ਪਿੰਡ ਪਾਹੜਾ ਦੇ ਕਿਸਾਨ ਸੰਦੀਪ ਸਿੰਘ ਨੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਆਪਣੇ ਖੇਤਾਂ ਨੂੰ ਹੋਰ ਉਪਜਾਊ ਬਣਾਇਆ
- ਹੋਰ ਕਿਸਾਨਾਂ ਨੂੰ ਵੀ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ, 21 ਅਗਸਤ 2025 - ਗੁਰਦਾਸਪੁਰ ਬਲਾਕ ਨਾਲ ਸੰਬੰਧਿਤ ਪਿੰਡ ਪਾਹੜਾ ਦੇ ਮਿਹਨਤੀ ਕਿਸਾਨ ਨੇ ਖੇਤੀਬਾੜੀ ਵਿਭਾਗ ਵੱਲੋਂ ਮਿਲੀ ਸੇਧ ਅਤੇ ਆਪਣੀ ਸਖ਼ਤ ਮਿਹਨਤ ਦੀ ਬਦੌਲਤ ਆਪਣੇ ਰੇਤਲੀ ਮਿੱਟੀ ਵਾਲੇ ਖੇਤਾਂ ਨੂੰ ਵੀ ਉਪਜਾਊ ਬਣਾਇਆ ਹੈ। ਇਸ ਮਿਹਨਤੀ ਕਿਸਾਨ ਸੰਦੀਪ ਸਿੰਘ ਵੱਲੋਂ ਆਪਣੇ ਪਿਤਾ ਨਛੱਤਰ ਸਿੰਘ ਅਤੇ ਭਰਾ ਅਮਰਜੀਤ ਸਿੰਘ ਨਾਲ ਮਿਲ ਕੇ ਇਸ ਮੌਕੇ ਕਰੀਬ 65 ਏਕੜ ਰਕਬੇ ਵਿੱਚ ਖੇਤੀ ਕੀਤੀ ਜਾ ਰਹੀ ਹੈ, ਜਿਸ ਵਿੱਚੋਂ ਸਿਰਫ਼ ਤਿੰਨ ਕਿੱਲੇ ਉਨ੍ਹਾਂ ਦੀ ਆਪਣੀ ਮਾਲਕੀ ਹੈ ਜਦੋਂ ਕਿ ਬਾਕੀ ਦੀ ਜ਼ਮੀਨ ਠੇਕੇ 'ਤੇ ਲਈ ਹੋਈ ਹੈ।
ਸੰਦੀਪ ਸਿੰਘ ਨੇ ਦੱਸਿਆ ਕਿ 2020 ਵਿੱਚ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਵੱਲੋਂ ਦਿੱਤੀ ਗਈ ਸਬਸਿਡੀ ਦੀ ਮਦਦ ਨਾਲ ਇੱਕ ਸੁਪਰ ਸੀਡਰ ਖ਼ਰੀਦਿਆ ਸੀ, ਜਿਸ ਦੀ ਮਦਦ ਨਾਲ ਉਹ ਹਰੇਕ ਸਾਲ ਆਪਣੇ ਤਕਰੀਬਨ 25 ਏਕੜ ਖੇਤਾਂ ਵਿੱਚ ਅੱਗ ਲਗਾਏ ਬਗੈਰ ਰਹਿੰਦ ਖੂੰਹਦ ਦਾ ਨਿਪਟਾਰਾ ਕਰਦਾ ਹੈ ਅਤੇ ਨਾਲ ਹੀ ਕਣਕ ਦੀ ਬਿਜਾਈ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸੁਪਰ ਸੀਡਰ ਨਾਲ ਜਿੱਥੇ ਉਹ ਆਪਣੇ ਖੇਤਾਂ ਵਿੱਚ ਬਹੁਤ ਆਸਾਨੀ ਦੇ ਨਾਲ ਸਿਰਫ਼ 500 ਤੋਂ 600 ਰੁਪਏ ਪ੍ਰਤੀ ਏਕੜ ਖ਼ਰਚ ਕੇ ਕਣਕ ਦੀ ਬਿਜਾਈ ਕਰ ਦਿੰਦਾ ਹੈ ਅਤੇ ਕਿਸੇ ਵੀ ਖੇਤ ਵਿੱਚ ਅੱਗ ਨਹੀਂ ਲਗਾਉਂਦਾ। ਉਸ ਦੇ ਨਾਲ ਹੀ ਹਰੇਕ ਸੀਜ਼ਨ ਵਿੱਚ ਕਰੀਬ 100 ਏਕੜ ਰਕਬੇ ਵਿੱਚ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਵੀ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ ਜਿਸ ਤੋਂ ਉਹਨੂੰ ਪ੍ਰਤੀ ਏਕੜ 2000 ਦੇ ਹਿਸਾਬ ਨਾਲ (ਖ਼ਰਚੇ ਕੱਢ ਕੇ) ਕਰੀਬ ਡੇਢ ਲੱਖ ਰੁਪਏ ਦੀ ਆਮਦਨ ਹੋ ਜਾਂਦੀ ਹੈ।
ਅਗਾਂਹਵਧੂ ਕਿਸਾਨ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਠੇਕੇ ਤੇ ਅਜਿਹੀ ਜ਼ਮੀਨ ਹੈ ਜਿਸ ਦੀ ਮਿੱਟੀ ਰੇਤਲੀ ਹੈ। ਇਸ ਤੋਂ ਪਹਿਲਾਂ ਜਿਹੜੇ ਕਿਸਾਨ ਇਸ ਜ਼ਮੀਨ ਨੂੰ ਠੇਕੇ ਤੇ ਲੈ ਕੇ ਵੱਖ-ਵੱਖ ਫ਼ਸਲਾਂ ਦੀ ਬਿਜਾਈ ਕਰਦੇ ਸਨ, ਉਹ ਸਿਰਫ਼ ਇਸ ਲਈ ਖ਼ੁਦ ਹੀ ਠੇਕੇ ਵਾਲੀ ਜ਼ਮੀਨ ਛੱਡ ਜਾਂਦੇ ਸਨ, ਕਿਉਂਕਿ ਇਸ ਜ਼ਮੀਨ ਵਿੱਚੋਂ ਫ਼ਸਲ ਦੀ ਪੈਦਾਵਾਰ ਚੰਗੀ ਨਹੀਂ ਨਿਕਲਦੀ ਸੀ। ਪਰ ਜਦੋਂ ਤੋਂ ਉਨ੍ਹਾਂ ਨੇ ਝੋਨੇ ਦੀ ਪਰਾਲੀ ਅਤੇ ਹੋਰ ਰਹਿੰਦ ਖੂੰਹਦ ਨੂੰ ਰੇਤਲੀ ਮਿੱਟੀ ਵਾਲੇ ਖੇਤਾਂ ਵਿੱਚ ਮਿਲਾਉਣਾ ਸ਼ੁਰੂ ਕੀਤਾ ਹੈ ਉਸ ਦੇ ਬਾਅਦ ਮਿੱਟੀ ਦਾ ਉਪਜਾਊਪਣ ਵਧ ਗਿਆ ਹੈ। ਨਤੀਜੇ ਵਜੋਂ ਹੁਣ ਇਸ ਖੇਤ ਵਿੱਚੋਂ ਵੀ ਚੰਗੀ ਮਿੱਟੀ ਵਾਲੇ ਖੇਤਾਂ ਵਾਂਗ ਵਧੀਆ ਪੈਦਾਵਾਰ ਨਿਕਲਦੀ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੇ ਕਿਸੇ ਵੀ ਖੇਤ ਵਿੱਚ ਅੱਗ ਨਹੀਂ ਲਗਾਉਂਦੇ ਅਤੇ ਸਿਰਫ਼ 500 ਰੁਪਏ ਦਾ ਡੀਜ਼ਲ ਖ਼ਰਚ ਕਰਕੇ ਹੀ ਆਸਾਨੀ ਨਾਲ ਕਣਕ ਦੀ ਬਿਜਾਈ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਕੰਬਾਈਨ ਨਾਲ ਝੋਨੇ ਦੀ ਕਟਾਈ ਦੇ ਬਾਅਦ ਗੁੱਜਰ ਭਾਈਚਾਰੇ ਦੇ ਲੋਕ ਪਰਾਲੀ ਇਕੱਤਰ ਕਰ ਲੈਂਦੇ ਹਨ ਅਤੇ ਝੋਨੇ ਦੇ ਮੁੱਢਾਂ ਨੂੰ ਕਟਰ ਨਾਲ ਕੱਟਣ ਦੇ ਬਾਅਦ ਸੁਪਰ ਸੀਡਰ ਨਾਲ ਬਹੁਤ ਆਸਾਨੀ ਨਾਲ ਕਣਕ ਦੀ ਬਿਜਾਈ ਹੋ ਜਾਂਦੀ ਹੈ। ਇਸ ਨਾਲ ਉਨ੍ਹਾਂ ਦੇ ਪੈਸਿਆਂ ਦੀ ਵੀ ਬੱਚਤ ਹੁੰਦੀ ਹੈ ਅਤੇ ਨਾਲ ਹੀ ਰਹਿਤ ਖੂੰਹਦ ਮਿੱਟੀ ਵਿੱਚ ਮਿਕਸ ਹੋਣ ਕਾਰਨ ਖੇਤਾਂ ਦਾ ਉਪਜਾਊਪਣ ਹਰੇਕ ਸਾਲ ਵਧਦਾ ਜਾ ਰਿਹਾ ਹੈ ਜਿਸ ਨਾਲ ਖਾਦਾਂ ਦੇ ਖ਼ਰਚੇ ਵੀ ਘੱਟ ਰਹੇ ਹਨ। ਕਿਸਾਨ ਨੇ ਦੱਸਿਆ ਕਿ ਹੁਣ ਇਸ ਮੌਕੇ ਉਸ ਕੋਲ ਤਿੰਨ ਟਰੈਕਟਰ ਹਨ ਅਤੇ ਰੋਟਾਵੇਟਰ ਵੀ ਹੈ ਜਿਸ ਦੀ ਮਦਦ ਨਾਲ ਉਹ ਖੇਤੀ ਦੇ ਹੋਰ ਕੰਮ ਵੀ ਕਰਦਾ ਹੈ। ਉਹ ਸਖ਼ਤ ਮਿਹਨਤ ਕਰਕੇ ਕਰੀਬ 35 ਏਕੜ ਰਕਬੇ ਵਿੱਚ ਗੰਨੇ ਦੀ ਕਾਸ਼ਤ ਵੀ ਕਰ ਰਿਹਾ ਹੈ ਅਤੇ ਨਾਲ ਹੀ 20 ਦੇ ਕਰੀਬ ਪਸ਼ੂ ਵੀ ਰੱਖੇ ਹੋਏ ਹਨ ਜਿਨ੍ਹਾਂ ਲਈ ਉਸ ਨੇ ਚਾਰ ਏਕੜ ਵਿੱਚ ਚਾਰਾ ਵੀ ਬੀਜਿਆ ਹੈ।
ਉਸ ਨੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਦਿੱਤੇ ਜਾ ਰਹੇ ਸੰਦਾਂ ਦਾ ਫ਼ਾਇਦਾ ਲੈਣ ਅਤੇ ਕਿਸੇ ਵੀ ਸੂਰਤ ਵਿੱਚ ਆਪਣੇ ਖੇਤਾਂ ਵਿੱਚ ਅੱਗ ਨਾ ਲਗਾਉਣ ਕਿਉਂਕਿ ਖੇਤਾਂ ਵਿੱਚ ਲਗਾਈ ਜਾਣ ਵਾਲੀ ਅੱਗ ਜਿੱਥੇ ਬਨਸਪਤੀ ਅਤੇ ਜੀਵ ਜੰਤੂਆਂ ਲਈ ਹਾਨੀਕਾਰਕ ਹੈ ਉਸ ਦੇ ਨਾਲ ਹੀ ਮਿੱਟੀ ਦਾ ਉਪਜਾਊਪਣ ਵੀ ਘੱਟ ਹੋ ਜਾਂਦਾ ਹੈ।