ਜਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦੇ ਪਿੰਡਾਂ ਦਾ ਕੀਤਾ ਦੌਰਾ
ਫ਼ਾਜ਼ਿਲਕਾ 21 ਅਗਸਤ
ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ, ਡਾਕਟਰ ਅਰਪਿਤ ਗੁਪਤਾ ਜਿਲ੍ਹਾ ਟੀਕਾਕਰਣ ਅਫ਼ਸਰ, ਡਾਕਟਰ ਏਰਿਕ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਸਮੇਂ ਉਹਨਾਂ ਨਾਲ ਮਾਸ ਮੀਡੀਆ ਤੋਂ ਵਿਨੋਦ ਖੁਰਾਣਾ ਅਤੇ ਦਿਵੇਸ਼ ਕੁਮਾਰ ਵੀ ਹਨ।
ਸਿਹਤ ਵਿਭਾਗ ਵਲੋਂ ਚੱਲ ਰਹੇ ਪਿੰਡ ਗੁਲਾਬ ਭੈਣੀ, ਪਤਨ ਪੋਸਟ ਅਤੇ ਰੇਤੇ ਵਾਲੀ ਭੈਣੀ ਵਿਖੇ ਮੈਡੀਕਲ ਕੈਂਪਾਂ ਅਤੇ ਨੈਸ਼ਨਲ ਵੈਕਟਰ ਬੌਰਨ ਡਜ਼ੀਜ਼ ਕੋਟਰੋਲ ਟੀਮਾਂ ਦਾ ਜ਼ਾਇਜਾ ਲਿਆ। ਇਸ ਸਮੇਂ ਉਹ ਲੋਕਾਂ ਨੂੰ ਮਿਲੇ ਅਤੇ ਸਿਹਤ ਸਬੰਧੀ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ। ਅੱਜ ਵਿਖੇ ਮੈਡੀਕਲ ਕੈਂਪ ਦਾ ਦੌਰਾ ਕੀਤਾ।
ਇਸ ਸਮੇਂ ਡਾਕਟਰ ਰੋਹਿਤ ਗੋਇਲ ਨੇ ਬਰਸਾਤਾਂ ਦੇ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਪੀਣ ਵਾਲੇ ਪਾਣੀ ਨੂੰ ਉਬਾਲ ਕਰਕੇ ਠੰਡਾ ਕਰਕੇ ਪੀਣ ਲਈ ਵਰਤਿਆ ਜਾਵੇ ਜਾਂ ਕਲੋਰੀਨੇਟ ਕਰਕੇ ਵਰਤਿਆ ਜਾਵੇ। ਇਸ ਲਈ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਘਰ ਘਰ ਮੁਫਤ ਵੰਡੀਆਂ ਜਾ ਰਹੀਆਂ ਹਨ।
20 ਲੀਟਰ ਪਾਣੀ ਵਿੱਚ ਇੱਕ ਗੋਲੀ ਕਲੋਰੀਨ ਦੀ ਪਾ ਕੇ 8 ਘੰਟਿਆਂ ਬਾਅਦ ਪਾਣੀ ਪੀਣ ਲਈ ਸੇਵਨ ਕਰੋ। ਇਨਫੈਕਸ਼ਨ ਤੋਂ ਬਚਣ ਲਈ ਵਾਰ ਵਾਰ ਸਾਬਣ ਅਤੇ ਪਾਣੀ ਨਾਲ ਹੱਥ ਧੋਤੇ ਜਾਣ। ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਦੇ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ। ਜੇਕਰ ਕਿਸੇ ਇੱਕ ਏਰੀਏ ਵਿੱਚ ਤਿੰਨ ਤੋਂ ਵੱਧ ਇਨਫੈਕਸ਼ਨ ਵਾਲੇ ਕੇਸਾਂ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨੂੰ ਸੂਚਿਤ ਕੀਤਾ ਜਾਵੇ। ਹੜ੍ਹਾਂ ਦੌਰਾਨ ਦੂਸ਼ਿਤ ਪਾਣੀ ਅਤੇ ਕੀੜਿਆਂ ਦੇ ਕੱਟਣ ਨਾਲ ਚਮੜੀ ਤੇ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ, ਇਸ ਲਈ ਪੂਰੀ ਬਾਂਹ ਵਾਲੇ ਕੱਪੜੇ ਪਾਏ ਜਾਣ। ਹੜ੍ਹਾਂ ਦੌਰਾਨ ਸੱਪ ਦੇ ਕੱਟਣ ਦੀਆ ਘਟਨਾਵਾਂ ਆਮ ਹੋ ਜਾਂਦੀਆਂ ਹਨ, ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਖੜ੍ਹੇ ਪਾਣੀ ਵਿੱਚ ਨਾ ਜਾਓ ਅਤੇ ਜੇਕਰ ਪਾਣੀ ਵਿਚ ਜਾਣਾ ਜਰੂਰੀ ਹੋਵੇ ਤਾਂ ਲੰਬੇ ਬੂਟ ਪਾ ਕੇ ਜਾਓ। ਜੇਕਰ ਸੱਪ ਕੱਟ ਲੈਂਦਾ ਹੈ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।
ਡਾਕਟਰ ਅਰਪਿਤ ਨੇ ਦੱਸਿਆ ਕਿ ਬਰਸਾਤਾਂ ਦੌਰਾਨ ਉਲਟੀਆਂ ਜਾਂ ਦਸਤ ਹੋਣ ਦੀ ਸੂਰਤ ਵਿੱਚ ਓ.ਆਰ.ਐਸ. (ਜੀਵਨ ਰੱਖਿਅਕ ਘੋਲ) ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਸਿਹਤ ਵਿਭਾਗ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਮੁਫ਼ਤ ਮਿਲਦਾ ਹੈ। ਆਪਣੀ ਨਿੱਜੀ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਖਾਣ ਪੀਣ ਵਾਲੀਆਂ ਵਸਤਾਂ ਹਮੇਸ਼ਾ ਢੱਕ ਕੇ ਰੱਖੋ। ਜ਼ਿਆਦਾ ਪੱਕੇ ਹੋਏ, ਕੱਟੇ ਹੋਏ ਫ਼ਲ ਜਾਂ ਸਬਜ਼ੀਆਂ ਨਹੀਂ ਖਰੀਦਣੀਆਂ ਚਾਹੀਦੀਆਂ।
ਬਜ਼ਾਰਾਂ ਦੀਆਂ ਬਣੀਆਂ ਚੀਜਾਂ ਖਾਣ ਤੋਂ ਪ੍ਰਹੇਜ਼ ਕੀਤਾ ਜਾਵੇ, ਘਰ ਦਾ ਬਣਿਆ ਹੋਇਆ ਤਾਜ਼ਾ ਖਾਣਾ ਹੀ ਖਾਣਾ ਚਾਹੀਦਾ ਹੈ। ਮੱਖੀਆਂ ਤੋਂ ਬਚਾਅ ਲਈ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਖਾਣਾ ਬਣਾਉਣ, ਖਾਣਾ ਖਾਣ, ਖਾਣਾ ਵਰਤਾਉਣ ਤੋਂ ਪਹਿਲਾਂ ਅਤੇ ਸੌਚ ਜਾਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਕੋਈ ਵੀ ਸਿਹਤ ਸਮੱਸਿਆ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।