ਹੌਲਦਾਰ ਗੁਰਦੇਵ ਸਿੰਘ ਨੂੰ ਨਮ ਅੱਖਾਂ ਨਾਲ ਜੱਦੀ ਪਿੰਡ ਰਾਏਪੁਰ ਵਿੱਚ ਦਿੱਤੀ ਅੰਤਿਮ ਵਿਦਾਈ
ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਸ਼ਰਧਾ ਦੇ ਫੁੱਲ ਕੀਤੇ ਭੇਂਟ, ਪ੍ਰਸਾਸ਼ਨ ਅਤੇ ਪੁਲਿਸ ਅਧਿਕਾਰੀ ਰਹੇ ਹਾਜ਼ਰ
ਪ੍ਰਮੋਦ ਭਾਰਤੀ
ਨੂਰਪੁਰ ਬੇਦੀ 21 ਅਗਸਤ,2025
ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਵਿਧਾਇਕ ਰੂਪਨਗਰ ਨੇ ਆਪਣੇ ਹਲਕੇ ਦੇ ਪਿੰਡ ਰਾਏਪੁਰ ਦੇ ਭਾਰਤੀ ਫੌਜ ਵਿਚ ਤੈਨਾਤ ਜਵਾਨ ਹੋਲਦਾਰ ਗੁਰਦੀਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜ਼ਿਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਰਾਏਪੁਰ ਵਿੱਚ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਡੀ.ਐਸ.ਪੀ ਅਜੇ ਸਿੰਘ, ਨਾਇਬ ਤਹਿਸੀਲਦਾਰ ਸੁਨੀਤਾ ਅਤੇ ਪ੍ਰਸਾਸ਼ਨ ਦੇ ਅਧਿਕਾਰੀ ਮੋਜੂਦ ਸਨ।
ਜਿਕਰਯੋਗ ਹੈ ਕਿ ਇੰਜੀਨਿਅਰ 70 ਰੈਜੀਮੈਂਟ ਵਿੱਚ ਤੈਨਾਤ ਹੋਲਦਾਰ ਭਾਰਤੀ ਫੌਜ ਦੇ ਜਵਾਨ ਗੁਰਦੀਪ ਸਿੰਘ ਪੁੱਤਰ ਭੋਲਾ ਸਿੰਘ ਜੋ ਕਿ 19 ਅਗਸਤ 2025 ਨੂੰ ਸਵੇਰੇ 5 ਵਜੇ ਦਿਲ ਦੀ ਗਤੀ ਰੁਕ ਜਾਣ ਕਾਰਨ ਅਕਾਲ ਚਲਾਣਾ ਕਰ ਗਏ ਹਨ, ਉਨ੍ਹਾਂ ਦੀ ਪਾਰਥਵ ਸ਼ਰੀਰ ਪਿੰਡ ਰਾਏਪੁਰ ਸਬ ਤਹਿਸੀਲ ਨੂਰਪੁਰ ਬੇਦੀ ਹਲਕਾ ਰੂਪਨਗਰ ਵਿਖੇ ਅੱਜ ਸਵੇਰੇ ਪਹੁੰਚਿਆਂ। ਇਸ ਮੌਕੇ ਪਿੰਡ ਵਿੱਚ ਮਾਹੋਲ ਬਹੁਤ ਗਮਗੀਨ ਸੀ। ਭਾਰਤੀ ਫੌਜ ਵਿਚ ਤੈਨਾਤ ਹੋਲਦਾਰ ਗੁਰਦੀਪ ਸਿੰਘ ਨੂੰ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾ ਨੂੰ ਪਿੰਡ ਦੇ ਹੀ ਸਮਸ਼ਾਨਘਾਟ ਵਿੱਚ ਅੰਤਿਮ ਵਿਦਾਈ ਦਿੱਤੀ ਗਈ।
ਐਡਵੋਕੇਟ ਚੱਢਾ ਨੇ ਇਸ ਮੋਕੇ ਦੱਸਿਆ ਕਿ ਇਸ ਸਮੁੱਚੇ ਇਲਾਕੇ ਦੇ ਨੋਜਵਾਨ ਵੱਡੀ ਗਿਣਤੀ ਵਿਚ ਦੇਸ਼ ਦੀਆਂ ਵੱਖ ਵੱਖ ਸੁਰੱਖਿਆਂ ਫੋਰਸਾਂ ਵਿਚ ਤੈਨਾਤ ਹਨ, ਅਤੇ ਦਹਾਕਿਆਂ ਤੋ ਇਹ ਇਲਾਕਾ ਦੇਸ਼ ਸੇਵਾ ਵਿੱਚ ਮੋਹਰੀ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇ ਬੇਵਕਤ ਕਿਸੇ ਦਾ ਚਲੇ ਜਾਣਾ ਇੱਕ ਅਸਹਿ ਅਤੇ ਅਕਹਿ ਦੁੱਖ ਵਾਲੀ ਗੱਲ ਹੈ ਪ੍ਰੰਤੂ ਇਸ ਇਲਾਕੇ ਨੂੰ ਗੁਰਦੀਪ ਸਿੰਘ ਵਰਗੇ ਨੋਜਵਾਨਾ ਤੇ ਮਾਣ ਹੈ ਜੋ ਦੇਸ਼ ਦੀ ਸੇਵਾ ਲਈ ਅੱਗੇ ਵੱਧਦੇ ਹਨ, ਅਸੀ ਉਨ੍ਹਾਂ ਦੀ ਹੀ ਬਦੋਲਤ ਆਪਣੇ ਘਰਾਂ ਵਿਚ ਚੈਨ ਨਾਲ ਰਹਿੰਦੇ ਹਾਂ। ਵਿਧਾਇਕ ਨੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਗੁਰਦੀਪ ਸਿੰਘ ਦੀ ਵਿਛੜੀ ਰੂਹ ਵਿਚ ਆਪਣੇ ਚਰਨਾਂ ਵਿਚ ਸਥਾਨ ਬਖਸ਼ਣ ਲਈ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੀ ਹਰ ਤਰਾਂ ਦੀ ਮੱਦਦ ਕਰਨ ਲਈ ਹਰ ਵੇਲੇ ਤਿਆਰ ਹਾਂ। ਇਸ ਮੋਕੇ ਗੁਰਦੀਪ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ, ਪਿਤਾ ਭੋਲਾ ਸਿੰਘ ਤੇ ਮਾਤਾ ਨਸੀਬ ਕੌਰ, ਭਰਾ ਸੈਨਿਕ ਸੁਖਦੀਪ ਸਿੰਘ, ਗੁਰਦੇਵ ਸਿੰਘ ਸਰਪੰਚ, ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਮੋਜੂਦ ਸਨ।