ਭਾਜਪਾ ਆਗੂਆਂ ਦੀ ਗ੍ਰਿਫਤਾਰੀ ’ਤੇ ਭੜਕੇ ਅਸ਼ਵਨੀ ਸ਼ਰਮਾ, ਕਿਹਾ – ਲੋਕ-ਹਿਤੈਸ਼ੀ ਕੈਂਪ ਜਾਰੀ ਰਹਿਣਗੇ
- ਮਾਨ ਸਰਕਾਰ ਪੁਲਿਸ ਦੀ ਤਾਕਤ ਨਾਲ ਸਾਡੇ ਹੌਸਲੇ ਨਹੀਂ ਤੋੜ ਸਕਦੀ :- ਸ਼ਰਮਾ
ਚੰਡੀਗੜ੍ਹ ਅਗਸਤ 21, 2025 - ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਏ ਜਾ ਰਹੇ ਲੋਕ-ਹਿਤੈਸ਼ੀ ਕੈਂਪਾਂ ਨੂੰ ਰੋਕਣ ਲਈ ਮਾਨ ਸਰਕਾਰ ਵੱਲੋਂ ਕੀਤੀ ਕਾਰਵਾਈ ਨੇ ਭਾਜਪਾ ਚ ਜੋਸ਼ ਭਰ ਦਿੱਤਾ ਹੈ। ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਲੋਂ ਦਸੀ ਜਾਣਕਾਰੀ ਅਨੁਸਾਰ ਅੱਜ ਕੁੱਲ 28 ਥਾਵਾਂ ਤੇ ਭਾਜਪਾ ਵਰਕਰ ਤੇ ਨੇਤਾ ਗ੍ਰਿਫਤਾਰ ਕੀਤੇ ਗਏ ਅਤੇ ਅੱਠ ਥਾਵਾਂ ਤੇ ਪੁਲਿਸ ਕੈਂਪ ਦਾ ਸਾਮਾਨ ਲੈਪਟਾਪ, ਆਦਿ ਉਠਾ ਕੇ ਲੈ ਗਈ। ਪੰਜਾਬ ਪੁਲਿਸ ਵੱਲੋਂ ਪਟਿਆਲਾ ਤੋਂ ਪਰਨੀਤ ਕੌਰ, ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਫਾਜ਼ਿਲਕਾ ਤੋਂ ਸਾਬਕਾ ਮੰਤਰੀ ਸੁਰਜੀਤ ਜਯਾਨੀ, ਜਲੰਧਰ ਤੋਂ ਕੇ ਡੀ ਭੰਡਾਰੀ ਤੇ ਸੁਸ਼ੀਲ ਰਿੰਕੂ, ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸਨੀ ਕੈਂਥ, ਜੀਵਨ ਗੁਪਤਾ, ਮੋਗਾ ਤੋਂ ਹਰਜੋਤ ਕਮਲ, ਗੁਰਦਾਸਪੁਰ ਤੋਂ ਸੀਮਾ ਦੇਵੀ, ਐਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਐਸ.ਆਰ. ਲੱਧੜ ਅਤੇ ਇਸ ਤਰ੍ਹਾਂ ਹਰ ਜਗਹ ਤੋਂ ਭਾਜਪਾ ਵਰਕਰਾਂ ਅਤੇ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ।
ਭਾਜਪਾ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇਹ ਗ੍ਰਿਫਤਾਰੀਆਂ ਸਿਰਫ਼ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਤੋਂ ਵਾਂਝਾ ਰੱਖਣ ਲਈ ਕੀਤੀਆਂ ਜਾ ਰਹੀਆਂ ਹਨ।
ਲੋਕਾਂ ਨੂੰ ਨਹੀਂ ਰੋਕ ਸਕਦੀ ਮਾਨ ਸਰਕਾਰ – ਅਸ਼ਵਨੀ ਸ਼ਰਮਾ
ਅਸ਼ਵਨੀ ਸ਼ਰਮਾ ਨੇ ਗ੍ਰਿਫਤਾਰੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਲੋਕਾਂ ਦੇ ਹੱਕਾਂ ਨੂੰ ਦਬਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਸਾਫ਼ ਕਿਹਾ ਕਿ ਭਾਜਪਾ ਲੋਕਾਂ ਦੇ ਭਲੇ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਕਿਸੇ ਵੀ ਹਾਲਤ ਵਿੱਚ ਰੋਕਣ ਵਾਲੀ ਨਹੀਂ।
ਉਨ੍ਹਾਂ ਕਿਹਾ ਸਾਡਾ ਮਿਸ਼ਨ ਲੋਕਾਂ ਤੱਕ ਕੇਂਦਰੀ ਯੋਜਨਾਵਾਂ ਦਾ ਫ਼ਾਇਦਾ ਪਹੁੰਚਾਉਣਾ ਹੈ। ਮਾਨ ਸਰਕਾਰ ਪੁਲਿਸ ਦੀ ਤਾਕਤ ਨਾਲ ਸਾਡੇ ਹੌਸਲੇ ਨਹੀਂ ਤੋੜ ਸਕਦੀ।
ਗ੍ਰਿਫਤਾਰੀਆਂ ਨਾਲ ਨਹੀਂ ਝੁਕੇਗੀ ਭਾਜਪਾ
ਸ਼ਰਮਾ ਨੇ ਐਲਾਨ ਕੀਤਾ ਕਿ ਚਾਹੇ ਕਿੰਨੀ ਵੀ ਗ੍ਰਿਫਤਾਰੀਆਂ ਹੋਣ, ਭਾਜਪਾ ਦੇ ਕੈਂਪ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਕਾਰਡ, ਕਿਸਾਨ ਸਹਾਇਤਾ, ਆਵਾਸ ਯੋਜਨਾ, ਸਕਾਲਰਸ਼ਿਪ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਵਰਗੀਆਂ ਸੁਵਿਧਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਪਾਰਟੀ ਦਾ ਫਰਜ਼ ਹੈ।
ਉਨ੍ਹਾਂ ਨੇ ਮਾਨ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਤਾਨਾਸ਼ਾਹੀ ਰਵੱਈਆ ਆਉਣ ਵਾਲੀਆਂ ਚੋਣਾਂ ਵਿੱਚ ਉਸਨੂੰ ਮਹਿੰਗਾ ਪੈਣਾ ਹੈ।
ਭਾਜਪਾ ਕਰੇਗੀ ਜਨਤਾ ਲਈ ਸੰਘਰਸ਼
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਰਮਾ ਨੇ ਸਾਫ਼ ਕੀਤਾ ਕਿ ਭਾਜਪਾ ਲੋਕਾਂ ਦੇ ਹਿੱਤਾਂ ਨਾਲ ਖੇਡਣ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਆਗੂਆਂ ਦੇ ਹੌਸਲੇ ਉੱਚੇ ਹਨ ਅਤੇ ਪਾਰਟੀ ਇਕੱਠੇ ਹੋ ਕੇ ਲੋਕਾਂ ਦੀ ਭਲਾਈ ਲਈ ਆਪਣੀ ਜੰਗ ਜਾਰੀ ਰੱਖੇਗੀ।