ ਸਨ ਅਤੇ ਉਨ੍ਹਾਂ ਸਾਨੂੰ ਉੱਥੇ ਇਕੱਠੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ( PSU ) ਦੇ ਕਰਿੰਦਿਆਂ ਦੇ ਹਵਾਲੇ ਕੀਤਾ ਸੀ. ਮੇਰੀ ਤਾਂ ਰੰਧਾਵਾ ਸਾਹਿਬ ਨਾਲ ਉਹ ਪਹਿਲੀ ਅਤੇ ਆਖਰੀ ਮੁਲਾਕਾਤ ਹੀ ਸੀ ਪਰ ਜਿੰਨਾ ਨੇ ਉਨਾਂ ਦੇ ਨਾਲ ਕੰਮ ਕੀਤਾ ਹੈ ਉਹਨਾਂ ਦਾ ਸਾਥ ਮਾਣਿਆ ਹੈ ਤੇ ਉਹਨਾਂ ਦੀ ਜ਼ਿੰਦਗੀ ਨੂੰ ਨੇੜੇਓ ਤੱਕਿਆ ਹੈ ਉਹੀ ਸਮਝ ਸਕਦੇ ਨੇ ਕਿ ਕਿਹੋ ਜਿਹੀ ਨਿੱਗਰ, ਬਹੁਗੁਣੀ, ਬਹੁਪੱਖੀ ਹਸਤੀ ਅਤੇ ਦੂਰ- ਦ੍ਰਿਸ਼ਟੀ ਦੇ ਮਾਲਕ ਸਨ. ਗੁਰਭਜਨ ਗਿੱਲ ਜੇਕਰ ਡਾਕਟਰ ਰੰਧਾਵਾ ਦੀ ਦੇਣ ਬਾਰੇ ਵੇਰਵਾ ਦੇਣ ਲੱਗ ਜਾਣ ਤਾਂ ਘੰਟਿਆਂ ਬੱਧੀ ਬੋਲ ਸਕਦੇ ਹਨ. ਮੈਨੂੰ ਵੀ ਤੇ ਹੋਰ ਵੀ ਕਾਫੀ ਸੱਜਣ ਮਿੱਤਰਾਂ ਨੂੰ ਇਹ ਲੱਗਦਾ ਕਿ ਡਾਕਟਰ ਰੰਧਾਵਾ ਦੀ ਨੂੰ ਦੇਣ ਨੂੰ ਪੂਰਾ ਮਾਣ ਸਤਿਕਾਰ ਨਹੀਂ ਮਿਲਿਆ (ਇਸ ਮਾਮਲੇ ਵਿੱਚ ਅਸੀਂ ਆਪਣੇ ਆਪ ਨੂੰ ਵੀ ਦੋਸ਼ ਮੁਕਤ ਨਹੀਂ ਸਮਝਦੇ) ਉਹਨਾਂ ਦਾ ਜੀਵਨ ਇਸ ਵੇਲੇ ਅਤੇ ਅਗਲੀਆਂ ਪੀੜੀਆਂ ਲਈ ਵੱਡਾ ਪ੍ਰੇਰਨਾ ਸਰੋਤ ਬਣ ਸਕਦਾ ਹੈ
ਪੰਜਾਬ ਕਲਾ ਭਵਨ ਵੀ ਉਨ੍ਹਾਂ ਦੀ ਦੇਣ ਹੈ. 1966 ਵਿਚ ਪੰਜਾਬ ਦੀ ਮੁੜ ਵੰਡ ਤੋਂ ਬਾਅਦ ਚੰਡੀਗੜ੍ਹ ਦੇ ਪਹਿਲੇ ਕਮਿਸ਼ਨਰ ਵਜੋਂ ਰਾਜਧਾਨੀ ਦੀ ਉਸਾਰੀ ਅਤੇ ਇੱਥੋਂ ਦੀ ਹਰਿਆਵਲ ਵਿਚ ਉਨ੍ਹਾਂ ਦੀ ਤੱਕੜੀ ਮੋਹਰ ਛਾਪ ਹੈ.
ਮੈਂ ਬੜੀ ਰੀਝ ਨਾਲ ਡਾਕਟਰ ਰੰਧਾਵਾ ਦੇ ਬੁੱਤ ਕੋਲ ਖੜ੍ਹ ਕੇ ਇਹ ਤਸਵੀਰ ਖਿਚਾਈ. ਮੋਬਾਈਲ ਭਾਵੇਂ ਮੇਰਾ ਸੀ ਪਰ ਕਲਿੱਕ ਕਰਨ ਵਾਲੇ ਹੱਥ ਉਸ ਫ਼ੋਟੋ ਕਲਾਕਾਰ ਤੇਜ਼ ਪ੍ਰਤਾਪ ਸਿੰਘ ਸੰਧੂ ਦੇ ਸਨ ਜਿਨ੍ਹਾਂ ਨੇ " ਕੈਮਰੇ ਦੀ ਅੱਖ ਬੋਲਦੀ" ਫ਼ੀਚਰ ਸ਼ੁਰੂ ਕਰ ਕੇ ਪੰਜਾਬੀ ਜੀਵਨ ਦੇ ਵੰਨ-ਸੁਵੰਨੇ ਪੱਖਾਂ ਨੂੰ ਇਸ ਰਾਹੀਂ ਦਰਸਾ ਕੇ ਫ਼ੋਟੋਗਰਾਫ਼ੀ ਨੂੰ ਇਕ ਨਵਾਂ ਸਰੂਪ ਦਿੱਤਾ.
Baljit Balli
21 ਅਗਸਤ, 2025
https://www.facebook.com/share/p/1JBZzcGPo7/

-
Baljit Balli, ਐਡੀਟਰ ਇਨ ਚੀਫ਼
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.