ਮਾਮਲਾ ਬੀਤੇ ਦਿਨੀਂ ਵਾਹਨਾਂ ਦੇ ਟਾਇਰ ਚੋਰੀ ਹੋਣ ਦਾ: ਪੁਲਿਸ ਵੱਲੋਂ ਬ੍ਰਾਮਦ ਕੀਤੇ ਟਾਇਰ ਕਾਰ ਮਾਲਕਾਂ ਨੂੰ ਕੀਤੇ ਸਪੁਰਦ
ਸੁਖਮਿੰਦਰ ਭੰਗੂ
ਲੁਧਿਆਣਾ, 21 ਅਗਸਤ 2025 - ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਸੁਹਿਰਦ ਯਤਨਾਂ ਸਦਕਾ, ਬੀਤੇ ਦਿਨੀ ਵੱਖ-ਵੱਖ ਵਾਹਨਾਂ ਦੇ ਚੋਰੀ ਹੋਏ ਟਾਇਰਾਂ ਦੀ ਬ੍ਰਾਮਦਗੀ ਤੋਂ ਬਾਅਦ ਕਾਰ ਮਾਲਕਾਂ ਨੂੰ ਸਪੁਰਦ ਕਰਨ ਵਿੱਚ ਕਾਮਯਾਬੀ ਮਿਲੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਰਾਂ ਵੱਲੋਂ ਖੜੀਆਂ ਗੱਡੀਆਂ ਦੇ ਟਾਇਰ ਚੋਰੀ ਕੀਤੇ ਸਨ। ਮਾਮਲਾ ਜਦੋਂ ਵਿਧਾਇਕ ਬੱਗਾ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਫੌਰੀ ਤੌਰ 'ਤੇ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ।
ਸਥਾਨਕ ਮੋਹਿਨੀ ਪਲਾਜ਼ਾ ਵਿਖੇ, ਆਪਣੇ ਸੰਬੋਧਨ ਦੌਰਾਨ ਵਿਧਾਇਕ ਬੱਗਾ ਨੇ ਇਸ ਵੱਡੀ ਕਾਮਯਾਬੀ ਲਈ ਪੁਲਿਸ ਪ੍ਰਸ਼ਾਸ਼ਨ ਦੀ ਵੀ ਪਿੱਠ ਥਾਪੜੀ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਸੀ.ਪੀ. ਲੁਧਿਆਣਾ ਰਾਜਿੰਦਰ ਸਿੰਘ, ਏ.ਸੀ.ਪੀ. ਸਿਵਲ ਲਾਈਨਜ਼, ਐਸ.ਐਚ.ਓ. ਡਵੀਜ਼ਨ ਨੰਬਰ 8, ਚੌਂਕੀ ਇੰਚਾਰਜ ਕੈਲਾਸ਼ ਚੌਂਕ ਵੀ ਮੌਜੂਦ ਸਨ।
ਵਿਧਾਇਕ ਬੱਗਾ ਨੇ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੱਖ-ਵੱਖ ਕਿਸਮ ਦੀਆਂ 7 ਗੱਡੀਆਂ ਦੇ ਟਾਇਰ ਚੋਰੀ ਹੋਏ ਸਨ ਜਿਨ੍ਹਾਂ ਵਿੱਚ ਨਿਊ ਕੁੰਦਨ ਪੁਰੀ ਤੋਂ ਕਰੇਟਾ ਤੇ ਕੀਆ ਕਾਰ ਦੇ ਚਾਰੋ ਟਾਇਰ, ਮਾਡਲ ਟਾਊਨ ਤੋਂ ਕੀਆਂ, ਦੀਪ ਨਗਰ ਤੋਂ ਆਰਟਿਕਾ ਦੇ ਚਾਰੋਂ ਟਾਇਰ ਸ਼ਾਮਲ ਸਨ ਜਦਕਿ ਪ੍ਰੇਮ ਨਗਰ ਤੋਂ ਕਰੇਟਾ ਦੇ ਚਾਰੋਂ ਟਾਇਰ ਤੇ ਸਟਿੱਪਣੀ ਨਿਊ ਦੀਪ ਨਗਰ ਤੋਂ ਐਕਸ.ਯੂ.ਵੀ-700 ਦੇ ਚਾਰ ਟਾਇਰ ਅਤੇ ਗੁਰੂ ਨਾਨਕਪੁਰਾ ਤੋਂ ਸਕਾਰਪੀਓ ਦੇ ਤਿੰਨ ਟਾਇਰ ਚੋਰੀ ਹੋਏ ਸਨ।
ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਦਿਆਂ ਸਮਾਜ ਵਿਰੋਧੀ ਅਨਸਰਾਂ 'ਤੇ ਨਕੇਲ ਪਾਉਣ ਲਈ ਵਚਨਬੱਧ ਹੈ।
ਇਸ ਮੌਕੇ ਕੌਂਸਲਰ ਤਜਿੰਦਰ ਸਿੰਘ ਰਾਜਾ, ਪੁਸ਼ਪਿੰਦਰ ਭਨੋਟ, ਬੌਬੀ ਸ਼ਰਮਾ, ਅਨਿਲ ਸ਼ਰਮਾ, ਅਸ਼ਵਨੀ ਸਹੋਤਾ, ਪ੍ਰਿੰਸ ਬੱਬਰ, ਵਿਸ਼ਾਲ ਖੋਸਲਾ, ਅਭੈ ਸਹੋਤਾ, ਅਸ਼ੋਕ ਸਰੀਨ, ਸੰਨੀ ਵਸਨ, ਰਾਜੇਸ਼ ਰਾਏ, ਮਿੰਟੂ ਦੂੁਆ, ਗੌਰਵ ਸਿਆਲ ਤੇ ਦੀਪਕ ਗਰੋਵਰ ਵੀ ਮੌਜੂਦ ਸਨ।