ਆਕਾਸ਼ਵਾਣੀ ਵੱਲੋਂ ਸ਼ੁਰੂ ਕੀਤੇ ਪ੍ਰੋਗ੍ਰਾਮ "ਮੁਸ਼ਕਲ ਦੱਸੋ-ਹੱਲ ਦੱਸਾਂਗੇ" ਵਿੱਚ ਪਹੁੰਚੇ ਮੇਅਰ ਨੇ ਸੁਣੀਆਂ ਮੁਸ਼ਕਲਾਂ
ਅਸ਼ੋਕ ਵਰਮਾ
ਬਠਿੰਡਾ, 13 ਅਗਸਤ 2025 : ਆਕਾਸ਼ਵਾਣੀ ਐਫ਼ਐਮ ਬਠਿੰਡਾ ਵੱਲੋਂ ਨਵੇਂ ਸ਼ੁਰੂ ਕੀਤੇ ਗਏ ਪ੍ਰੋਗ੍ਰਾਮ “ਮੁਸ਼ਕਿਲ ਦੱਸੋ-ਹੱਲ ਦੱਸਾਂਗੇ" ਵਿੱਚ ਨਗਰ ਨਿਗਮ ਬਠਿੰਡਾ ਦੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਪਹੁੰਚ ਕੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਉਕਤ ਮੁਸ਼ਕਿਲਾਂ ਦੇ ਤੁਰੰਤ ਨਿਪਟਾਰੇ ਦਾ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ। ਮੇਅਰ ਸ਼੍ਰੀ ਮਹਿਤਾ ਨੇ ਕਿਹਾ ਕਿ ਬਠਿੰਡਾ ਨਗਰ ਨਿਗਮ ਦੀ ਹੱਦ ਅੰਦਰ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ, ਜਿਵੇਂ ਕਿ ਸਾਫ਼ ਪਾਣੀ, ਸੀਵਰੇਜ, ਬਰਸਾਤੀ ਪਾਣੀ ਦੀ ਨਿਕਾਸੀ ਅਤੇ ਪੁਲਾਂ ਦੀ ਮੁਰੰਮਤ ਦਾ ਕੰਮ ਛੇਤੀ ਹੀ ਕਰਵਾਇਆ ਜਾਵੇਗਾ।
ਪ੍ਰੋਗ੍ਰਾਮ ਦਾ ਸੰਚਾਲਨ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗ੍ਰਾਮ ਮੁਖੀ ਬਲਜੀਤ ਸ਼ਰਮਾ ਅਤੇ ਅਨਾਊਂਸਰ ਮਮਤਾ ਅਰੋੜਾ ਨੇ ਕੀਤਾ। ਇਸ ਪ੍ਰੋਗ੍ਰਾਮ ਬਾਰੇ ਜਾਣਕਾਰੀ ਦਿੰਦਿਆਂ ਪ੍ਰਸਾਰਨ ਅਧਿਕਾਰੀ ਮਨਦੀਪ ਰਾਜੌਰਾ ਅਤੇ ਇੰਜੀਨੀਅਰ ਵਿਕਾਸ ਸ਼ਰਮਾ ਨੇ ਦੱਸਿਆ ਕਿ ਇਹ ਪ੍ਰੋਗ੍ਰਾਮ ਹਰ ਮੰਗਲਵਾਰ ਦੀ ਦੁਪਹਿਰ ਸਵਾ ਇੱਕ ਵਜੇ ਪ੍ਰਸਾਰਿਤ ਕੀਤਾ ਜਾਵੇਗਾ, ਜੋ ਕਿ ਇਲਾਕੇ ਦੇ ਲੋਕਾਂ ਦੀ ਆਵਾਜ਼ ਬਣੇਗਾ। ਇਸ ਪ੍ਰੋਗ੍ਰਾਮ ਵਿੱਚ ਭਾਗ ਲੈਣ ਲਈ ਸ੍ਰੋਤੇ ਸਟੂਡੀਓ ਵਿੱਚ 0164-224331 'ਤੇ ਫ਼ੋਨ ਕਰ ਸਕਦੇ ਹਨ ਅਤੇ ਚੱਲਦੇ ਪ੍ਰੋਗ੍ਰਾਮ ਵਿੱਚ ਵਟ੍ਸਅੱਪ ਨੰਬਰ 77173-73146 'ਤੇ ਆਪਣੀਆਂ ਸਮੱਸਿਆਵਾਂ ਲਿਖ ਕੇ ਭੇਜ ਸਕਦੇ ਹਨ।