ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੰਬੋ ਦਾ ਦੇਹਾਂਤ
ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ ,21 ਅਗਸਤ 2025 - ਛੋਟੀ ਉਮਰੇ ਕਬੱਡੀ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਪਿੰਡ ਪੰਜਗਰਾਈਂ ਕਲਾਂ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਪਿੰਦਰ ਸਿੰਘ ਗੋਲੂ ਉਰਫ਼ ਜੰਬੋ ਬਰਾੜ ਪੁੱਤਰ ਬਲੌਰ ਸਿੰਘ ਬਰਾੜ ਦੀ ਅਚਾਨਕ ਮੌਤ ਹੋਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ ਗੋਲੂ ਕਬੱਡੀ ਦਾ ਵਧੀਆ ਖਿਡਾਰੀ ਸੀ ਤੇ ਇਕ ਵਾਰ ਕੈਨੇਡਾ ਦੀ ਧਰਤੀ ਤੇ ਵੀ ਆਪਣੀ ਕਬੱਡੀ ਖੇਡ ਦੇ ਜ਼ੌਹਰ ਦਿਖਾ ਕੇ ਆਇਆ ਸੀ।
ਇਸਨੂੰ ਬਦਕਿਸਮਤੀ ਹੀ ਕਹਾਂਗੇ ਕਿ ਉਹ ਲੰਮਾ ਸਮਾਂ ਕਬੱਡੀ ਦੇ ਖੇਡ ਮੈਦਾਨ ਤੋਂ ਲਾਂਭੇ ਰਿਹਾ। ਗੋਲੂ ਆਪਣੀ ਇੱਛਾ ਸ਼ਕਤੀ ਨਾਲ ਇਕ ਵਾਰ ਫਿਰ ਕਬੱਡੀ ਦੇ ਮੈਦਾਨ ਵੱਲ ਪਰਤਿਆ ਸੀ ਤੇ ਇਸ ਨੇ ਮਾਂ ਖੇਡ ਕਬੱਡੀ ਵਿੱਚ ਮੁਕਾਮ ਹਾਸਲ ਕਰਨ ਲਈ ਉਹ ਕਬੱਡੀ ਕੋਚ ਬਾਜੀ ਜੰਡ ਨੂੰ ਵੀ ਮਿਲਿਆ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅੱਜ ਉਸਦੀ ਉਸਦੇ ਆਪਣੇ ਹੀ ਖੇਤ ਵਿਚ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ । ਇਸ ਨੌਜਵਾਨ ਦੀ ਮੌਤ ਦੀ ਦੁਖਦਾਈ ਖਬਰ ਮਿਲਦਿਆਂ ਹੀ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ।