ਚੰਗਾ ਖਾਣ -ਪਾਣ ਚੰਗੀ ਸਿਹਤ ਦੀ ਕੁੰਜੀ - ਡਾ ਤਪਿੰਦਰਜੋਤ ਸਿਵਲ ਸਰਜਨ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ 20 ਅਗਸਤ 2025 :ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੇ ਕਰਮਚਾਰੀਆ ਵੱਲੋਂ ਲੋਕਾਂ ਨੂੰ ਸੰਤੁਲਿਤ ਆਹਾਰ ਅਪਣਾਉਣ ਅਤੇ ਅਣਹੈਲਥੀ ਖਾਣੇ ਤੋਂ ਦੂਰ ਰਹਿਣ ਲਈ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਤਪਿੰਦਰਜੋਤ ਸਿਵਲ ਸਰਜਨ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ। ਇਹਨਾਂ ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਤਾਜ਼ੀਆਂ ਸਬਜ਼ੀਆਂ ਤੇ ਫਲ ਖਾਓ, ਪੂਰੇ ਅਨਾਜ ,ਦਾਲਾਂ ਅਤੇ ਸੁੱਕੇ ਮੇਵੇ ਖਾਣ ਨਾਲ ਪੋਸ਼ਕ ਤੱਤ ਮਿਲਦੇ ਹਨ।
ਉਨ੍ਹਾਂ ਕਿਹਾ ਕਿ ਦੁੱਧ ਅਤੇ ਦਹੀ ਕੈਲਸ਼ੀਅਮ ਅਤੇ ਪ੍ਰੋਟੀਨ ਲਈ ਹਰ ਉਮਰ ਦੇ ਲੋਕਾਂ ਲਈ ਲਾਭਕਾਰੀ,ਫਾਸਟ ਫੂਡ ਤੋਂ ਬਚੋ ਤਲੇ ਹੋਏ, ਜ਼ਿਆਦਾ ਤੇਲ-ਘੀ ਅਤੇ ਚੀਨੀ ਵਾਲੇ ਭੋਜਨ ਘੱਟ ਵਰਤੋ, ਹਰ ਰੋਜ਼ ਘੱਟੋ ਘੱਟ 8–10 ਗਲਾਸ ਪਾਣੀ ਪੀਓ, ਸਮੇਂ ਸਿਰ ਭੋਜਨ ਕਰੋ, ਖਾਣਾ ਛੱਡਣ ਦੀ ਆਦਤ ਤੋਂ ਬਚੋ ।ਉਹਨਾਂ ਬੱਚਿਆਂ ਅਤੇ ਨੌਜਵਾਨਾਂ ਲਈ ਖਾਸ ਸਲਾਹ ਦਿੰਦਿਆ ਦੱਸਿਆ ਕਿ ਜੰਕ ਫੂਡ ਦੀ ਥਾਂ ਘਰੇਲੂ ਤਾਜ਼ਾ ਭੋਜਨ ਖਾਓ, ਸਕੂਲਾਂ ਵਿੱਚ "ਹੈਲਦੀ ਟਿਫਿਨ" ਦੀ ਪ੍ਰੋਤਸਾਹਨਾ, ਦੁੱਧ, ਫਲਾਂ ਦਾ ਰਸ ਅਤੇ ਸਲਾਦ ਨੂੰ ਆਹਾਰ ਦਾ ਹਿੱਸਾ ਬਣਾਓ । ਉਹਨਾਂ ਕਿਹਾ ਕਿ ਚੰਗਾ ਖਾਣਾ ਚੰਗੀ ਸਿਹਤ ਦੀ ਕੁੰਜੀ ਹੈ। ਜੇ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸੰਤੁਲਿਤ ਖੁਰਾਕ ਅਪਣਾਵਾਂਗੇ ਤਾਂ ਨਾ ਸਿਰਫ਼ ਬਿਮਾਰੀਆਂ ਤੋਂ ਬਚ ਸਕਾਂਗੇ ਬਲਕਿ ਇੱਕ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਜੀ ਸਕਾਂਗੇ । ਉਹਨਾਂ ਸਮਾਜ ਨੂੰ ਅਪੀਲ ਕਰਦਿਆ ਕਿਹਾ ਕਿ ਆਪਣੀ ਦਿਨਚਰੀ ਵਿੱਚ ਚੰਗੇ ਖਾਣ-ਪਾਣ ਦੀਆਂ ਆਦਤਾਂ ਸ਼ਾਮਲ ਕਰਕੇ ਸਿਹਤਮੰਦ ਭਵਿੱਖ ਦੀ ਨੀਂਹ ਰੱਖਣ ।