ਮੰਡੀ ਮਜ਼ਦੂਰਾਂ ਦੇ ਹਿੱਤ ਵਿੱਚ ਵੱਡਾ ਫ਼ੈਸਲਾ – ਮੰਡੀ ਲੇਬਰ ਰੇਟ ‘ਚ 10 ਫ਼ੀਸਦੀ ਵਾਧਾ-ਪ੍ਰੋਫੈਸਰ ਜਸਵੰਤ ਸਿੰਘ
* ਮਜ਼ਦੂਰਾਂ ਨੂੰ ਰਾਹਤ ਪ੍ਰਦਾਨ ਕਰਨ ‘ਤੇ ਵਿਧਾਇਕ ਅਮਰਗੜ੍ਹ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ
*ਕਿਹਾ, ਪੰਜਾਬ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਵਚਨਬੱਧ
ਅਮਰਗੜ੍ਹ/ਮਾਲੇਰਕੋਟਲਾ, 21 ਅਗਸਤ
ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗਜਜਨਮਾਜਰਾ ਨੇ ਪੰਜਾਬ ਸਰਕਾਰ ਵਲੋਂ ਮੰਡੀ ਲੇਬਰ ਰੇਟ ਵਿੱਚ ਕੀਤੇ 10 ਫ਼ੀਸਦੀ ਵਾਧੇ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਮੰਡੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਰਾਹਤ ਦੇਣ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਮਜ਼ਦੂਰ-ਹਿਤੈਸ਼ੀ ਸੋਚ ਨੂੰ ਦਰਸਾਉਂਦਾ ਹੈ।
ਵਿਧਾਇਕ ਗੱਜਣਮਾਜਰਾ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਪ੍ਰਧਾਨਗੀ ਹੇਠ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਇਹ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ। ਇਸ ਅਨੁਸਾਰ ਝੋਨੇ ਦਾ ਮੰਡੀ ਲੇਬਰ ਰੇਟ 17.50 ਰੁਪਏ ਤੋਂ ਵਧਾ ਕੇ 19.26 ਰੁਪਏ ਪ੍ਰਤੀ ਬੈਗ (37.5 ਕਿਲੋਗ੍ਰਾਮ) ਕਰ ਦਿੱਤਾ ਗਿਆ ਹੈ, ਜਿਸ ਨਾਲ ਪ੍ਰਤੀ ਬੈਗ 1.76 ਰੁਪਏ ਦਾ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਮਜ਼ਦੂਰ ਯੂਨੀਅਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਮੰਡੀ ਲੇਬਰ ਰੇਟ ਵਿੱਚ ਵਾਧਾ ਕੀਤਾ ਗਿਆ ਹੈ, ਜੋ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਮਜ਼ਦੂਰ ਭਲਾਈ ਪ੍ਰਤੀ ਵਚਨਬੱਧਤਾ ਦਾ ਸਪਸ਼ਟ ਪ੍ਰਮਾਣ ਹੈ। “ਪੰਜਾਬ ਦੇ ਅਨਾਜ ਮੰਡੀਆਂ ਵਿੱਚ ਰੋਜ਼ਾਨਾ ਆਪਣੇ ਪਸੀਨੇ ਨਾਲ ਖੇਤੀਬਾੜੀ ਸਪਲਾਈ ਲੜੀ ਨੂੰ ਚਲਾਉਣ ਵਾਲੇ ਮਜ਼ਦੂਰ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਦੇ ਜੀਵਨ ਸਤਰ ਵਿੱਚ ਸੁਧਾਰ ਆਵੇਗਾ ਅਤੇ ਪਰਿਵਾਰਾਂ ਨੂੰ ਬੇਹੱਦ ਲੋੜੀਂਦੀ ਰਾਹਤ ਮਿਲੇਗੀ,”
ਵਿਧਾਇਕ ਨੇ ਹੋਰ ਦੱਸਿਆ ਕਿ ਪੰਜਾਬ ਮੰਡੀ ਬੋਰਡ ਨਾ ਸਿਰਫ਼ ਮਜ਼ਦੂਰਾਂ ਦੇ ਹਿੱਤ ਵਿੱਚ ਕੰਮ ਕਰ ਰਿਹਾ ਹੈ ਸਗੋਂ ਅਨਾਜ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਵੱਖ-ਵੱਖ ਵਿਕਾਸ ਕਾਰਜ ਚ ਤੇਜੀ ਲਿਆ ਕੇ ਆਉਣ ਵਾਲੇ ਸਾਉਣੀ ਖਰੀਦ ਸੀਜ਼ਨ ਦੌਰਾਨ ਵੀ ਲੋਕਾਂ ਨੂੰ ਸੁਵਿਧਾਜਨਕ ਮਾਹੌਲ ਪ੍ਰਦਾਨ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਵਚਨਬੱਧ ਹੈ।