ਸੁਖਬੀਰ ਬਾਦਲ ਨੇ ਹਲਕਾ ਖਡੂਰ ਸਾਹਿਬ ਦੇ ਹੜ੍ਹ ਪੀੜਤਾਂ ਲਈ ਭੇਜੀ ਵੱਡੀ ਮਦਦ, ਬ੍ਰਹਮਪੁਰਾ ਨੇ ਮੌਕੇ 'ਤੇ ਵੰਡਿਆ ਡੀਜ਼ਲ ਤੇ ਚਾਰਾ
ਟੁੱਟੇ ਬੰਨ੍ਹਾਂ ਦੀ ਮੁੜ ਉਸਾਰੀ ਲਈ 5000 ਲੀਟਰ ਡੀਜ਼ਲ ਅਤੇ ਪਸ਼ੂਆਂ ਲਈ ਭੇਜਿਆ ਗਿਆ ਵੱਡੀ ਮਾਤਰਾ 'ਚ ਚਾਰਾ :- ਬ੍ਰਹਮਪੁਰਾ
ਤਰਨ ਤਾਰਨ 29 ਸਤੰਬਰ 2025: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਹੜ੍ਹ ਪੀੜਤ ਕਿਸਾਨਾਂ ਦੀ ਬਾਂਹ ਫੜਦਿਆਂ, ਹੜ੍ਹਾਂ ਕਾਰਨ ਟੁੱਟੇ ਬੰਨ੍ਹਾਂ ਨੂੰ ਦੁਬਾਰਾ ਬੰਨ੍ਹਣ ਲਈ 5000 ਲੀਟਰ ਡੀਜ਼ਲ ਅਤੇ ਵੱਡੀ ਗਿਣਤੀ ਵਿੱਚ ਪਸ਼ੂਆਂ ਲਈ ਚਾਰੇ ਦੇ ਟਰੱਕ ਭੇਜੇ ਹਨ। ਪਾਰਟੀ ਪ੍ਰਧਾਨ ਵੱਲੋਂ ਭੇਜੀ ਗਈ ਇਸ ਵੱਡੀ ਰਾਹਤ ਸਮੱਗਰੀ ਨੂੰ ਅੱਜ ਹਲਕਾ ਇੰਚਾਰਜ ਅਤੇ ਪਾਰਟੀ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੱਖ-ਵੱਖ ਪਿੰਡਾਂ ਵਿੱਚ ਮੌਕੇ 'ਤੇ ਜਾ ਕੇ ਲੋੜਵੰਦ ਕਿਸਾਨਾਂ ਨੂੰ ਸੌਂਪਿਆ।
ਇਸ ਮੌਕੇ 'ਤੇ ਸ੍ਰ. ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੀ ਅਸਲ ਹਮਦਰਦ ਪਾਰਟੀ ਹੈ, ਜੋ ਔਖੀ ਘੜੀ ਵਿੱਚ ਹਮੇਸ਼ਾ ਲੋਕਾਂ ਦੇ ਨਾਲ ਖੜ੍ਹਦੀ ਹੈ। ਉਨ੍ਹਾਂ ਕਿਹਾ ਕਿ ਜਦੋਂ 'ਆਪ' ਸਰਕਾਰ ਪੀੜਤਾਂ ਦੀ ਸਾਰ ਲੈਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਉਦੋਂ ਸ੍ਰ. ਬਾਦਲ ਨੇ ਨਿੱਜੀ ਦਿਲਚਸਪੀ ਲੈ ਕੇ ਹਲਕੇ ਦੇ ਦਰਦ ਨੂੰ ਸਮਝਿਆ ਹੈ। ਉਨ੍ਹਾਂ ਸ੍ਰ. ਸਿਕੰਦਰ ਸਿੰਘ ਮਲੂਕਾ, ਜਥੇ: ਗੁਲਜਾਰ ਸਿੰਘ ਰਣੀਕੇ, ਸ੍ਰ. ਮਨਤਾਰ ਸਿੰਘ ਬਰਾੜ, ਸ੍ਰ. ਕੇਵਲ ਸਿੰਘ ਬਾਦਲ ਅਤੇ ਸ੍ਰ. ਗੁਰਚੇਤ ਸਿੰਘ ਢਿੱਲੋਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿੰਨ੍ਹਾਂ ਦੇ ਉੱਦਮ ਸਦਕਾ ਇਹ ਵੱਡੀ ਸਹਾਇਤਾ ਹਲਕੇ ਤੱਕ ਪਹੁੰਚੀ ਹੈ।
ਸ੍ਰ. ਬ੍ਰਹਮਪੁਰਾ ਨੇ ਅੱਜ ਆਪਣੀ ਨਿਗਰਾਨੀ ਹੇਠ ਪਿੰਡ ਧੂੰਦਾ, ਮਾਣਕ ਦੇਕੇ ਅਤੇ ਭੈਲ ਢਾਏ ਵਾਲਾ ਵਿਖੇ ਕਿਸਾਨਾਂ ਨੂੰ ਬੰਨ੍ਹ ਦੀ ਮੁਰੰਮਤ ਲਈ 2500 ਲੀਟਰ ਡੀਜ਼ਲ ਮੌਕੇ 'ਤੇ ਹੀ ਵੰਡਿਆ। ਬਾਕੀ ਦਾ ਡੀਜ਼ਲ ਅਤੇ ਚਾਰਾ ਵੀ ਲੋੜ ਅਨੁਸਾਰ ਬਾਕੀ ਪ੍ਰਭਾਵਿਤ ਪਿੰਡਾਂ ਵਿੱਚ ਜਲਦ ਵੰਡ ਦਿੱਤਾ ਜਾਵੇਗਾ। ਇਸ ਮਦਦ ਲਈ ਸਮੂਹ ਪਾਰਟੀ ਵਰਕਰਾਂ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ।