ਪੰਜਾਬੀ ਭਾਸ਼ਾ ਪ੍ਰਤੀ ਰੁਝਾਨ ਵਧਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਤਾਬਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ
ਰੂਪਨਗਰ, 24 ਜੁਲਾਈ: ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਆਦੇਸ਼ਾਂ ਅਨੁਸਾਰ ਜ਼ਿਲਾ ਭਾਸ਼ਾ ਦਫਤਰ ਰੂਪਨਗਰ ਦੇ ਕਲਰਕ ਸ੍ਰੀ ਕੁਲਵੰਤ ਸਿੰਘ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਲਈ ਵਿਸ਼ੇਸ਼ ਯਤਨ ਕਰਦਿਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਹ ਪ੍ਰਦਰਸ਼ਨੀ ਡਿਪਟੀ ਕਮਿਸ਼ਨਰ ਦਫ਼ਤਰ ਰੂਪਨਗਰ ਦੇ ਕੰਪਲੈਕਸ ਸਾਹਮਣੇ ਲਗਾਈ ਗਈ, ਜਿਸਦਾ ਉਦੇਸ਼ ਆਉਣ-ਜਾਣ ਵਾਲੇ ਲੋਕਾਂ, ਕਰਮਚਾਰੀਆਂ ਅਤੇ ਪਾਠਕਾਂ ਨੂੰ ਪੰਜਾਬੀ ਸਾਹਿਤ ਵੱਲ ਆਕਰਸ਼ਿਤ ਕਰਨਾ ਸੀ।
ਇਸ ਪ੍ਰਦਰਸ਼ਨੀ ਵਿੱਚ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ, ਸ੍ਰੀ ਵਰਜੀਤ ਵਾਲਿਆ ਜੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵਿੱਚ ਸਮੂਹਲੀਅਤ ਕੀਤੀ ਗਈ ਅਤੇ ਉਹਨਾਂ ਵੱਲੋਂ ਜਿਲ੍ਹੇ ਦੀਆਂ ਸਰਵਜਨਿਕ ਥਾਵਾਂ ਤੇ ਵੱਧ ਤੋਂ ਵੱਧ ਪ੍ਰਦਰਸ਼ਨੀਆਂ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਪ੍ਰਦਰਸ਼ਿਤ ਕੀਤੀਆਂ ਪੰਜਾਬੀ ਕਿਤਾਬਾਂ ਦੀ ਸਰਾਹਨਾ ਕੀਤੀ ਅਤੇ ਭਾਸ਼ਾ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ।
ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ ਜੀ ਨੇ ਵੀ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਖਰੀਦ ਕੇ ਹੋਰ ਪਾਠਕਾਂ ਨੂੰ ਕਿਤਾਬਾਂ ਖਰੀਦਣ ਲਈ ਉਤਸ਼ਾਹਿਤ ਕੀਤਾ।
ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਪਬਲਿਕ ਨੇ ਵੀ ਇਸ ਪ੍ਰਦਰਸ਼ਨੀ ਵਿੱਚ ਕਾਫੀ ਦਿਲਚਸਪੀ ਦਿਖਾਈ। ਇਸ ਦੌਰਾਨ ਸਾਹਿਤਕਾਰਾਂ, ਪੰਜਾਬੀ ਭਾਸ਼ਾ ਪ੍ਰੇਮੀਆਂ ਅਤੇ ਦਫਤਰੀ ਕੰਮਾਂ ਕਾਰਾਂ ਲਈ ਆਏ ਹੋਏ ਲੋਕਾਂ ਨੇ ਵੀ ਪ੍ਰਦਰਸ਼ਨੀ ਨੂੰ ਦੇਖ ਕੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਸਨੇਹ ਅਤੇ ਸਮਰਪਣ ਦਰਸਾਇਆ। ਇਹ ਦੱਸਣਾ ਵੀ ਮਹੱਤਵਪੂਰਨ ਹੈ ਕਿ ਇਹ ਪ੍ਰਦਰਸ਼ਨੀ ਪੰਜਾਬੀ ਸਾਹਿਤ ਅਤੇ ਭਾਸ਼ਾ ਨਾਲ ਲੋਕਾਂ ਦੇ ਨਿੱਘੇ ਤਾਲੁਕ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ।
ਜ਼ਿਲਾ ਭਾਸ਼ਾ ਦਫਤਰ, ਰੂਪਨਗਰ ਵੱਲੋਂ ਭਵਿੱਖ ਵਿੱਚ ਵੀ ਐਸੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਤਾਂ ਜੋ ਪੰਜਾਬੀ ਭਾਸ਼ਾ ਨੂੰ ਉੱਚੇ ਪੱਧਰ ਤੇ ਮਜਬੂਤ ਕੀਤਾ ਜਾ ਸਕੇ।