USA: 70 ਸਾਲਾ ਸਿੱਖ ਬਜ਼ੁਰਗ ‘ਤੇ ਬੇਰਹਿਮੀ ਨਾਲ ਹਮਲੇ ਦਾ ਮਾਮਲਾ: ਸ਼ੱਕੀ ਗ੍ਰਿਫ਼ਤਾਰ
ਗੁਰਿੰਦਰਜੀਤ ਨੀਟਾ ਮਾਛੀਕੇ
ਨੌਰਥ ਹੌਲੀਵੁੱਡ (ਲੌਸ ਏਂਜਲਸ), 13 ਅਗਸਤ 2025 - ਕੈਲੀਫੋਰਨੀਆ ਦੇ ਨੌਰਥ ਹੌਲੀਵੁੱਡ ਖੇਤਰ ‘ਚ ਇੱਕ 70 ਸਾਲਾ ਸਿੱਖ ਬਜ਼ੁਰਗ, ਹਰਪਾਲ ਸਿੰਘ, ‘ਤੇ ਗਾਲਫ ਕਲੱਬ ਨਾਲ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਗੰਭੀਰ ਸਿਰ ਦੀਆਂ ਚੋਟਾਂ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਇਨਡਿਊਸਡ ਕੋਮਾ ਵਿੱਚ ਰੱਖਿਆ ਗਿਆ ਹੈ।
ਮੰਗਲਵਾਰ ਨੂੰ ਐਲ.ਏ. ਪੁਲਿਸ ਚੀਫ਼ ਜਿਮ ਮੈਕਡੋਨਲ ਨੇ ਦੱਸਿਆ ਕਿ 44 ਸਾਲਾ ਬੋ ਰਿਚਰਡ ਵਿੱਤਾਗਲੀਅਨੋ ਨੂੰ ਮਾਰੂ ਹਥਿਆਰ ਨਾਲ ਹਮਲਾ ਕਰਨ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ, ਸ਼ੱਕੀ ਬੇਘਰ ਹੈ ਅਤੇ ਉਸਦੀ ਪਹਿਚਾਣ 7568 ਲੈਂਕਰਸ਼ਿਮ ਬੁਲੇਵਾਰਡ ‘ਤੇ ਹੋਏ ਹਮਲੇ ਦੀ ਨਿਗਰਾਨੀ ਕੈਮਰੇ ਦੀ ਫੁਟੇਜ ਰਾਹੀਂ ਕੀਤੀ ਗਈ। ਸੋਮਵਾਰ ਸ਼ਾਮ, ਜਦੋਂ ਪੁਲਿਸ ਨੇ ਉਸਨੂੰ ਉਸੇ ਖੇਤਰ ‘ਚ ਸਾਈਕਲ ਚਲਾਉਂਦੇ ਦੇਖਿਆ, ਤਾਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਹਮਲਾ ਉਸ ਸਮੇਂ ਹੋਇਆ ਜਦੋਂ ਹਰਪਾਲ ਸਿੰਘ ਗੁਰਦੁਆਰੇ ਵੱਲ ਜਾ ਰਹੇ ਸਨ। ਪੀੜਤ ਦਾ ਪਰਿਵਾਰ ਅਤੇ ਸਿੱਖ ਭਾਈਚਾਰਾ ਮੰਗ ਕਰ ਰਹੇ ਹਨ ਕਿ ਜੇਕਰ ਇਹ ਹਮਲਾ ਧਾਰਮਿਕ ਜਾਂ ਨਸਲੀ ਨਫਰਤ ਦੇ ਕਾਰਨ ਕੀਤਾ ਗਿਆ ਹੈ ਤਾਂ ਇਸਨੂੰ ਹੇਟ ਕਰਾਈਮ ਵਜੋਂ ਦਰਜ ਕੀਤਾ ਜਾਵੇ।
ਸਥਾਨਕ ਭਾਈਚਾਰਾ ਹਸਪਤਾਲ ਦੇ ਬਾਹਰ ਇਕੱਠਾ ਹੋ ਕੇ ਉਨ੍ਹਾਂ ਦੀ ਜ਼ਲਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਿਹਾ ਹੈ। ਇਹ ਘਟਨਾ ਮੁੜ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ‘ਤੇ ਚਿੰਤਾ ਵਧਾ ਰਹੀ ਹੈ।