Babushahi Special ਵਕਤ ਦੀ ਦੌੜ ਦੌਰਾਨ ਪੁਲਿਸ ਦੀ ਬੁੱਧੀਮਾਨੀ ਨੂੰ ਚੁਣੌਤੀ ਦੇਣ ਵਾਲੇ ਖੋਜੀਆਂ ਦੀ ਪਛੜੀ ਪੈੜ
ਅਸ਼ੋਕ ਵਰਮਾ
ਬਠਿੰਡਾ,21ਅਗਸਤ 2025: ਕਦੇ ਪੁਲਿਸ ਦੀ ਬੁੱਧੀਮਾਨੀ ਨੂੰ ਚੁਣੌਤੀ ਦੇ ਕੇ ਸਿਰਫ ਪੈਰਾਂ ਦੀ ਪੈੜ ਸਹਾਰੇ ਅਪਰਾਧੀਆਂ ਦਾ ਖੁਰਾ ਖੋਜ ਕੱਢਣ ਵਾਲੇ ਖੋਜੀਆਂ ਦੀ ਇਸ ਨਵੇਂ ਦੌਰ ਦੌਰਾਨ ਆਪਣੀਆਂ ਹੀ ਪੈੜਾਂ ਵਕਤ ਦੀ ਗਰਦਿਸ਼ ’ਚ ਗੁਆਚ ਗਈਆਂ ਹਨ। ਇੰਨ੍ਹਾਂ ਖੋਜੀਆਂ ਦੀ ਕਲਾਤਮਕ ਸ਼ੈਲੀ ਦਾ ਕਮਾਲ ਸੀ ਕਿ ਉਹ ਸਿਰਫ ਪੈੜਾਂ ਦੀ ਸ਼ਨਾਖਤ ਕਰਕੇ ਚੋਰਾਂ ਦੀ ਪੈੜ ਨੱਪ ਲੈਂਦੇ ਸਨ। ਇੱਥੋਂ ਤੱਕ ਕਿ ਕਈ ਖੋਜੀ ਤਾਂ ਪੈੜਾਂ ਸਹਾਰੇੇ ਚੋਰ ਦੀ ਸਰੀਰਕ ਬਣਤਰ ਬਾਰੇ ਵੀ ਦੱਸ ਦਿੰਦੇ ਸਨ ਜਿਸ ਨੂੰ ਦੇਖਕੇ ਖੁਦ ਨੂੰ ਖੱਬੀਖਾਨ ਸਮਝਣ ਵਾਲੇ ਪੁਲਿਸ ਅਧਿਕਾਰੀ ਵੀ ਉੱਗਲਾਂ ਟੁੱਕਣ ਲੱਗ ਜਾਂਦੇ ਸਨ । ਜਦੋਂ ਨਵਾਂ ਜ਼ਮਾਨਾਂ ਆ ਗਿਆ ਤਾਂ ਚੋਰ ਵੀ ਚਲਾਕ ਹੋ ਗਏ ਜਿਸ ਕਰਕੇ ਖੋਜੀਆਂ ਦੀ ਤਕਨੀਕ ਵੀ ਕੰਮ ਆਉਣੋ ਹਟ ਗਈ ਜਦੋਂਕਿ ਦੁਸ਼ਮਣੀਆਂ ਪੈਣ ਦੇ ਡਰੋਂ ਵੀ ਵੱਡੀ ਗਿਣਤੀ ਖੋਜੀਆਂ ਨੇ ਖੋਜ ਕਲਾ ਨੂੰ ਤਿਆਗਣਾ ਮੁਨਾਸਿਬ ਸਮਝਿਆ ਹੈ।
ਦਰਅਸਲ ਖੋਜੀਆਂ ਦੇ ਸਫਲ ਹੋਣ ਦਾ ਅਹਿਮ ਕਾਰਨ ਪਹਿਲਾਂ ਪਿੰਡਾਂ ਨੂੰ ਮਿਲਾਉਣ ਵਾਲੇ ਰਾਹਾਂ ਅਤੇ ਫਿਰਨੀਆਂ ਦਾ ਕੱਚੀਆਂ ਹੋਣਾ ਸੀ। ਜਦੋਂ ਕੋਈ ਵੀ ਵਾਰਦਾਤ ਹੁੰਦੀ ਤਾਂ ਪੈੜ ਪਛਾਣਨ ਦਾ ਕੰਮ ਵੀ ਸੁਖਾਲਾ ਹੁੰਦਾ ਸੀ। ਸੜਕਾਂ, ਰਸਤੇ ਅਤੇ ਗਲੀਆਂ ਆਦਿ ਪੱਕੀਆਂ ਹੋਣ ਕਾਰਨ ਪੈੜਾਂ ਸਬੰਧੀ ਪਤਾ ਲਾਉਣ ਵਿੱਚ ਵੀ ਮੁਸ਼ਕਲਾਂ ਹੀ ਨਹੀਂ ਆਉਣ ਲੱਗੀਆਂ ਬਲਕਿ ਵਕਤ ਦਰ ਵਕਤ ਇਹ ਕੰਮ ਅਸੰਭਵ ਹੁੰਦਾ ਚਲਾ ਗਿਆ। ਦੇਖਣ ’ਚ ਆਇਆ ਕਿ ਬਹੁਤੇ ਖੋਜੀ ਉਮਰ ਨਾਲ ਰੱਬ ਨੂੰ ਪਿਆਰੇ ਹੋ ਗਏ ਜਦੋਂਕਿ ਕਈਆਂ ਨੇ ਕਾਫੀ ਸਮਾਂ ਪਹਿਲਾਂ ਹੀ ਕਿੱਤਾ ਤਿਆਗ ਦਿੱਤਾ । ਪੁਰਾਤਨ ਵੇਲਿਆਂ ’ਚ ਇਹ ਕੰਮ ਪੁਸ਼ਤੈਨੀ ਹੁੰਦਾ ਸੀ ਅਤੇ ਜਦੋਂ ਪਹਿਲਾਂ ਵਾਲਾ ਸਮਾਂ ਨਾਂ ਰਿਹਾ ਅਤੇ ਨਾ ਹੀ ਭਲੇ ਦਿਨ ਤਾਂ ਖੋਜੀਆਂ ਦੀ ਅਗਲੀ ਪੀੜ੍ਹੀ ਇਸ ਪੇਸ਼ੇ ਤੋਂ ਪਾਸਾ ਵੱਟ ਗਈ ਬਲਕਿ ਨਵਾਂ ਪੋਚ ਤਾਂ ਇਸ ਤਕਨੀਕ ਦੇ ਨਾਂ ਤੋਂ ਵੀ ਅਣਭਿੱਜ ਹੈ।
ਬਠਿੰਡਾ ਜਿਲ੍ਹੇ ਦੇ ਕਸਬਾ ਫੂਲ ’ਚ ਪਰਜਾਪਤ ਸਮਾਜ ਨਾਲ ਸਬੰਧ ਰੱਖਣ ਵਾਲਾ ਖੋਜੀ ਬੇਸ਼ੱਕ ਹੁਣ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ ਪਰ ਉਸ ਦੀ ਤਕਨੀਕ ਨੂੰ ਦੇਖਕੇ ਵੱਡੇ ਵੱਡੇ ਪੁਲਿਸ ਅਧਿਕਾਰੀ ਦੰਗ ਰਹਿ ਜਾਂਦੇ ਸਨ। ਇਸ ਖੋਜੀ ਦੇ ਦਾਦੇ ਅਤੇ ਤਾਏ ਨੂੰ ਵੀ ਪੈੜਾਂ ਦੀ ਪਛਾਣ ਕਰਨ ’ਚ ਮੁਹਾਰਤ ਹਾਸਲ ਸੀ। ਇਸੇ ਤਰਾਂ ਹੀ ਰਾਮਪੁਰਾ ਹਲਕੇ ਦੇ ਪਿੰਡ ਕੋਠਾ ਗੁਰੂ ਦਾ ਖੋਜੀ ਵੀ ਮਸ਼ਹੂਰ ਹੁੰਦਾ ਸੀ ਜਿਸ ਨੇ ਆਪਣੇ ਦੌਰ ਦੌਰਾਨ ਕਈ ਵੱਡੀਆਂ ਚੋਰੀਆਂ ਦਾ ਸੁਰਾਗ ਲਾਉਣ ’ਚ ਪੁਲਿਸ ਦੀ ਸਹਾਇਤਾ ਕੀਤੀ ਸੀ। ਪਿੰਡ ਮੰਡੀ ਕਲਾਂ ਦੇ ਜੋਗਿੰਦਰ ਸਿੰਘ ਖੋਜੀ ਦਾ ਤਾਂ ਕੋਈ ਸਾਨੀ ਹੀ ਨਹੀਂ ਸੀ ਜਿਸ ਨੇ ਇੱਕ ਸਾਬਕਾ ਮੰਤਰੀ ਦੇ ਕੋਲਡ ਸਟੋਰ ਵਿੱਚ ਹੋਈ ਚੋਰੀ ਦੇ ਗੁਨਾਂਹਗਾਰਾਂ ਦੀ ਝੱਟ ਸ਼ਿਨਾਖਤ ਕਰ ਲਈ ਅਤੇ ਪੁਲਿਸ ਨੂੰ ਫੜਾ ਦਿੱਤੇ ਜਦੋਂਕਿ ਸੂਹੀਆ ਕੁੱਤੇ ਇਸ ਕੰਮ ’ਚ ਫੇਲ੍ਹ ਰਹੇ ਸਨ।
ਇਹ ਵੀ ਜਿਕਰ ਕਰਨਾ ਕਿਸੇ ਦਿਲਚਸਪੀ ਤੋਂ ਘੱਟ ਨਹੀਂ ਹੋਵੇਗਾ ਕਿ ਇਹੀ ਚੋਰ ਕੁਝ ਸਮਾਂ ਪਹਿਲਾਂ ਇੱਕ ਕਤਲ ਕਰਕੇ ਫਰਾਰ ਹੋ ਗਏ ਸਨ। ਤਤਕਾਲੀ ਪੁਲੀਸ ਅਫਸਰ ਨੇ ਖੁਸ਼ ਹੋ ਕੇ ਉਸ ਨੂੰ ਇਨਾਮ ਦੇ ਤੌਰ ’ਤੇ ਰਾਈਫਲ ਦਿੱਤੀ ਸੀ ਜਿਸ ਤੋਂ ਬਾਅਦ ਜੋਗਿੰਦਰ ਸਿੰਘ ਦੀ ਚਰਚਾ ਦੂਰ ਦੁਰਾਡੇ ਤੱਕ ਹੋਣ ਲੱਗ ਪਈ। ਦੱਸਣਯੋਗ ਹੈ ਕਿ ਪੁਰਾਣੇ ਸਮਿਆਂ ਦੌਰਾਨ ਡਾਕਿਆਂ ਦਾ ਰੁਝਾਨ ਜ਼ਿਆਦਾ ਸੀ ਜਾਂ ਫਿਰ ਇੱਕ ਖਾਸ ਫਿਰਕੇ ਨਾਲ ਸਬੰਧਤ ਲੋਕਾਂ ਵੱਲੋਂ ਮੱਝਾਂ, ਗਾਵਾਂ ਅਤੇ ਸੋਨਾ ਚਾਂਦੀ ਆਦਿ ਦੀਆਂ ਚੋਰੀਆਂ ਵੱਧ ਕੀਤੀਆਂ ਜਾਂਦੀਆਂ ਸਨ। ਵੱਡੀ ਗੱਲ ਇਹ ਵੀ ਹੈ ਕਿ ਉਸ ਵਕਤ ਪੁਲਿਸ ਕੋਲ ਅੱਜ ਦੀ ਤਰਾਂ ਫਿਗਰ ਪ੍ਰਿੰਟ ਤਕਨੀਕ ਸਮੇਤ ਹੋਰ ਤਕਨੀਕਾਂ ਨਹੀਂ ਸਨ। ਇਸ ਕਰਕੇ ਉਦੋਂ ਪੁਲਿਸ ਦੀ ਜਿਆਦਾਤਰ ਟੇਕ ਖੋਜੀਆਂ ਤੇ ਹੀ ਹੁੰਦੀ ਜੋ ਪੈੜ ਨੂੰ ਦੇਖਦਿਆਂ ਪਛਾਣ ਕਰ ਲੈਂਦੇ ਸਨ ਕਿ ਚੋਰੀ ਪਿੱਛੇ ਕੌਣ ਹੈ ।
ਕਈ ਖੋਜੀ ਤਾਂ ਏਦਾਂ ਦੇ ਵੀ ਸਨ ਜਿੰਨ੍ਹਾਂ ਨੂੰ ਇਲਾਕੇ ਦੇ ਪਿੰਡਾਂ ’ਚ ਆਉਣ ਜਾਣ ਕਰਕੇ ਇਹ ਮੁਹਾਰਤ ਵੀ ਹਾਸਲ ਹੁੰਦੀ ਸੀ ਕਿ ਪਿੰਡ ’ਚ ਕੌਣ ਕੌਣ ਚੋਰੀਆਂ ਕਰਦਾ ਹੈ। ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਈ ਖੋਜੀਆਂ ਦੀ ਤੀਖਣ ਬੁੱਧੀ ਦਾ ਹੀ ਕਮਾਲ ਸੀ ਕਿ ਉਹ ਪੈੜਾਂ ਤੋਂ ਇਹ ਅਨੁਮਾਨ ਲਗਾ ਲੈਂਦੇ ਸਨ ਕਿ ਚੋਰ ਕਿਹੋ ਜਿਹੇ ਹਨ ਜੋਕਿ ਅਕਸਰ ਸਹੀ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਨਸ਼ਿਆਂ ਕਾਰਨ ਹੁਣ ਜ਼ਿਆਦਾਤਰ ਲੁੱਟਾਂ-ਖੋਹਾਂ ਹੁੰਦੀਆਂ ਹਨ ਅਤੇ ਨਸ਼ੇੜੀਆਂ ਵੱਲੋਂ ਚੰਦ ਪੈਸਿਆਂ ਦੇ ਲਾਲਚ ਵਿੱਚ ਹੀ ਬੰਦੇ ਦਾ ਕਤਲ ਕਰ ਦਿੰਦੇ ਹਨ ਜੋ ਖੋਜੀਆਂ ਦੇ ਦਾਇਰੇ ਤੋਂ ਬਾਹਰਲਾ ਕੰਮ ਹੈ। ਉਨ੍ਹਾਂ ਦੱਸਿਆ ਕਿ ਹੁਣ ਅਪਰਾਧੀ ਹਥਿਆਰਾਂ, ਮਸ਼ੀਨਰੀ ਤੇ ਮੋਬਾਇਲ ਫੋਨ ਦੀ ਵਰਤੋਂ ਕਰਦੇ ਹਨ ਜਿਸ ਨੇ ਪੁਲਿਸ ਤਾਂ ਕਾਫੀ ਹੱਦ ਤੱਕ ਸੁਖਾਲੀ ਕਰ ਦਿੱਤੀ ਪਰ ਖੋਜ ਕਲਾ ਨੂੰ ਖੋਰਾ ਲਾ ਦਿੱਤਾ ਹੈ।
ਖੋਜੀ ਦੀ ਅੱਲ ਵੀ ਪੈਂਦੀ
ਮਹਿਰਾਜ ਦੇ ਇੱਕ ਪ੍ਰੀਵਾਰ ਦੇ ਨਾਮ ਨਾਲ ਖੋਜੀ ਦੀ ਅੱਲ ਪੈਂਦੀ ਹੈ ਇਹੋ ਵਰਤਾਰਾ ਫਿਰੋਜਪੁਰ ਜਿਲ੍ਹੇ ’ਚ ਵੀ ਸਾਹਮਣੇ ਆਇਆ ਹੈ। ਫਰੀਦਕੋਟ ਜਿਲ੍ਹੇ ਦੇ ਕਈ ਪਿੰਡਾਂ ’ਚ ਖੋਜੀਆਂ ਨੂੰ ਪਸ਼ੂਆਂ ਦੀਆਂ ਚੋਰੀਆਂ ਸਬੰਧੀ ਮੁਹਾਰਤ ਹਾਸਲ ਸੀ ਜਦੋਂਕਿ ਕਈ ਗਹਿਣਿਆਂ ਦੀ ਪੈੜ ਸੁੰਘਣ ’ਚ ਮਾਹਿਰ ਸਨ। ਕਦੀ ਗੰਡਾ ਸਿੰਘ ਰੜ੍ਹ ਵਾਲਾ,ਮਹਿੰਦਰ ਸਿੰਘ ਕੋਟਸ਼ਮੀਰ ਅਤੇ ਗੋਬਿੰਦਪੁਰੇ ਦੇ ਖੋਜੀ ਮਸ਼ਹੂਰ ਸਨ। ਚੰਗੇ ਖੋਜੀ ਦਾ ਪੁਲਿਸ ਵੀ ਪੂਰਾ ਸਤਿਕਾਰ ਕਰਦੀ ਸੀ। ਕਈ ਥਾਣੇਦਾਰ ਤਾਂ ਖੋਜੀਆਂ ਨੂੰ ਕੁਰਸੀ ਦਿੰਦੇ ਅਤੇ ਮਾਣ ਤਾਣ ਵੀ ਕਰਦੇ ਸਨ।