Lady ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੁਲਿਸ ਦਾ ਪੀਲਾ ਪੰਜਾ
- ਦੁਕਾਨਾਂ ਤੇ ਘਰ ਕੀਤਾ ਢੈ ਢੇਰੀ
ਦੀਪਕ ਜੈਨ
ਜਗਰਾਉਂ, 6 ਜੁਲਾਈ 2025 - ਅੱਜ ਜਗਰਾਉਂ ਸ਼ਹਿਰ ਵਿੱਚ ਤੀਜੀ ਵਾਰ ਪੀਲਾ ਪੰਜਾ ਚਲਾਇਆ ਗਿਆ। ਇੱਕ ਵਾਰ ਫਿਰ ਅੱਜ ਦੀ ਇਹ ਕਾਰਵਾਈ ਲੁਧਿਆਣਾ ਦਿਹਾਤੀ ਪੁਲਿਸ ਅਤੇ ਨਗਰ ਕੌਂਸਲ ਦੀਆਂ ਸਾਂਝੀਆਂ ਟੀਮਾਂ ਵੱਲੋਂ ਅਮਲ ਵਿੱਚ ਲਿਆਂਦੀ ਗਈ। ਦੱਸ ਦਈਏ ਕਿ ਸਥਾਨਕ ਰਾਣੀ ਵਾਲਾ ਖੂਹ ਦੀ ਰਹਿਣ ਵਾਲੀ ਇੱਕ ਮਹਿਲਾ ਨਸ਼ਾ ਤਸਕਰ ਦੇ ਘਰ ਤੇ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੀਲਾ ਪੰਜਾ ਚਲਾਇਆ ਗਿਆ।
ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅਤੇ ਇਸੇ ਮੁਹਿੰਮ ਨੂੰ ਜਾਰੀ ਰੱਖਦਿਆਂ ਹੋਇਆਂ ਅੱਜ ਇੱਕ ਵਾਰ ਫਿਰ ਲੁਧਿਆਣਾ ਦਿਹਾਤੀ ਪੁਲਿਸ ਅਤੇ ਨਗਰ ਕੌਂਸਲ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਹੋਇਆਂ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਅੰਮ੍ਰਿਤਪਾਲ ਕੌਰ ਉਰਫ ਚੀਨੂ ਵਾਸੀ ਰਾਣੀ ਵਾਲਾ ਖੂਹ ਜਗਰਾਉਂ ਦੀ ਪ੍ਰਾਪਟੀ ਜੋ ਕਿ ਉਸ ਵੱਲੋਂ ਨਗਰ ਕੌਂਸਲ ਦੀ ਜਗ੍ਹਾ ਉੱਤੇ ਨਜਾਇਜ਼ ਉਸਾਰੀ ਕਰਕੇ ਬਣਾਈ ਗਈ ਸੀ ਤੇ ਪੀਲਾ ਪੰਜਾ ਚਲਾ ਕੇ ਢਾਹ ਢੇਰੀ ਕੀਤਾ ਗਿਆ ਹੈ ਹੈ।
ਉਹਨਾਂ ਦੱਸਿਆ ਕਿ ਇਸ ਮਹਿਲਾ ਨਸ਼ਾ ਤਸਕਰ ਉਪਰ ਐਨਡੀਪੀਐਸ ਐਕਟ ਦੇ ਤਹਿਤ ਚਾਰ ਮਾਮਲੇ ਦਰਜ ਹਨ। ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਸੁਖਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਅੰਮ੍ਰਿਤਪਾਲ ਕੌਰ ਉਰਫ ਚੀਨੂ ਜਿਸ ਵੱਲੋਂ ਨਗਰ ਕੌਂਸਲ ਦੀ ਜਗ੍ਹਾ ਉੱਤੇ ਨਜਾਇਜ਼ ਉਸਾਰੀ ਕਰਕੇ ਬਿਲਡਿੰਗ ਖੜੀ ਕੀਤੀ ਹੋਈ ਸੀ ਅੱਜ ਨਗਰ ਕੌਂਸਲ ਵੱਲੋਂ ਪੁਲਿਸ ਦੇ ਸਹਿਯੋਗ ਦੇ ਨਾਲ ਨਗਰ ਕੌਂਸਲ ਦੀ ਜਗ੍ਹਾ ਨੂੰ ਖਾਲੀ ਕਰਵਾ ਕੇ ਕਬਜ਼ਾ ਲੈਣ ਦੇ ਲਈ ਜੇਸੀਬੀ ਮਸ਼ੀਨ ਨਾਲ ਢਾਹ ਢੇਰੀ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਦੀ ਇਹ ਕਾਰਵਾਈ ਪੂਰੀ ਤਰਹਾਂ ਕਾਨੂੰਨੀ ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਕਾਨੂੰਨ ਦੇ ਤਹਿਤ ਕੀਤੀ ਗਈ ਹੈ।