ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਭੰਮੀਪੁਰਾ ਵਿਖੇ ਬਿਜਲੀ ਦਾ ਨਵਾਂ 66 ਕੇਵੀ ਗਰਿੱਡ ਮਨਜੂਰ
- ਪਾਵਰਕਾਮ ਵਿਭਾਗ ਵੱਲੋਂ ਗਰਿੱਡ ਦੇ ਨਿਰਮਾਣ ਲਈ ਲਗਭਗ ਪੌਣੇ ਸੱਤ ਕਰੋੜ ਰੁਪਏ ਜਾਰੀ
ਜਗਰਾਉਂ, 21 ਅਗਸਤ 2025 - ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਇਲਾਕੇ ਦੇ ਲੋਕਾਂ ਨੂੰ ਨਿਰਵਿਘਨ ਅਤੇ ਪੂਰੀ ਬਿਜਲੀ ਸਪਲਾਈ ਦੇਣ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਭੰਮਪੁਰਾ ਵਿਖੇ ਬਿਜਲੀ ਦਾ ਨਵਾਂ 66 ਕੇਵੀ ਗਰਿੱਡ ਬਨਾਉਣ ਦੀ ਮੰਨਜੂਰੀ ਦੇ ਦਿੱਤੀ ਹੈ ਅਤੇ ਇਸ ਗਰਿੱਡ ਦੇ ਨਿਰਮਾਣ ਲਈ ਪੰਜਾਬ ਸਰਕਾਰ ਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਭਾਗ ਵੱਲੋਂ ਮਿਤੀ 21 ਅਗਸਤ ਨੂੰ ਪੱਤਰ ਨੰਬਰ 3780 ਰਾਹੀਂ ਲਗਭਗ ਪੌਣੇ ਸੱਤ ਕਰੋੜ ਰੁਪਏ ਵੀ ਜਾਰੀ ਕਰ ਦਿੱਤੇ ਗਏ ਹਨ।
ਹਲਕੇ ਦੇ ਲੋਕਾਂ ਨੂੰ ਇਸ ਵੱਡੀ ਖੁਸ਼ਖਬਰੀ ਦੀ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਉਹ ਆਪਣੇ ਲੋਕਾਂ ਨੂੰ ਬਿਜਲੀ ਦੀਆਂ ਵੱਡੀਆਂ ਸਮੱਸਿਆਵਾਂ ਤੋਂ ਨਿਯਾਤ ਦਿਵਾਉਣ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਪਿੰਡ ਭੰਮੀਪੁਰਾ ਵਿਖੇ ਮੰਨਜੂਰ ਹੋਏ ਬਿਜਲੀ ਦੇ 66 ਕੇਵੀ ਗਰਿੱਡ ਦੀ ਮੰਨਜੂਰੀ ਤੋਂ ਪਹਿਲਾਂ ਪਿੰਡ ਗਿੱਦੜਵਿੰਡੀ ਵਿਖੇ ਸਵਾ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਨਵਾਂ 66 ਕੇਵੀ ਗਰਿੱਡ ਬਣਨਾਂ ਸ਼ੁਰੂ ਹੋ ਚੁੱਕਾ ਹੈ ਅਤੇ ਪਿੰਡ ਬੁਜਰਗ ਵਿਖੇ ਨਵਾਂ 66 ਕੇਵੀ ਗਰਿੱਡ ਬਨਾਉਣ ਲਈ ਪੌਣੇ ਸੱਤ ਕਰੋੜ ਰੁਪਏ ਦੀ ਰਕਮ ਵੀ ਜਾਰੀ ਹੋ ਚੁੱਕੀ ਹੈ, ਜਿਸ ਦੇ ਨਿਰਮਾਣ ਕਾਰਜਾਂ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਸ ਤੋਂ ਇਲਾਵਾ ਪਿੰਡ ਕਾਉਂਕੇ ਕਲਾਂ ਵਿਖੇ ਵੀ ਨਵਾਂ 66 ਕੇਵੀ ਗਰਿੱਡ ਲਗਾਉਣ ਲਈ ਯਤਨ ਜਾਰੀ ਹਨ ਅਤੇ ਜਗਰਾਉਂ ਸ਼ਹਿਰ ਵਿੱਚ ਵੀ 66 ਕੇਵੀ ਗਰਿੱਡ ਸਥਾਪਿਤ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਵਿਧਾਇਕਾ ਮਾਣੂੰਕੇ ਨੇ ਹੋਰ ਦੱਸਿਆ ਕਿ ਪਿੰਡ ਭੰਮੀਪੁਰਾ ਵਿਖੇ ਨਵਾਂ 66 ਕੇਵੀ ਗਰਿੱਡ ਸਥਾਪਿਤ ਹੋਣ ਨਾਲ ਪਿੰਡ ਭੰਮਪੁਰਾ ਤੋਂ ਇਲਾਵਾ ਪਿੰਡ ਚੀਮਾਂ, ਬੱਸੂਵਾਲ, ਲੰਮੇ, ਮਾਣੂੰਕੇ ਬਾਵਾ, ਮਾਣੂੰਕੇ, ਦੇਹੜਕਾ, ਰਣਧੀਰਗੜ੍ਹ, ਅਖਾੜਾ, ਡੱਲਾ, ਮੱਲ੍ਹਾ ਆਦਿ ਪਿੰਡਾਂ ਦੇ ਲੋਕਾਂ ਨੂੰ ਘਰੇਲੂ ਅਤੇ ਖੇਤੀਬਾੜੀ ਸੈਕਟਰ ਲਈ ਨਿਰਵਿਘਨ ਅਤੇ ਪੂਰੀ ਬਿਜਲੀ ਸਪਲਾਈ ਮਿਲੇਗੀ ਅਤੇ ਘੱਟ ਵੋਲਟੇਜ਼ ਦੀ ਸਮੱਸਿਆ ਖਤਮ ਹੋ ਜਾਵੇਗੀ।
ਇਸ ਮੌਕੇ ਜਗਰਾਉਂ ਦੇ ਐਕਸੀਅਨ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਹੋਰਾਂ ਦੇ ਸਹਿਯੋਗ ਨਾਲ ਇਲਾਕੇ ਦੇ ਲੋਕਾਂ ਨੂੰ ਬਿਜਲੀ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਬਿਜਲੀ ਦੇ ਵੱਡੇ ਪ੍ਰੋਜੈਕਟ ਮੰਨਜੂਰ ਹੋਏ ਹਨ ਅਤੇ ਬਹੁਤ ਸਾਰੇ ਕਰੋੜਾਂ ਰੁਪਏ ਦੀ ਲਾਗਤ 11 ਕੇਵੀ ਫੀਡਰ ਵੀ ਉਸਾਰੇ ਗਏ ਹਨ। ਇਸ ਤੋਂ ਇਲਾਵਾ ਵਿਧਾਇਕਾ ਮਾਣੂੰਕੇ ਵੱਲੋਂ ਯਤਨ ਕਰਕੇ ਲਗਭਗ ਡੇਢ ਕਰੋੜ ਰੁਪਏ ਦੀ ਲਾਗਤ ਨਾਲ 220 ਕੇਵੀ ਗਰਿੱਡ ਜਗਰਾਉਂ ਦੀ ਬਿਲਡਿੰਗ ਵਿੱਚ ਵੀ ਵਾਧਾ ਕੀਤਾ ਗਿਆ ਹੈ ਅਤੇ ਉਸ ਵਿੱਚ 25 ਨਵੇਂ ਬਰੇਕਰ ਸਥਾਪਿਤ ਕੀਤੇ ਜਾ ਚੁੱਕੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਐਕਸੀਅਨ ਰਾਏਕੋਟ ਇੰਜ:ਕੁਲਵੰਤ ਸਿੰਘ, ਪਰਮਜੀਤ ਸਿੰਘ ਚੀਮਾਂ, ਐਸ.ਡੀ.ਓ.ਰੂੰਮੀ ਇੰਜ:ਅਮਰਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।