ਖਟਕੜ ਕਲਾਂ ਵਿਖੇ ਗਾਜ਼ਾ ਵਿਚ ਨਸਲਕੁਸ਼ੀ ਵਿਰੁੱਧ ਜਨਤਕ ਇਕੱਤਰਤਾ
* ਸ਼ਹੀਦ-ਏ- ਆਜ਼ਮ ਦੀ ਜਨਮ-ਧਰਤੀ ’ਤੇ ਗੂੰਜੇ ‘ਅਮਰੀਕੀ-ਇਜ਼ਰਾਇਲੀ ਜੰਗਬਾਜ਼ ਮੁਰਦਾਬਾਦ’ ਦੇ ਨਾਅਰੇ
ਖਟਕੜ ਕਲਾਂ: 21 ਅਗਸਤ 2025 - ਅੱਜ ਇੱਥੇ ਸ਼ਹੀਦੇ ਆਜ਼ਮ ਦੇ ਜੱਦੀ ਘਰ ਵਿਖ਼ੇ ਸ਼ਹੀਦੀ ਯਾਦਗਾਰ ਕਮੇਟੀ ਬੰਗਾ ਦੇ ਬੁਲਾਵੇ ਤੇ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਵਿਰੁੱਧ ਦੁਨੀਆ ਭਰ ਦੇ ਇਨਸਾਫ਼ਪਸੰਦ ਲੋਕਾਂ ਸੰਗ ਆਵਾਜ਼ ਮਿਲਾਉਂਦਿਆਂ ਇਕਮੁੱਠਤਾ ਇਕੱਤਰਤਾ ਕੀਤੀ ਗਈ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰ ਬੂਟਾ ਸਿੰਘ ਮਹਿਮੂਦਪੁਰ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ, ਸ਼ਹੀਦੀ ਯਾਦਗਾਰ ਕਮੇਟੀ ਦੇ ਆਗੂਆਂ ਤੀਰਥ ਰਸੂਲਪੁਰੀ ਅਤੇ ਖੁਸ਼ੀ ਰਾਮ ਗੁਣਾਚੌਰ ਨੇ ਕਿਹਾ ਕਿ ਲੰਮੇ ਅਰਸੇ ਤੋਂ ਅਮਰੀਕੀ-ਇਜ਼ਰਾਇਲੀ ਜੰਗਬਾਜ਼ ਗੱਠਜੋੜ ਵੱਲੋਂ ਗਾਜ਼ਾ ਦੇ ਲੋਕਾਂ ਦੀ ਬੇਹੱਦ ਕਰੂਰਤਾ ਨਾਲ ਨਸਲਕੁਸ਼ੀ ਕੀਤੀ ਜਾ ਰਹੀ ਹੈ। ਇਹ ਪੂਰੀ ਤਰ੍ਹਾਂ ਨਹੱਕੀ ਅਤੇ ਧਾੜਵੀ ਜੰਗ ਹੈ ਜੋ ਅਮਰੀਕੀ-ਇਜ਼ਰਾਇਲੀ ਹਕੂਮਤਾਂ ਵੱਲੋਂ ਫ਼ਲਸਤੀਨ ਦਾ ਨਾਮੋ-ਨਿਸ਼ਾਨ ਮਿਟਾਕੇ ਉੱਥੋਂ ਦੀ ਸਰਜ਼ਮੀਨ ਉੱਪਰ ਮੁਕੰਮਲ ਕਬਜ਼ਾ ਕਰਨ ਲਈ ਥੋਪੀ ਗਈ ਹੈ।
ਦੁਨੀਆ ਭਰ ਦੇ ਇਨਸਾਫ਼ਪਸੰਦ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਆਪਕ ਵਿਰੋਧ ਨੂੰ ਦਰਕਿਨਾਰ ਕਰਕੇ ਅਮਰੀਕੀ-ਪੱਛਮੀ ਸਾਮਰਾਜੀ ਤਾਕਤਾਂ ਅਤੇ ਉਨ੍ਹਾਂ ਦੀਆਂ ਪਿੱਠੂ ਭਾਜਪਾ ਵਰਗੀਆਂ ਦਲਾਲ ਸਰਕਾਰਾਂ ਜੰਗਬਾਜ਼ ਇਜ਼ਰਾਇਲੀ ਕਬਜ਼ੇ ਨੂੰ ਪੂਰੀ ਬੇਸ਼ਰਮੀਂ ਨਾਲ ਫ਼ੌਜੀ, ਵਿਤੀ ਅਤੇ ਨੈਤਿਕ ਮੱਦਦ ਦੇ ਰਹੀਆਂ ਹਨ। ਅਮਰੀਕੀ-ਇਜ਼ਰਾਇਲੀ ਧਾਵਾ ਸਿਰਫ਼ ਦਿਨ-ਰਾਤ ਗੋਲੀਬਾਰੀ, ਬੰਬਾਰੀ ਅਤੇ ਹਵਾਈ ਹਮਲਿਆਂ ਤੱਕ ਸੀਮਤ ਨਹੀਂ ਹੈ। ਗਾਜ਼ਾ ਦੀ ਮੁਕੰਮਲ ਘੇਰਾਬੰਦੀ ਰਾਹੀਂ ਫ਼ਲਸਤੀਨੀਂ ਵਸੋਂ ਨੂੰ ਖਾਣ-ਪੀਣ ਦੀਆਂ ਵਸਤਾਂ ਅਤੇ ਦਵਾਈਆਂ ਪੂਰੀ ਤਰ੍ਹਾਂ ਵਾਂਝਾ ਕਰਕੇ ਗਿਣ-ਮਿੱਥਕੇ ਭੁੱਖਮਰੀ ਨਾਲ ਅਤੇ ਬਿਨਾਂ ਇਲਾਜ ਤੜਫਾ-ਤੜਫਾ ਕੇ ਮਾਰਿਆ ਜਾ ਰਿਹਾ ਹੈ ਤਾਂ ਜੋ ਫ਼ਲਸਤੀਨੀਆਂ ਦਾ ਮਨੋਬਲ ਤੋੜਕੇ ਮੁਕਤੀ ਦੀ ਰੀਝ ਖ਼ਤਮ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਇਜ਼ਰਾਇਲੀ ਕਬਜ਼ੇ ਨੂੰ ਕਬੂਲ ਕਰਨ ਲਈ ਮਜਬੂਰ ਕੀਤਾ ਜਾ ਸਕੇ।
ਇਜ਼ਰਾਇਲ ਵੱਲੋਂ ਜਾਰੀ ਕੀਤੇ ਨਕਸ਼ੇ ਤੋਂ ਸਪਸ਼ਟ ਹੈ ਕਿ ਇਜ਼ਰਾਇਲ ਤੇ ਅਮਰੀਕੀ ਹਾਕਮ ਗਾਜ਼ਾ ਦੀ ਹੋਂਦ ਹੀ ਮਿਟਾ ਦੇਂਣਾ ਚਸ਼ਉਂਦੇ ਹਨ. ਹੁਣ ਤੱਕ 63000 ਫ਼ਲਸਤੀਨੀਂ ਲੋਕਾਂ ਨੂੰ ਕਤਲ ਕੀਤਾ ਗਿਆ ਹੈ ਅਤੇ ਡੇਢ ਲੱਖ ਤੋਂ ਵੱਧ ਲੋਕਾਂ ਨੂੰ ਅਪਾਹਜ ਬਣਾ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। 241 ਪੱਤਰਕਾਰਾਂ ਨੂੰ ਗਿਣ-ਮਿੱਥਕੇ ਕਤਲ ਕੀਤਾ ਜਾ ਰਿਹਾ ਹੈ ਤਾਂ ਜੋ ਪੱਤਰਕਾਰ ਦਹਿਸ਼ਤਜ਼ਦਾ ਹੋ ਕੇ ਜ਼ੁਬਾਨਬੰਦੀ ਕਰ ਲੈਣ ਅਤੇ ਜ਼ਮੀਨੀਂ ਹਕੀਕਤ ਦੀ ਰਿਪੋਰਟਿੰਗ ਦੁਨੀਆ ਤੱਕ ਨਾ ਪਹੁੰਚ ਸਕੇ। ਬੁਲਾਰਿਆਂ ਨੇ ਮੰਗ ਕੀਤੀ ਕਿ ਇਜ਼ਰਾਇਲੀ ਕਬਜ਼ਾ ਖ਼ਤਮ ਪੂਰੇ ਫ਼ਲਸਤੀਨ ਨੂੰ ਆਜ਼ਾਦ ਕੀਤਾ ਜਾਵੇ, ਗਾਜ਼ਾ ਵਿਚ ਨਾਕਾਬੰਦੀ, ਭੁੱਖਮਰੀ ਅਤੇ ਬੰਬਾਰੀ ਨਾਲ ਨਸਲਕੁਸ਼ੀ ਬੰਦ ਕੀਤੀ ਜਾਵੇ ਅਤੇ ਸਾਰੀਆਂ ਧਾੜਵੀ ਫ਼ੌਜਾਂ ਤੁਰੰਤ ਬਾਹਰ ਕੱਢੀਆਂ ਜਾਣ ਅਤੇ ਕੌਮਾਂਤਰੀ ਮੀਡੀਆ ਦੀ ਆਜ਼ਾਦਾਨਾ ਰਿਪੋਰਟਿੰਗ ਨੂੰ ਰੋਕਣ ਲਈ ਲਾਈਆਂ ਬੰਦਸ਼ਾਂ ਖ਼ਤਮ ਕੀਤੀਆਂ ਜਾਣ।
ਇਨਕਲਾਬੀ ਗਾਇਕ ਧਰਮਿੰਦਰ ਮਸਾਣੀ ਅਤੇ ਲੋਕ ਕਵੀ ਦੀਪ ਕਲੇਰ ਵੱਲੋਂ ਗੀਤ ਕਵਿਤਾਵਾਂ ਪੇਸ਼ ਕੀਤੇ ਗਏ. ਇਸ ਮੌਕੇ ਗੁਰਨੇਕ ਸਿੰਘ ਚੂਹੜਪੁਰ, ਨੰਦ ਲਾਲ ਰਾਏਪੁਰ ਡੱਬਾ, ਖੁਸ਼ੀ ਰਾਮ ਗੁਣਾਚੌਰ, ਪਰਮਜੀਤ ਕੌਰ ਰਾਏਪੁਰ ਡੱਬਾ, ਰਣਜੀਤ ਕੌਰ ਮਹਿਮੂਦਪੁਰ, ਕਮਲੇਸ਼ ਰਸੂਲਪੁਰੀ, ਜਸਪਾਲ ਹੀਓਂ, ਆਦਿ ਆਗੂ, ਕਾਰਕੁਨ ਅਤੇ ਹੋਰ ਜਮਹੂਰੀ ਸ਼ਖ਼ਸੀਅਤਾਂ ਮੌਜੂਦ ਸਨ।