Exclusive: ਸਿੱਖਿਆ ਕ੍ਰਾਂਤੀ: ਕਬਾੜ ’ਚ ਵਿਕੀਆਂ ਬੱਚਿਆਂ ਨੂੰ ਮੁਫਤ ਵੰਡੀਆਂ ਜਾਣ ਵਾਲੀਆਂ ਪੁਸਤਕਾਂ
ਅਸ਼ੋਕ ਵਰਮਾ
ਬਠਿੰਡਾ, 21 ਅਗਸਤ 2025:ਬਠਿੰਡਾ ਜਿਲ੍ਹੇ ਦੇ ਸੰਗਤ ਮੰਡੀ ’ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੰਡੀਆਂ ਜਾਣ ਵਾਲੀਆਂ ਪਾਠ ਪੁਸਤਕਾਂ ਦਾ ਜਖੀਰਾ ਕਬਾੜੀਏ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਦੀ ਫੂਕ ਕੱਢ ਦਿੱਤੀ ਹੈ। ਇਹ ਕੋਈ ਇਕੱਲੀ ਕਹਿਰੀ ਪੁਸਤਕ ਨਹੀਂ ਬਲਕਿ ਨਵੀਆਂ ਪੁਸਤਕਾਂ ਦੇ ਢੇਰ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪੁਸਤਕਾਂ ਤੇ ਮੁਫਤ ਵੰਡਣ ਸਬੰਧੀ ਲਿਖਿਆ ਹੋਇਆ ਵੀ ਹੈ। ਹਾਲਾਂਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਮਾਮਲੇ ਜਾਂਚ ਉਪਰੰਤ ਕਾਰਵਾਈ ਕਰਨ ਦੀ ਗੱਲ ਕਹਿ ਰਹੇ ਹਨ ਪਰ ਐਨੀ ਵੱਡੀ ਮਾਤਰਾ ’ਚ ਸਰਕਾਰੀ ਕਿਤਾਬਾਂ ਦਾ ਕਬਾੜ ’ਚ ਵਿਕਣਾ ਸਰਕਾਰੀ ਨੀਤੀਆਂ ਨੂੰ ਕਟਹਿਰੇ ’ਚ ਖੜ੍ਹਾ ਕਰਦਾ ਹੈ।

ਫਿਲਹਾਲ ਕਬਾੜੀਆਂ ਇਸ ਮੁੱਦੇ ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਸੂਤਰ ਦੱਸਦੇ ਹਨ ਕਿ ਇਹ ਤਾਂ ਆਟੇ ’ਚ ਲੂਣ ਹੈ ਜਿਸ ਦੀ ਪੁਲਿਸ ਜਾਂਚ ਹੋਵੇ ਤਾਂ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ। ਸੰਗਤ ਮੰਡੀ ਦੇ ਸਮਾਜਸੇਵੀਆਂ ਨੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਵਾਉਣ ਤੋਂ ਬਾਅਦ ਸਬੰਧਤ ਸਕੂਲ ਜਾਂ ਅਧਿਆਪਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਦਾ ਭੇਦ ਉਸ ਵਕਤ ਖੁੱਲਿ੍ਹਆ ਜਦੋਂ ਕਿਸੇ ਵਿਅਕਤੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਵੱਡੀ ਗਿਣਤੀ ’ਚ ਨਵੀਆਂ ਪੁਸਤਕਾਂ ਸੰਗਤ ਮੰਡੀ ਦੇ ਇਕ ਕਬਾੜ ਦਾ ਕੰਮ ਕਰਦੇ ਦੁਕਾਨਦਾਰ ਕੋਲ ਦੇਖੀਆਂ ਗਈਆਂ।
ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਕੀਤੀ ਪੜਤਾਲ ’ਚ ਪਤਾ ਲੱਗਿਆ ਕਿ ਇਹ ਪੁਸਤਕਾਂ ਪਲਾਸਟਿਕ ਦੇ ਗੱਟਿਆਂ ’ਚ ਭਰਕੇ ਇਥੇ ਲਿਆਂਦੀਆਂ ਗਈਆਂ ਜਿੰਨ੍ਹਾਂ ਨੂੰ ਰੱਦੀ ਦੇ ਭਾਅ ਵੇਚ ਦਿੱਤੀਆਂ। ਦੇਖਿਆ ਜਾਏ ਤਾਂ ਇਸ ਤਰਾਂ ਕਰਨ ਨਾਲ ਨਾਂ ਕੇਵਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਬਲਕਿ ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵੀ ਵਾਂਝੇ ਰੱਖਿਆ ਗਿਆ, ਜਿੰਨ੍ਹਾਂ ਨੂੰ ਵੰਡਣ ਲਈ ਇਹ ਕਿਤਾਬਾਂ ਆਈਆਂ ਸਨ। ਕਬਾੜੀਏ ਦੀ ਦੁਕਾਨ ਅੰਦਰ ਖਿੱਲਰੀਆਂ ਪਈਆਂ ਪੁਸਤਕਾਂ ਦੇ ਲੱਗੇ ਢੇਰ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਨਵੀਆਂ ਪੁਸਤਕਾਂ ਦਸਵੀਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਾਲ 2024-25 ਅਤੇ 2025-26 ਦੇ ਸਿਲੇਬਸ ਹਿੰਦੀ, ਪੰਜਾਬੀ, ਗਣਿਤ, ਰਾਜਨੀਤੀ ਸ਼ਾਸਤਰ, ਕੰਪਿਊਟਰ ਸਾਇੰਸ, ਸਮਾਜਿਕ ਵਿਗਿਆਨ, ਬਿਜਨਿਸ ਸਟੱਡੀਜ਼ ਅਤੇ ਸੋਸ਼ਲ ਸਾਇੰਸ ਆਦਿ ਵਿਸ਼ਿਆਂ ਦੀਆਂ ਹਨ।
ਇਹ ਪੁਸਤਕਾਂ ਕਿਸ ਸਕੂਲ ਜਾਂ ਦਫ਼ਤਰ ’ਚੋਂ ਵਿਕਣ ਲਈ ਆਈਆਂ ਸਨ, ਇਸ ਬਾਰੇ ਤਾਂ ਪੱਕਾ ਪਤਾ ਨਹੀਂ ਲੱਗ ਸਕਿਆ ਪਰ ਇਹ ਕਿਸੇ ਸਰਕਾਰੀ ਦਫ਼ਤਰ ਦੀਆਂ ਦੱਸੀਆਂ ਜਾ ਰਹੀਆਂ ਹਨ। ਪੁਸਤਕ ਦੇ ਪਹਿਲੇ ਪੰਨੇ ’ਤੇ ਹੀ ‘ਪੁਸਤਕ ਵਿਕਾਊ ਨਹੀਂ’ ਦੀ ਚਿਤਾਵਨੀ ਵੀ ਛਪੀ ਹੋਈ ਨਜ਼ਰ ਆ ਰਹੀ ਹੈ। ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਜਿੰਨਾਂ ਇਨ੍ਹਾਂ ਕਿਤਾਬਾਂ ਨੂੰ ਵੇਚਣ ਵਾਲਾ ਹੈ ਜਿੰਮੇਂਵਾਰ ਹੈ ਉਨਾਂ ਹੀ ਕਿਤਾਬਾਂ ਖ਼ਰੀਦਣ ਵਾਲਾ ਵੀ ਬਰਾਬਰ ਦਾ ਭਾਈਵਾਲ ਹੈ। ਬਲਾਕ ਸਿੱਖਿਆ ਅਫ਼ਸਰ ਜਗਜੀਤ ਸਿੰਘ ਚੀਮਾ ਅਤੇ ਸਮਾਜਸੇਵੀ ਐਸ.ਐਸ.ਧਾਲੀਵਾਲ ਨੇ ਇਸ ਵਰਤਾਰੇ ਨੂੰ ਸਕੂਲੀ ਵਿਦਿਆਰਥੀਆਂ ਦੀ ਸਿੱਖਿਆ ਤੇ ਡਾਕਾ ਕਰਾਰ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇੰਨ੍ਹਾਂ ਕਿਤਾਬਾਂ ਵੇਚਣ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਕੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉੱਚ ਪੱਧਰੀ ਜਾਂਚ ਹੋਵੇ:ਡੀਟੀਐਫ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਦਾ ਕਹਿਣਾ ਸੀ ਕਿ ਜੇਕਰ ਨਵੇਂ ਸੈਸ਼ਨ ਦੀਆਂ ਕਿਤਾਬਾਂ ਵਿਕੀਆਂ ਹਨ ਤਾਂ ਇਹ ਮਾਮਲਾ ਬੇਹੱਦ ਗੰਭੀਰ ਹੈ ਜਿਸ ਦੀ ਉੱਚ ਪੱਧਰੀ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਿਲੇਬਸ ਬਦਲਣ ਕਾਰਨ ਕਿਤਾਬਾਂ ਬੇਕਾਰਾਂ ਹੋ ਜਾਂਦੀਆਂ ਹਨ ਜਿੰਨ੍ਹਾਂ ਨੇ ਇਸ ਤਰਾਂ ਹੀ ਵੇਚ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੰਜੀਦਗੀ ਅਤੇ ਵਿਦਿਆਰਥੀਆਂ ਨਾਲ ਜੁੜਿਆ ਹੋਣ ਕਰਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਲਈ ਪੜਤਾਲ ਲਾਜਮੀ ਹੈ।
ਬਣਦੀ ਕਾਰਵਾਈ ਕਰਾਂਗੇ:ਡੀਈਓ
ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮਮਤਾ ਖੁਰਾਣਾ ਸੇਠੀ ਦਾ ਕਹਿਣਾ ਸੀ ਕਿ ਉਹ ਕਮੇਟੀ ਬਣਾਕੇ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਨਾਉਣਗੇ। ਉਨ੍ਹਾਂ ਕਿਹਾ ਕਿ ਇੰਜ ਸਰਕਾਰੀ ਸਕੂਲਾਂ ’ਚ ਮੁਫਤ ਵੰਡੀਆਂ ਜਾਣ ਵਾਲੀਆਂ ਕਿਤਾਬਾਂ ਦਾ ਕਬਾੜ ’ਚ ਵਿਕਣਾ ਚਿੰਤਾ ਦਾ ਵਿਸ਼ਾ ਹੈ ਇਸ ਲਈ ਜੇਕਰ ਪੜਤਾਲੀਆ ਰਿਪੋਰਟ ’ਚ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ।