Babushahi Special ਲੈਂਡ ਪੂਲਿੰਗ: ਕੌਣ ਪੁੱਛਦਾ ਝੁੱਗੀਆਂ ਢਾਰਿਆਂ ਨੂੰ ਕਦੋਂ ਮਿਲਦਾ ਇਨਸਾਫ ਟੁੱਟਿਆਂ ਤਾਰਿਆਂ ਨੂੰ
ਅਸ਼ੋਕ ਵਰਮਾ
ਬਠਿੰਡਾ,12ਅਗਸਤ 2025: ਪੰਜਾਬ ਸਰਕਾਰ ਨੇ ਕਿਸਾਨਾਂ ਦੀ ਦੁਸ਼ਮਣ ਲੈਂਡ ਪੂਲਿੰਗ ਨੀਤੀ ਵਾਪਿਸ ਲਈ ਹੈ ਤਾਂ ਵਧੀਆ ਹੈ ਪਰ ਸਾਡੀਆਂ ਪੈਲੀਆਂ ਤਾਂ ਸਾਲ 2010 ’ਚ ਅਕਾਲੀ ਭਾਜਪਾ ਗਠਜੋੜ ਦੇ ਰਾਜ ਦੌਰਾਨ ਪੁਲਸੀਆ ਡੰਡੇ ਦੇ ਜੋਰ ਤੇ ਖੋਹੀਆਂ ਗਈਆਂ ਸਨ। ਇਹ ਦਰਦ ਮਾਨਸਾ ਜਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੇ ਉਨ੍ਹਾਂ ਕਿਸਾਨਾਂ ਦਾ ਹੈ ਜਿੰਨ੍ਹਾਂ ਦੀ ਜਮੀਨ ਪਿਉਨਾ ਕੰਪਨੀ ਦਾ ਥਰਮਲ ਪਲਾਂਟ ਲਾਉਣ ਲਈ ਐਕਵਾਇਰ ਕੀਤੀ ਗਈ ਸੀ। ਹੁਣ 15 ਸਾਲ ਬਾਅਦ ਨਾਂ ਤਾਂ ਥਰਮਲ ਲੱਗਿਆ ਹੈ ਤੇ ਨਾਂ ਹੀ ਜਮੀਨ ਦਾ ਕੁੱਝ ਬਣਿਆ ਹੈ। ਜਮੀਨਾਂ ਖੁੱਸਣ ਦਾ ਇਸ ਪਿੰਡ ਤੇ ਵੱਡਾ ਅਸਰ ਪਿਆ ਹੈ। ਕਿਸਾਨ ਆਖਦੇ ਹਨ ਕਿ ਇਹ ਤਾਂ ਤਾਜਾ ਗੱਲਾਂ ਹਨ ਸਾਡੀ ਤਾਂ ਲੈਂਡ ਕਦੋਂ ਦੀ ਪੂਲਿੰਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਹੀ ਪੈਲੀਆਂ ਦੀ ਹਮਦਰਦ ਹੈ ਤਾਂ ਧਨਾਢ ਘਰਾਣਿਆਂ ਤੋਂ ਵਾਪਿਸ ਲੈਕੇ ਜਮੀਨ ਕਿਸਾਨਾਂ ਦੇ ਹਵਾਲੇ ਕੀਤੀ ਜਾਏ।
ਕੋਈ ਸਮਾਂ ਸੀ ਜਦੋਂ ਗੋਬਿੰਦਪੁਰਾ ਹੱਸਦਾ ਵਸਦਾ ਪਿੰਡ ਹੁੰਦਾ ਸੀ ਪਰ ਤਾਪ ਬਿਜਲੀ ਘਰ ਬਣਾਉਣ ਲਈ ਜਮੀਨ ਐਕੁਆਇਰ ਹੋਣ ਤੋਂ ਬਾਅਦ ਪਿੰਡ ਦੀ ਰੂਹ ਹੀ ਗੁਆਚ ਗਈ ਹੈ। ਪ੍ਰਾਈਵੇਟ ਕੰਪਨੀ ਨੇ ਇਸ ਪਿੰਡ ਦੀ ਕਰੀਬ 8 ਸੌ ਏਕੜ ਜਮੀਨ ’ਚੋਂ ਕਿਸਾਨ ਬਾਹਰ ਕਰ ਦਿੱਤੇ ਹਨ। ਇਨ੍ਹਾਂ ਪੈਲੀਆਂ ਦੀ ਮਾਲਕੀ ਪਹਿਲਾਂ ਕਿਸਾਨਾਂ ਦੇ ਨਾਂ ਬੋਲਦੀ ਸੀ ਹੁਣ ਪ੍ਰਾਈਵੇਟ ਕੰਪਨੀ ਦੇ ਨਾਂ ਬੋਲਣ ਲੱਗੀ ਹੈ। ਵੇਰਵਿਆਂ ਅਨੁਸਾਰ ਇਸ ਥਰਮਲ ਲਈ ਪਿੰਡ ਗੋਬਿੰਦਪੁਰਾ, ਜਲਵੇੜਾ, ਸਿਰਸੀਵਾਲਾ ਤੇ ਬਰੇਟਾ ਦੇ ਕਿਸਾਨਾਂ ਦੀ ਤਕਰੀਬਨ ਪੌਣੇ ਨੌਂ ਸੌ ਏਕੜ ਜ਼ਮੀਨ ਐਕੁਆਇਰ ਹੋਈ ਸੀ ਜਿਸ ਚੋਂ ਸਭ ਤੋਂ ਵੱਡਾ ਹਿੱਸਾ ਗੋਬਿੰਦਪੁਰਾ ਦਾ ਹੈ ਜਿੱਥੋਂ ਦੇ ਪੰਜ ਦਰਜਨ ਤੋਂ ਵੱਧ ਕਿਸਾਨ ਬੇਜਮੀਨੇ ਹੋਏ ਹਨ। ਕਿਸਾਨ ਧਿਰਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਆਪਣੀਆਂ ਜਮੀਨਾਂ ਬਚਾਉਣ ਲਈ ਵੱਡੀ ਲੜਾਈ ਲੜੀ ਪਰ ਸਿਵਾਏ ਪੁਲਿਸ ਜਬਰ ਤੋਂ ਹੱਥ ਪੱਲੇ ਕੁੱਝ ਵੀ ਨਹੀਂ ਪਿਆ ਹੈ।
ਇਸ ਅੰਦੋਲਨ ਦੌਰਾਨ ਪਿੰਡ ਹਮੀਦੀ ਦਾ ਕਿਸਾਨ ਸ਼ਹੀਦ ਵੀ ਹੋ ਗਿਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨੂੰ ਉਮੀਦ ਸੀ ਕਿ ਥਰਮਲ ਪਲਾਂਟ ਲੱਗਣ ਤੋਂ ਬਾਅਦ ਨੌਜਵਾਨਾਂ ਨੂੰ ਰੁਜਗਾਰ ਮਿਲੇਗਾ। ਇਸ ਦੇ ਉਲਟ ਯੋਗ ਅਤੇ ਸਹੀ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਬਲਕਿ ਘਪਲੇਬਾਜੀ ਕਰਕੇ ਹੋਰਨਾਂ ਪਿੰਡਾਂ ਦੇ ਲੋਕ ਨੌਕਰੀ ਲੈ ਗਏ ਹਨ। ਹੁਣ ਤਾਂ ਇਹ ਹਾਲ ਹੈ ਕਿ ਜਿੱਥੇ ਥਰਮਲ ਲੱਗਣਾ ਸੀ, ਉਸ ਥਾਂ ਤੇ ਪਹਾੜੀ ਕਿੱਕਰਾਂ ਉੱਘਣ ਕਾਰਨ ਇੱਕ ਤਰਾਂ ਨਾਲ ਵੱਡਾ ਜੰਗਲ ਬਣ ਗਿਆ ਹੈ। ਜਮੀਨ ਬੇਅਬਾਦ ਹੋਣ ਕਰਕੇ ਇੱਥੇ ਜੰਗਲੀ ਸੂਰ ਆ ਗਏ ਹਨ ਅਤੇ ਲਾਗਲੇ ਪਿੰਡਾਂ ਦੇ ਲੋਕ ਅਵਾਰਾ ਪਸ਼ੂ ਛੱਡ ਜਾਂਦੇ ਹਨ ਜੋ ਫਸਲਾਂ ਦਾ ਉਜਾੜਾ ਕਰਦੇ ਹਨ। ਪਿੰਡ ਵਾਸੀਆਂ ਅਨੁਸਾਰ ਇਸ ਜਮੀਨ ’ਚ ਤਾਂ ‘ਯੁੱਧ ਨਸ਼ਿਆਂ ਵਿਰੁੱਧ ਵੀ ਨਹੀਂ ਪੁੱਜਿਆ ਅਤੇ ਇਹ ਥਾਂ ਗੈਰ ਸਮਾਜੀ ਅਨਸਰਾਂ ਅਤੇ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ।
ਮੁੱਖ ਮੰਤਰੀ ਨੇ ਇਸ ਜਗ੍ਹਾ ਸੋਲ੍ਹਰ ਪਾਵਰ ਪਲਾਂਟ ਲਾਉਣ ਦੀ ਗੱਲ ਆਖੀ ਤਾਂ ਵਿਰੋਧ ਸ਼ੁਰੂ ਹੋ ਗਿਆ ਅਤੇ ਕਿਸਾਨ ਤਾਪ ਬਿਜਲੀ ਘਰ ਲਾਉਣ ਦੀ ਮੰਗ ਕਰਨ ਲੱਗੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਪਿਉਨਾ ਪਾਵਰ ਲਿਮਟਿਡ ਨੂੰ 230 ਮੈਗਾਵਾਟ ਦਾ ਸੋਲਰ ਪਾਵਰ ਪ੍ਰੋਜੈਕਟ ਲਾਉਣ ਲਈ ਪ੍ਰਵਾਨਗੀ ਦਿੱਤੀ ਸੀ ਜਿਸ ਤੋਂ ਬਾਅਦ ਕੰਪਨੀ ਹੁਣ ਜੰਗਲ ਬਣੀ ਜਗ੍ਹਾ ’ਤੇ ਸੋਲਰ ਪਾਵਰ, ਬਾਇਓਮਾਸ ਆਦਿ ਪ੍ਰਾਜੈਕਟ ਦੀ ਉਸਾਰੀ ਕਰ ਸਕਦੀ ਸੀ। ਪਤਾ ਲੱਗਿਆ ਹੈ ਕਿ ਕੰਪਨੀ ਆਪਣੇ ਹਿਸਾਬ ਨਾਲ ਸਨਅਤੀ ਪ੍ਰੋਜੈਕਟ ਲਾਉਣਾ ਚਾਹੁੰਦੀ ਸੀ ਜਿਸ ਸਬੰਧੀ ਪੰਜਾਬ ਸਰਕਾਰ ਨੇ ਹਾਮੀ ਨਹੀਂ ਭਰੀ। ਕੰਪਨੀ ਨੇ ਹਾਈਕੋਰਟ ਦਾ ਬੂਹਾ ਵੀ ਖੜਕਾਇਆ ਪਰ ਗੱਲ ਬਣ ਨਹੀਂ ਸਕੀ ਜਿਸ ਕਰਕੇ ਹੁਣ ਤਾਂ ਇਸ ਜਮੀਨ ਦਾ ਰੱਬ ਹੀ ਰਾਖਾ ਰਹਿ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਜਮੀਨ ਨੂੰ ਦੇਖਦੇ ਹਨ ਤਾਂ ਦਿਲ ਨੂੰ ਹੌਲ ਜਿਹਾ ਪੈਣ ਲੱਗਦਾ ਹੈ।
ਮੁਸੀਬਤਾਂ ਦਾ ਘਰ ਬਣੀ ਜਮੀਨ
ਪੈਲੀਆਂ ਦੀ ਲੜਾਈ ’ਚ ਮੋਹਰੀ ਰਹੇ ਪਿੰਡ ਗੋਬਿੰਦਪੁਰਾ ਦੇ ਸਾਬਕਾ ਸਰਪੰਚ ਗੁਰਲਾਲ ਸਿੰਘ ਦਾ ਕਹਿਣਾ ਸੀ ਕਿ ਇਹ ਜਮੀਨ ਪਿੰਡ ਲਈ ਮੁਸੀਬਤਾਂ ਦਾ ਘਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜਮੀਨਾਂ ਖੁੱਸਣ ਤੋਂ ਬਾਅਦ ਕਾਫੀ ਪ੍ਰੀਵਾਰ ਤਾਂ ਰੋਹੀ ਦਾ ਰੁੱਖ ਬਣ ਗਏ ਹਨ ਜਿੰਨ੍ਹਾਂ ਦੀ ਪੰਜਾਬ ਸਰਕਾਰ ਨੂੰ ਬਾਂਹ ਫੜ੍ਹਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਥਾਂ ਤੇ ਤਾਪ ਬਿਜਲੀ ਘਰ ਲਾਉਣ ਲਈ ਜਮੀਨ ਐਕੁਆਇਰ ਕੀਤੀ ਗਈ ਇਸ ਲਈ ਉਹੀ ਪ੍ਰਜੈਕਟ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਏਜੰਡਾ ਲੋਕ ਪੱਖੀ ਹੁੰਦਾ ਤਾਂ ਇਸ ਜ਼ਮੀਨ ’ਤੇ ਥਰਮਲ ਲੱਗਿਆ ਹੋਣਾ ਸੀ।
ਸੰਘਰਸ਼ ਲਈ ਤਿਆਰ ਰਹਿਣ ਕਿਸਾਨ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਬੇਸ਼ੱਕ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਿਸ ਲੈ ਲਈ ਹੈ ਪਰ ਇਸ ਗੱਲ ਦੀ ਕੀ ਗਰੰਟੀ ਹੈ ਕਿ ਭਵਿੱਖ ’ਚ ਪੈਲੀਆਂ ਤੇ ਕੋਈ ਹੱਲਾ ਨਹੀਂ ਬੋਲਿਆ ਜਾਏਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਜਮੀਨਾਂ ਖੋਹਣ ਲਈ ਹਮੇਸ਼ਾ ਕਾਰਪੋਰੇਟ ਪੱਖੀ ਭੂਮਿਕਾ ਨਿਭਾਈ ਹੈ ਜਿਸ ਕਰਕੇ ਕਿਸਾਨਾਂ ਨੂੰ ਸੰਘਰਸ਼ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਕਾਰਨ ਕਿਸਾਨ ਆਪਣੇ ਹੀ ਮੁਲਕ ਵਿਚ ਸ਼ਰਨਾਰਥੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਿਰਫ਼ ਜ਼ਮੀਨ ਨਹੀਂ ਜਾਂਦੀ ਉਨ੍ਹਾਂ ਦਾ ਜ਼ਮੀਨ ਨਾਲ ਭਾਵੁਕ ਲਗਾਅ ਦਾ ਵੀ ਕਤਲ ਹੁੰਦਾ ਹੈ।