ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਮੰਡ ਖੇਤਰ ਦੇ ਕਿਸਾਨਾਂ ਦੀਆਂ ਫਸਲਾਂ ਡੁੱਬੀਆਂ
- ਪੀੜਤ ਕਿਸਾਨਾਂ ਨੇ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਕੀਤੀ ਮੰਗ
ਚੋਹਲਾ ਸਾਹਿਬ/ਤਰਨਤਾਰਨ,13 ਅਗਸਤ 2025 - ਦਰਿਆ ਬਿਆਸ ਨਾਲ ਲੱਗਦੇ ਪਿੰਡ ਚੰਬਾ ਕਲਾਂ,ਕੰਬੋਅ ਢਾਏ ਵਾਲਾ ਅਤੇ ਧੁੰਨ ਢਾਏ ਵਾਲਾ ਅਧੀਨ ਪਿੰਡਾਂ ਅਧੀਨ ਮੰਡ ਖੇਤਰ ਵਿੱਚ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਕਿਸਾਨਾਂ ਦੀਆਂ ਫਸਲਾਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਹਨ।ਜਿਸ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮਾਸਟਰ ਦਲਬੀਰ ਸਿੰਘ ਚੰਬਾ ਅਤੇ ਕਿਸਾਨ ਆਗੂ ਪ੍ਰਗਟ ਸਿੰਘ ਚੰਬਾ ਨੇ ਦੱਸਿਆ ਕਿ ਇਹ ਪਾਣੀ ਦੀ ਮਾਰ ਅਸੀਂ ਲਗਾਤਾਰ ਕਈ ਸਾਲਾਂ ਤੋਂ ਝੱਲ ਰਹੇ ਹਾਂ।ਹਰ ਸਾਲ ਹੀ ਫਸਲਾਂ ਦੀ ਬਰਬਾਦੀ ਹੋ ਜਾਂਦੀ ਹੈ।
ਇਸ ਏਰੀਏ ਦੇ ਕਿਸਾਨਾਂ ਕੋਲੋਂ ਬਣਾਈਆਂ ਲਿਮਟਾਂ ਦਾ ਵਿਆਜ਼ ਵੀ ਨਹੀਂ ਭਰਿਆ ਜਾਂਦਾ,ਜਿਸ ਕਰਕੇ ਇਸ ਏਰੀਏ ਦੇ ਕਿਸਾਨਾਂ ਦੀ ਆਰਥਿਕ ਪੱਖੋਂ ਹਾਲਤ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਕਿਸਾਨਾਂ ਨੂੰ ਮੁਆਵਜ਼ਾ ਵਗੈਰਾ ਮਿਲ ਜਾਂਦਾ ਸੀ ਪਰ ਉਸ ਨਾਲ ਵੀ ਮਸਾਂ ਫਸਲਾਂ 'ਤੇ ਲੱਗਾ ਹੋਇਆ ਖ਼ਰਚਾ ਹੀ ਮੁੜਦਾ ਸੀ।ਪਰ ਮੌਜੂਦਾ ਪੰਜਾਬ ਸਰਕਾਰ ਨੇ ਖ਼ਰਾਬਾ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਸਾਲ 2023 ਵਿੱਚ ਆਏ ਹੜ ਕਾਰਨ ਖਰਾਬ ਹੋਈਆਂ ਫ਼ਸਲਾਂ ਦਾ ਵੀ ਪੰਜਾਬ ਸਰਕਾਰ ਵਲੋਂ ਕੋਈ ਪੈਸਾ ਨਹੀਂ ਦਿੱਤਾ ਗਿਆ,ਸਿਰਫ ਕੇਂਦਰ ਸਰਕਾਰ ਵਲੋਂ ਆਇਆ 6800 ਰੁਪਏ ਹੀ ਕਿਸਾਨਾਂ ਨੂੰ ਮਿਲਿਆ ਸੀ।
ਉਨ੍ਹਾਂ ਕਿਹਾ ਕਿ 2023 ਵਿੱਚ ਆਏ ਹੜ ਨਾਲ ਜਿਹੜੀਆਂ ਜ਼ਮੀਨਾਂ ਰੇਤਾ ਪੈਣ ਨਾਲ ਖਰਾਬ ਹੋ ਚੁੱਕੀਆਂ ਸਨ,ਉਹ ਵੀ ਇਸ ਵਾਰ ਕਿਸਾਨਾਂ ਨੇ ਆੜ੍ਹਤੀਆਂ ਕੋਲੋਂ ਕਰਜ਼ਾ ਲੈਕੇ ਆਪ ਪੱਧਰੀਆਂ ਕੀਤੀਆਂ ਸਨ,ਜਿਸ ਵਿੱਚ ਇਸ ਵਾਰ ਝੋਨਾ ਲਗਾਇਆ ਗਿਆ ਸੀ ਅਤੇ ਝੋਨਾ ਲਗਾਉਣ ਲਈ ਆਉਂਦਾ ਸਾਰਾ ਖਰਚਾ ਵੀ ਹੋ ਗਿਆ ਸੀ ਤੇ ਬਹੁਤ ਆਸ ਸੀ ਕਿ ਐਤਕੀਂ ਕੁਝ ਕਰਜਾ ਉਤਰ ਜਾਵੇਗਾ ਪਰ ਕਿਸਾਨਾਂ ਦੀਆਂ ਆਸਾਂ 'ਤੇ ਪੂਰੀ ਤਰ੍ਹਾਂ ਪਾਣੀ ਫਿਰ ਗਿਆ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਮੁਆਵਜ਼ਾ ਅਤੇ ਪਸ਼ੂਆਂ ਲਈ ਚਾਰਾ ਵਗੈਰਾ ਦੇਣ ਦਾ ਪ੍ਰਬੰਧ ਕੀਤਾ ਜਾਵੇ।ਇਸ ਮੌਕੇ ਗੁਰਨਾਮ ਸਿੰਘ,ਜਗਤਾਰ ਸਿੰਘ,ਭਜਨ ਸਿੰਘ, ਜੋਗਿੰਦਰ ਸਿੰਘ,ਅੰਗਰੇਜ ਸਿੰਘ,ਮੰਗਲ ਸਿੰਘ ਸੁਖਪਾਲ ਸਿੰਘ,ਬਿਕਰਮ ਸਿੰਘ ਬੱਬੂ,ਸੋਨੀ,ਗੁਰਮੀਤ ਸਿੰਘ,ਕੁਲਦੀਪ ਸਿੰਘ ਆਦਿ ਕਿਸਾਨ ਹਾਜ਼ਰ ਸਨ।